ਔਰਤ ’ਤੇ ਹਮਲਾ, ਹਾਲਤ ਗੰਭੀਰ
ਐੱਸਏਐੱਸ ਨਗਰ(ਮੁਹਾਲੀ): ਥਾਣਾ ਮਟੌਰ ਦੀ ਪੁਲੀਸ ਨੇ ਪਿੰਡ ਮਟੌਰ ਵਿੱਚ ਇੱਕ ਔਰਤ ਰੀਨਾ ’ਤੇ ਹਮਲਾ ਕਰਨ ਦੇ ਦੋਸ਼ ਹੇਠ ਉਸ ਦੇ ਦਿਉਰ ਅਤੇ ਮਟੌਰ ਵਾਸੀ ਕੁਲਦੀਪ ਸਿੰਘ ਗੋਲਡੀ ਖ਼ਿਲਾਫ਼ ਇਰਾਦਾ ਕਤਲ ਦਾ ਕੇਸ ਦਰਜ ਕੀਤਾ ਹੈ। ਮਹਿਲਾ ਰੀਨਾ ਦੀ ਹਾਲਤ ਬੇਹੱਦ ਗੰਭੀਰ ਬਣੀ ਹੋਈ ਹੈ ਅਤੇ ਉਹ ਇੱਕ ਨਿੱਜੀ ਹਸਪਤਾਲ ਵਿਚ ਵੈਂਟੀਲੇਟਰ ’ਤੇ ਹੈ। ਐੱਸਐੱਚਓ ਇੰਸਪੈਕਟਰ ਅਮਨਦੀਪ ਕੰਬੋਜ ਨੇ ਦੱਸਿਆ ਕਿ ਮਹਿਲਾ ਦਾ ਪਤੀ ਸੋਹਨ ਸਿੰਘ ਇਟਲੀ ਵਿੱਚ ਹੈ। ਪਰਚਾ ਮਹਿਲਾ ਦੇ ਪਤੀ ਦੀ ਭੂਆ ਦੇ ਪੁੱਤਰ ਮਨਜਿੰਦਰ ਸਿੰਘ ਦੀ ਸ਼ਿਕਾਇਤ ’ਤੇ ਦਰਜ ਕੀਤਾ ਗਿਆ ਹੈ। ਜਾਂਚ ਅਧਿਕਾਰੀ ਨੇ ਦੱਸਿਆ ਕਿ ਮੁਲਜ਼ਮ ਹਸਪਤਾਲ ਵਿਚ ਦਾਖ਼ਲ ਹੈ, ਜਿਸ ਕਰ ਕੇ ਉਸ ਗ੍ਰਿਫ਼ਤਾਰੀ ਨਹੀਂ ਹੋ ਸਕੀ। -ਖੇਤਰੀ ਪ੍ਰਤੀਨਿਧ
ਧੋਖਾਧੜੀ ਦੇ ਦੋਸ਼ ਹੇਠ ਕਾਬੂ
ਅੰਬਾਲਾ: ਵਿਦੇਸ਼ ਭੇਜਣ ਦੇ ਨਾਂ ਹੇਠ 20 ਲੱਖ ਰੁਪਏ ਤੋਂ ਵੱਧ ਦੀ ਠੱਗੀ ਦੇ ਮਾਮਲੇ ਵਿੱਚ ਇੱਕ ਜਣੇ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇੰਸਪੈਕਟਰ ਪਰਮਵੀਰ ਸਿੰਘ ਨੇ ਦੱਸਿਆ ਕਿ ਮੁਲਜ਼ਮ ਦੀ ਪਛਾਣ ਸੁਧੀਰ ਕੁਮਾਰ ਵਾਸੀ ਪਿੰਡ ਰਾਮਕਸ਼ ਜ਼ਿਲ੍ਹਾ ਫਾਜ਼ਿਲਕਾ ਵਜੋਂ ਹੋਈ ਹੈ। ਉਸ ਦਾ ਤਿੰਨ ਦਿਨ ਦਾ ਪੁਲੀਸ ਰਿਮਾਂਡ ਲਿਆ ਗਿਆ ਹੈ। ਇਹ ਕਾਰਵਾਈ ਪਿੰਡ ਝਾੜੂ ਮਾਜਰਾ ਵਾਸੀ ਮੁਲਤਾਨ ਸਿੰਘ ਵੱਲੋਂ ਪਿਛਲੇ ਸਾਲ 10 ਜੂਨ ਨੂੰ ਦਿੱਤੀ ਸ਼ਿਕਾਇਤ ਦੇ ਆਧਾਰ ’ਤੇ ਕੀਤੀ ਗਈ ਹੈ। ਸ਼ਿਕਾਇਤ ਅਨੁਸਾਰ 6 ਮਈ 2024 ਨੂੰ ਸੁਧੀਰ ਅਤੇ ਉਸਦੇ ਸਾਥੀ ਵਿਨੋਦ ਕੁਮਾਰ ਨੇ ਉਸਦੇ ਪੁੱਤਰ ਨੂੰ ਵਿਦੇਸ਼ ਭੇਜਣ ਦੇ ਨਾਂ ਹੇਠ 20 ਲੱਖ 66 ਹਜ਼ਾਰ ਰੁਪਏ ਲਏ ਸਨ। ਪੁਲੀਸ ਨੇ ਕੇਸ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। -ਪੱਤਰ ਪ੍ਰੇਰਕ
ਵਿਦੇਸ਼ ਭੇਜਣ ਦੇ ਨਾਂ ’ਤੇ ਠੱਗੀ
ਬਨੂੜ: ਪਿੰਡ ਲੂੰਹਡ ਦੇ ਵੀਹ ਸਾਲਾ ਨੌਜਵਾਨ ਮਨਵੀਰ ਸਿੰਘ ਨਾਲ ਵਿਦਸ਼ ਭੇਜਣ ਦੇ ਨਾਲ ਉੱਤੇ 79 ਹਜ਼ਾਰ ਦੀ ਆਨਲਾਈਨ ਠੱਗੀ ਵੱਜੀ ਹੈ। ਪੀੜਤ ਨੇ ਦੱਸਿਆ ਕਿ ਮਾਰਚ 2025 ਵਿੱਚ ਉਸ ਨੂੰ ਨੋਇਡਾ ਦੇ ਟਰੈਵਲ ਏਜੰਟ ਦੇ ਦਫ਼ਤਰ ਤੋਂ ਇੱਕ ਔਰਤ ਨੇ ਫੋਨ ਕਰਕੇ ਦੱਸਿਆ ਕਿ ