ਭਾਜਪਾ ਸਰਕਾਰ ਦੇ 100 ਦਿਨ: ਵਿਰੋਧੀ ਧਿਰ ਨੇ ਦਿੱਲੀ ਸਰਕਾਰ ਨੂੰ ਘੇਰਿਆ
ਪੱਤਰ ਪ੍ਰੇਰਕ
ਨਵੀਂ ਦਿੱਲੀ, 29 ਮਈ
ਦਿੱਲੀ ਵਿੱਚ 27 ਸਾਲਾਂ ਬਾਅਦ ਸੱਤਾ ਵਿੱਚ ਆਈ ਭਾਜਪਾ ਦੀ ਸੂਬਾ ਸਰਕਾਰ ਮੁੱਖ ਮੰਤਰੀ ਰੇਖਾ ਗੁਪਤਾ ਦੀ ਅਗਵਾਈ ਹੇਠ 100 ਦਿਨ ਪੂਰੇ ਕਰਨ ਜਾ ਰਹੀ ਹੈ। ਭਾਜਪਾ ਨੇ ਇਸ ਸਬੰਧ ਵਿੱਚ ਦਿੱਲੀ ਅੰਦਰ ਕਈ ਪ੍ਰੋਗਰਾਮ ਉਲੀਕੇ ਹਨ ਅਤੇ ਆਪਣੇ 100 ਦਿਨ ਦੇ ਕਾਰਜਾਂ ਦੀ ਰੂਪ ਰੇਖਾ ਦਿੱਲੀ ਦੇ ਲੋਕਾਂ ਸਾਹਮਣੇ ਪੇਸ਼ ਕਰਨ ਦਾ ਇਰਾਦਾ ਜ਼ਾਹਿਰ ਕੀਤਾ ਹੈ। ਦੂਜੇ ਪਾਸੇ ਵਿਰੋਧੀ ਧਿਰ ਵੱਲੋਂ ਇਨ੍ਹਾਂ ਸੌ ਦਿਨਾਂ ਨੂੰ ਦਿੱਲੀ ਸਰਕਾਰ ਦੀ ਹਰ ਪੱਖ ਤੋਂ ਨਾਕਾਮੀ ਵਜੋਂ ਦੇਖਿਆ ਜਾ ਰਿਹਾ ਹੈ। ਦਿੱਲੀ ਦੇ ਸਾਬਕਾ ਉਪ ਮੁੱਖ ਮੰਤਰੀ ਅਤੇ ਪੰਜਾਬ ਆਮ ਆਦਮੀ ਪਾਰਟੀ ਦੇ ਇੰਚਾਰਜ ਮਨੀਸ਼ ਸਿਸੋਦੀਆ ਨੇ ਐਕਸ ਉੱਪਰ ਕਿਹਾ, ‘ਭਾਜਪਾ ਨੇ ਦਿੱਲੀ ਵਿੱਚ ਪੁਲੀਸ, ਪੈਸੇ ਅਤੇ ਹਰ ਤਰ੍ਹਾਂ ਦੇ ਸਾਧਨਾਂ ਨਾਲ ਸਰਕਾਰ ਬਣਾਈ। ਫਿਰ ਵੀ ਜਨਤਾ ਨੂੰ ਇੱਕ ਉਮੀਦ ਸੀ ਕਿ ਸਰਕਾਰ ਬਣ ਗਈ ਹੈ, ਇਹ ਕੁਝ ਕੰਮ ਕਰੇਗੀ ਪਰ ਸਿਰਫ਼ 100 ਦਿਨਾਂ ਵਿੱਚ ਭਾਜਪਾ ਨੇ ਉਸ ਭਰੋਸੇ ਨੂੰ ਤੋੜ ਦਿੱਤਾ ਹੈ।’
ਉਨ੍ਹਾਂ ਕਿਹਾ ਕਿ ‘ਆਪ’ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਦੀ ਅਗਵਾਈ ਵਿੱਚ ਜੋ ਵੀ ਚੰਗਾ ਕੀਤਾ ਗਿਆ ਸੀ, ਭਾਜਪਾ ਨੇ ਉਸ ਨੂੰ ਖਰਾਬ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਹੁਣ ਬਿਜਲੀ ਮਹਿੰਗੀ ਹੋ ਗਈ ਹੈ, ਦਿਨ-ਰਾਤ ਬਿਜਲੀ ਦੇ ਕੱਟ ਝੱਲਣੇ ਪੈ ਰਹੇ ਹਨ, ਪਾਣੀ ਦੇ ਕੱਟ ਆਮ ਹੋ ਗਏ ਹਨ, ਮੁਹੱਲਾ ਕਲੀਨਿਕ ਬੰਦ ਕੀਤੇ ਜਾ ਰਹੇ ਹਨ, ਨਿੱਜੀ ਸਕੂਲਾਂ ਦੀਆਂ ਫੀਸਾਂ ਵਧਾ ਦਿੱਤੀਆਂ ਗਈਆਂ ਹਨ, ਸਰਕਾਰੀ ਸਕੂਲਾਂ ਨੂੰ ਤਾਲੇ ਲੱਗੇ ਹੋਏ ਹਨ ਅਤੇ ਸਾਰੇ ਵਾਅਦੇ ਸਿਰਫ਼ ਬਿਆਨਬਾਜ਼ੀ ਸਾਬਤ ਹੋਏ ਹਨ। ਉਨ੍ਹਾਂ ਵਿਅੰਗ ਕੀਤਾ ਕਿ ਇਹ 100 ਦਿਨ ਸੱਤਾ ਦੀ ਕਹਾਣੀ ਨਹੀਂ, ਸਗੋਂ ਜਨਤਾ ਨਾਲ ਵਿਸ਼ਵਾਸਘਾਤ ਦੀ ਕਹਾਣੀ ਹੈ। ‘ਆਪ’ ਦੀ ਸੀਨੀਅਰ ਆਗੂ ਅਤੇ ਦਿੱਲੀ ਵਿਧਾਨ ਸਭਾ ਦੀ ਵਿਰੋਧੀ ਧਿਰ ਦੀ ਨੇਤਾ ਆਤਿਸ਼ੀ ਨੇ ਕਿਹਾ ਕਿ ਰੇਖਾ ਗੁਪਤਾ ਦੀ ਸਰਕਾਰ ਸ਼ਹਿਰ ਦੇ ਲੋਕਾਂ ਲਈ ਹਰ ਮੋਰਚੇ ’ਤੇ ਅਸਫਲ ਰਹੀ ਹੈ ਚਾਹੇ ਇਹ ਬਿਜਲੀ, ਪਾਣੀ, ਸਿੱਖਿਆ ਅਤੇ ਜਨਤਕ ਭਲਾਈ ਕਿਉਂ ਨਾ ਹੋਵੇ। ‘ਆਪ’ ਦੇ ਸੂਬਾ ਪ੍ਰਧਾਨ ਸੌਰਭ ਭਾਰਦਵਾਜ ਨੇ ਦਿੱਲੀ ਸਰਕਾਰ ਬਣਾਉਣ ਤੋਂ ਪਹਿਲਾਂ ਭਾਜਪਾ ਵੱਲੋਂ ਕੀਤੇ ਵਾਅਦਿਆਂ ਤੇ ਮੌਜੂਦਾ ਹਾਲਾਤ ਦੀ ਉਦਾਹਰਣ ਦੇ ਕੇ ਕਿਹਾ ਕਿ ਰੇਖਾ ਗੁਪਤਾ ਦੀ ਸਰਕਾਰ ਨਾਕਾਮ ਸਰਕਾਰ ਸਿੱਧ ਹੋਈ ਹੈ।
ਭਾਜਪਾ ਨੇ 100 ਦਿਨਾਂ ਦੀਆਂ ਪ੍ਰਾਪਤੀਆਂ ਗਿਣਾਈਆਂ
ਨਵੀਂ ਦਿੱਲੀ (ਮਨਧੀਰ ਦਿਓਲ): ਦਿੱਲੀ ਭਾਜਪਾ ਪ੍ਰਧਾਨ ਵਰਿੰਦਰ ਸਚਦੇਵਾ ਨੇ ਅੱਜ ਇੱਕ ਪ੍ਰੈਸ ਕਾਨਫਰੰਸ ਦੌਰਾਨ ਕਿਹਾ ਕਿ ਅਰਵਿੰਦ ਕੇਜਰੀਵਾਲ ਸਰਕਾਰ ਦੇ ਦਸ ਸਾਲਾਂ ਦੇ ਕੁਸ਼ਾਸਨ ਮਗਰੋਂ ਲੋਕਾਂ ਨੇ ਫਰਵਰੀ ਵਿੱਚ ਪੂਰੀ ਬਹੁਮਤ ਨਾਲ ਦਿੱਲੀ ਦੇ ਵਿਕਾਸ ਦੀ ਜ਼ਿੰਮੇਵਾਰੀ ਭਾਜਪਾ ਨੂੰ ਸੌਂਪ ਦਿੱਤੀ। ਉਨ੍ਹਾਂ ਕਿਹਾ ਕਿ ਕੱਲ੍ਹ ਦਿੱਲੀ ਵਿੱਚ ਮੌਜੂਦਾ ਭਾਜਪਾ ਸਰਕਾਰ 100 ਦਿਨਾਂ ਦਾ ਆਪਣਾ ਕਾਰਜਕਾਲ ਪੂਰਾ ਕਰਨ ਜਾ ਰਹੀ ਹੈ। ਦਸ ਸਾਲਾਂ ਦੇ ਕੁਸ਼ਾਸਨ ਤੋਂ ਬਾਅਦ ਸੱਤਾ ਵਿੱਚ ਆਈ ਸਰਕਾਰ ਦੇ ਕੰਮ ਦਾ ਮੁਲਾਂਕਣ ਕਰਨ ਲਈ 