ਜ਼ਿਮਨੀ ਚੋਣਾਂ ’ਚ ‘ਆਪ’ ਦੀ ਜਿੱਤ ’ਤੇ ਵਰਕਰਾਂ ਨੇ ਜਸ਼ਨ ਮਨਾਏ
ਜਗਮੋਹਨ ਸਿੰਘ
ਰੂਪਨਗਰ, 23 ਜੁਲਾਈ
ਆਮ ਆਦਮੀ ਪਾਰਟੀ ਵੱਲੋਂ ਲੁਧਿਆਣਾ ਅਤੇ ਗੁਜਰਾਤ ਦੀਆਂ ਜ਼ਿਮਨੀ ਚੋਣਾਂ ਦੌਰਾਨ ‘ਆਪ’ ਦੇ ਉਮੀਦਵਾਰ ਜਿੱਤ ਦੀ ਖੁਸ਼ੀ ਮੋਟਰਸਾਈਕਲ ਰੈਲੀ ਕੱਢ ਕੇ ਮਨਾਈ ਗਈ। ਵਿਧਾਇਕ ਦਿਨੇਸ਼ ਚੱਢਾ ਦੀ ਅਗਵਾਈ ਹੇਠ ਇਹ ਰੈਲੀ ਸ਼ਿਵਾਲਿਕ ਕਲੱਬ ਤੋਂ ਸ਼ੁਰੂ ਹੋ ਕੇ ਸ਼ਹਿਰ ਵਿੱਚੋਂ ਲੰਘਦੀ ਹੋਈ ਵਾਪਸ ਸ਼ਿਵਾਲਿਕ ਕਲੱਬ ਪੁੱਜ ਕੇ ਸਮਾਪਤ ਹੋਈ। ਇਸ ਮੌਕੇ ਵਿਧਾਇਕ ਦਿਨੇਸ਼ ਚੱਢਾ ਨੇ ਕਿਹਾ ਕਿ, ‘‘ਇਹ ਜਿੱਤ ਪੰਜਾਬ ਤੇ ਦੇਸ਼ ਦੇ ਹਰ ਉਸ ਨਾਗਰਿਕ ਦੀ ਜਿੱਤ ਹੈ ਜੋ ਇਮਾਨਦਾਰ ਸਿਆਸਤ ਨੂੰ ਆਪਣੀ ਆਵਾਜ਼ ਦੇ ਰਹੇ ਹਨ।’’ ਉਨ੍ਹਾਂ ਕਿਹਾ ਕਿ ਲੁਧਿਆਣਾ ਤੇ ਗੁਜਰਾਤ ’ਚ ‘ਆਪ’ ਨੂੰ ਮਿਲੀ ਜਿੱਤ ਸਾਬਤ ਕਰਦੀ ਹੈ ਕਿ ਲੋਕ ਝੂਠ, ਭ੍ਰਿਸ਼ਟਾਚਾਰ ਅਤੇ ਨਫ਼ਰਤ ਦੀ ਸਿਆਸਤ ਤੋਂ ਤੰਗ ਆ ਚੁੱਕੇ ਹਨ। ਉਨ੍ਹਾਂ ਆਖਿਆ, ‘‘ਇਹ ਰੈਲੀ ਕਿਸੇ ਇੱਕ ਹਲਕੇ ਜਾਂ ਰਾਜ ਦੀ ਨਹੀਂ, ਸੱਚਾਈ, ਵਿਕਾਸ ਅਤੇ ਲੋਕ ਸੇਵਾ ਦੀ ਜਿੱਤ ਦੀ ਰੈਲੀ ਹੈ। ਅਸੀਂ ਹਮੇਸ਼ਾ ਲੋਕਾਂ ਦੇ ਹੱਕ ‘ਚ ਆਵਾਜ਼ ਬੁਲੰਦ ਕਰਦੇ ਰਹਾਂਗੇ।’’ ਇਸ ਮੌਕੇ ਚੇਅਰਮੈਨ ਸ਼ਿਵ ਕੁਮਾਰ ਲਾਲਪੁਰਾ ਚੇਅਰਮੈਨ ਭਾਗ ਸਿੰਘ ਮੈਦਾਨ, ਬਲਾਕ ਪ੍ਰਧਾਨ ਪਰਮਿੰਦਰ ਸਿੰਘ ਬਾਲਾ, ਐਡਵੋਕੇਟ ਗੌਰਵ ਕਪੂਰ, ਐਡਵੋਕੇਟ ਅਮਨਦੀਪ ਸੈਣੀ, ਟਰੇਡ ਵਿੰਗ ਪ੍ਰਧਾਨ ਲਲਿਤ ਡਕਾਲਾ, ਐਮਸੀ ਰਾਜੂ ਸਤਿਆਲ ਆਦਿ ਹਾਜ਼ਰ ਸਨ।
ਬਨੂੜ (ਪੱਤਰ ਪ੍ਰੇਰਕ): ਲੁਧਿਆਣਾ ਪੱਛਮੀ ਜ਼ਿਮਨੀ ਚੋਣ ’ਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਸੰਜੀਵ ਅਰੋੜਾ ਦੀ ਜਿੱਤ ਦੀ ਖੁਸ਼ੀ ਵਿੱਚ ਮਾਰਕੀਟ ਕਮੇਟੀ ਬਨੂੜ ਦੇ ਚੇਅਰਮੈਨ ਜਸਵੀਰ ਸਿੰਘ ਚੰਦੂਆ ਅਤੇ ਪਾਰਟੀ ਦੇ ਮੁੱਖ ਬੁਲਾਰੇ ਐਡਵੋਕੇਟ ਵਿਕਰਮਜੀਤ ਪਾਸੀ ਦੀ ਅਗਵਾਈ ਹੇਠ ਪਾਰਟੀ ਵਰਕਰਾਂ ਨੇ
ਬੰਨੋ ਮਾਈ ਬੰਨੋ ਮੰਦਰ ਮੱਥਾ ਟੇਕਿਆ। ਇਸ ਮੌਕੇ ਉਨ੍ਹਾਂ ਢੋਲ ਵਜਾ ਕੇ ਲੱਡੂ ਵੰਡੇ ਅਤੇ ਪਾਰਟੀ ਦੀ ਜਿੱਤ ਲਈ ਸਾਰਿਆਂ ਦਾ ਧੰਨਵਾਦ ਕੀਤਾ। ਜਸਵੀਰ ਚੰਦੂਆ ਤੇ ਵਿਕਰਮਜੀਤ ਪਾਸੀ ਨੇ ਕਿਹਾ ਕਿ ਸੰਜੀਵ ਅਰੋੜਾ ਦੀ ਜਿੱਤ ਭਗਵੰਤ ਸਿੰਘ ਮਾਨ ਸਰਕਾਰ ਦੀਆਂ ਨੀਤੀਆਂ ਦੇ ਹੱਕ ਵਿਚ ਫ਼ਤਵਾ ਹੈ। ਇਸ ਮੌਕੇ ਬਲਵਿੰਦਰ ਸਿੰਘ ਗੁੱਲੀ, ਜਸਮੇਰ ਸਿੰਘ ਭੋਲਾ ਹੰਸਾਲਾ, ਕਰਮਜੀਤ ਸਿੰਘ ਹੁਲਕਾ, ਸੁਰਿੰਦਰ ਸਿੰਘ ਛਿੰਦਾ, ਬਲੀ ਸਿੰਘ, ਹਰਨੇਕ ਸਿੰਘ ਛੜਬੜ, ਕਰਨੈਲ ਪੂਰੀ, ਚੰਨਣ ਸਿੰਘ, ਮੇਜਰ ਕੁਰਾਲੀ, ਲਖਬੀਰ ਸਿੰਘ ਬਨੂੜ, ਕੁਲਵਿੰਦਰ ਸਿੰਘ ਬਿੱਲੂ ਰਾਮਪੁਰ, ਸੰਦੀਪ ਕੁਮਾਰ ਹਾਜ਼ਰ ਸਨ।
ਮੁੱਲਾਂਪੁਰ ਗਰੀਬਦਾਸ (ਪੱਤਰ ਪ੍ਰੇਰਕ): ਲੁਧਿਆਣਾ ਪੱਛਮੀ ਹਲਕੇ ’ਚ ‘ਆਪ’ ਉਮੀਦਵਾਰ ਸੰਜੀਵ ਅਰੋੜਾ ਦੀ ਜਿੱਤ ’ਤੇ ਮੁੱਲਾਂਪੁਰ ਗਰੀਬਦਾਸ ਨਿਊ ਚੰਡੀਗੜ੍ਹ ਇਲਾਕੇ ’ਚ ‘ਆਪ’ ਦੇ ਬਲਾਕ ਖਰੜ ਤੋਂ ਪ੍ਰਧਾਨ ਜਸਪਾਲ ਸਿੰਘ ਪਾਲਾ ਮੁੱਲਾਂਪੁਰ ਗਰੀਬਦਾਸ ਤੇ ਸਕੱਤਰ ਜੱਗੀ ਕਾਦੀ ਮਾਜਰਾ ਦੀ ਅਗਵਾਈ ’ਚ ਵਰਕਰਾਂ ਨੇ ਲੱਡੂ ਵੰਡੇ। ਇਸ ਮੌਕੇ ਸਤਨਾਮ ਕਾਂਸਲ, ਹਰਮੀਤ ਸਿੰਘ, ਭੁਪਿੰਦਰ ਸਿੰਘ, ਮੇਜਰ ਸਿੰਘ, ਸੁਖਦੇਵ ਸਿੰਘ ਆਦਿ ਵੀ ਹਾਜ਼ਰ ਸਨ।
ਸ੍ਰੀ ਆਨੰਦਪੁਰ ਸਾਹਿਬ (ਪੱਤਰ ਪ੍ਰੇਰਕ): ਲੁਧਿਆਣਾ ਪੱਛਮੀ ਤੋਂ ‘ਆਪ’ ਉਮੀਦਵਾਰ ਸੰਜੀਵ ਅਰੋੜਾ ਤੇ ਗੁਜਰਾਤ ’ਚ ਪਾਰਟੀ ਦੇ ਇੱਕ ਉਮੀਦਵਾਰ ਦੀ ਜਿੱਤ ’ਤੇ ‘ਆਪ’ ਵਲੰਟੀਅਰਾਂ ਨੇ ਨਗਰ ਕੌਂਸਲ ਦੇ ਪ੍ਰਧਾਨ ਹਰਜੀਤ ਸਿੰਘ ਜੀਤਾ ਤੇ ਵਪਾਰ ਮੰਡਲ ਦੇ ਪ੍ਰਧਾਨ ਇੰਦਰਜੀਤ ਸਿੰਘ ਅਰੋੜਾ ਦੀ ਅਗਵਾਈ ਹੇਠ ਸਥਾਨਕ ਭਗਤ ਰਵੀਦਾਸ ਚੌਕ ਵਿੱਚ ਲੱਡੂ ਵੰਡ ਕੇ ਖੁਸ਼ੀ ਦਾ ਇਜ਼ਹਾਰ ਕੀਤਾ। ਪ੍ਰਧਾਨ ਜੀਤਾ ਤੇ ਅਰੋੜਾ ਨੇ ਇਹ ‘ਆਪ’ ਦੀਆਂ ਨੀਤੀਆਂ ਦੀ ਜਿੱਤ ਹੈ।
‘ਆਪ’ ਦੀ ਜਿੱਤ ਸਰਕਾਰ ਦੀਆਂ ਨੀਤੀਆਂ ’ਤੇ ਮੋਹਰ: ਸਾਬਕਾ ਮੁਲਾਜ਼ਮ ਵਿੰਗ
ਚੰਡੀਗੜ੍ਹ (ਪੱਤਰ ਪ੍ਰੇਰਕ): ‘ਆਪ’ ਦੇ ਸਾਬਕਾ ਮੁਲਾਜ਼ਮ ਵਿੰਗ ਨੇ ਲੁਧਿਆਣਾ ਪੱਛਮੀ ਹਲਕੇ ਦੀ ਜ਼ਿਮਨੀ ਚੋਣ ਦੀ ਜਿੱਤ ਨੂੰ ‘ਆਪ’ ਸਰਕਾਰ ਦੀਆਂ ਲੋਕ ਪੱਖੀ ਨੀਤੀਆਂ ’ਤੇ ਲੋਕਾਂ ਦੀ ਮੋਹਰ ਕਰਾਰ ਦਿੱਤਾ ਹੈ। ਸਾਬਕਾ ਮੁਲਾਜ਼ਮ ਵਿੰਗ ਦੇ ਸੂਬਾ ਸੀਨੀਅਰ ਮੀਤ ਪ੍ਰਧਾਨ ਗੁਰਮੇਲ ਸਿੰਘ ਸਿੱਧੂ, ਜਨਰਲ ਸਕੱਤਰ ਹਰਮੰਦਰ ਸਿੰਘ ਬਰਾੜ, ਜੁਆਇੰਟ ਸਕੱਤਰ ਬਚਿੱਤਰ ਸਿੰਘ ਤੇ ਪੈਨਸ਼ਨਰ ਆਗੂ ਹਰਪਾਲ ਸਿੰਘ ਖਾਲਸਾ ਨੇ ਕਿਹਾ ਕਿ ਉਕਤ ਹਲਕੇ ਦੇ ਵੋਟਰਾਂ ਨੇ ਭਗਵੰਤ ਮਾਨ ਸਰਕਾਰ ਦੀਆਂ ਨੀਤੀਆਂ ’ਤੇ ਮੋਹਰ ਲਾਈ ਹੈ ਅਤੇ ਸਰਕਾਰ ਵੱਲੋਂ ਸੂਬੇ ਵਿੱਚ ਕੀਤੇ ਵਿਕਾਸ ਕਾਰਜਾਂ ਦੀ ਪ੍ਰੋੜ੍ਹਤਾ ਕੀਤੀ ਹੈ। ਆਗੂਆਂ ਨੇ ਕਿਹਾ ਕਿ ਲੋਕਾਂ ਇਕ ਵਾਰ ਸ਼੍ਰੋਮਣੀ ਅਕਾਲੀ ਦਲ, ਕਾਂਗਰਸ ਅਤੇ ਭਾਜਪਾ ਦੇ ਝੂਠੇ ਵਾਅਦਿਆਂ ਨੂੰ ਨਕਾਰ ਦਿੱਤਾ ਹੈ।