100 ਦਿਨ ਬਹੁਤ ਘੱਟ ਹਨ, ਪਰ ਇਹ ਖੁਸ਼ੀ ਦੀ ਗੱਲ ਹੈ ਕਿ ਭਾਜਪਾ ਸਰਕਾਰ ਇਸ ਥੋੜ੍ਹੇ ਸਮੇਂ ਵਿੱਚ ਇੱਕ ਸਕਾਰਾਤਮਕ ਸਰਕਾਰ ਦੀ ਦਿੱਖ ਬਣਾਉਣ ਵਿੱਚ ਸਫਲ ਹੋਈ ਹੈ। ਦਿੱਲੀ ਭਾਜਪਾ ਪ੍ਰਧਾਨ ਨੇ ਕਿਹਾ ਕਿ ਮੁੱਖ ਮੰਤਰੀ ਰੇਖਾ ਗੁਪਤਾ ਸਰਕਾਰ ਦੀ ਸਭ ਤੋਂ ਵੱਡੀ ਪ੍ਰਾਪਤੀ ਇਹ ਹੈ ਕਿ ਜਿੱਥੇ ਅਰਵਿੰਦ ਕੇਜਰੀਵਾਲ ਆਪਣੀਆਂ ਨਾਕਾਮੀਆਂ ਨੂੰ ਛੁਪਾਉਣ ਲਈ ਕੇਂਦਰ ਸਰਕਾਰ, ਭਾਜਪਾ ਅਤੇ ਅਧਿਕਾਰੀਆਂ ’ਤੇ ਦੋਸ਼ ਲਗਾਉਣ ਦੀ ਨਾ ਪੱਖੀ ਸਿਆਸਤ ਕਰਦੇ ਸਨ, ਉੱਥੇ ਭਾਜਪਾ ਸਰਕਾਰ ਦਿੱਲੀ ਵਾਸੀਆਂ ਦੀ ਹਰ ਸਮੱਸਿਆ ’ਤੇ ਕੰਮ ਕਰ ਰਹੀ ਹੈ ਅਤੇ ਇਸਦਾ ਕੰਮ ਉਸਦੀ ਪਛਾਣ ਬਣ ਰਿਹਾ ਹੈ। ਉਨ੍ਹਾਂ ਕਿਹਾ ਕਿ ਦਿੱਲੀ ਸਰਕਾਰ ਭਲਕੇ ਭਵਿੱਖੀ ਖਾਕਾ ਪੇਸ਼ ਕਰੇਗੀ। ਉਨ੍ਹਾਂ ਕਿਹਾ ਕਿ ਆਯੂਸ਼ਮਾਨ ਭਾਰਤ ਕਾਰਡ ਜਾਰੀ ਕਰਕੇ ਬਜ਼ੁਰਗਾਂ ਨੂੰ ਦਸ ਲੱਖ ਦਾ ਸਿਹਤ ਕਵਰ ਦੇਣਾ, ਦਿੱਲੀ ਨੂੰ ਇੱਕ ਲੱਖ ਕਰੋੜ ਦਾ ਮੈਗਾ ਵਿਕਾਸ ਬਜਟ ਦੇਣਾ, ਯਮੁਨਾ ਦੀ ਸਫਾਈ ਲਈ ਵਚਨਬੱਧ ਅਤੇ ਯਮੁਨਾ ਵਿੱਚ ਡਿੱਗਣ ਵਾਲੀਆਂ ਨਾਲੀਆਂ ’ਤੇ ਪਾਣੀ ਟਰੀਟਮੈਂਟ ਪਲਾਂਟ ਲਗਾਉਣ ਲਈ ਬਜਟ ਅਲਾਟ ਕਰਨ ਵਰਗੇ ਅਹਿਮ ਕਦਮ ਹਨ। 400 ਦੇਵੀ ਯੋਜਨਾ ਬੱਸਾਂ ਚਲਾ ਕੇ ਪ੍ਰਬੰਧ ਕੀਤਾ ਗਿਆ, ਦਿੱਲੀ ਜਲ ਬੋਰਡ ਦੇ ਟੈਂਕਰਾਂ ਵਿੱਚ ਜੀਪੀਐਸ ਲਗਾ ਕੇ ਝੁੱਗੀ-ਝੌਂਪੜੀ ਆਦਿ ਦੀ ਪਾਣੀ ਦੀ ਸਪਲਾਈ ਵਿੱਚ ਸੁਧਾਰ ਕੀਤਾ ਗਿਆ, ਉੱਥੇ ਹੀ ਸਮਰ ਐਕਸ਼ਨ ਪਲਾਨ ਲਿਆ ਕੇ ਪੂਰੀ ਦਿੱਲੀ ਦੀ ਪਾਣੀ ਦੀ ਸਪਲਾਈ ਵਿੱਚ ਵੀ ਸੁਧਾਰ ਕੀਤਾ ਗਿਆ ਹੈ। ਲਗਪਗ 10 ਸਾਲਾਂ ਬਾਅਦ, ਨਾਲੀਆਂ ਅਤੇ ਸੀਵਰਾਂ ਦੀ ਇੱਕ ਮੈਗਾ ਸਫਾਈ ਮੁਹਿੰਮ ਚੱਲ ਰਹੀ ਹੈ।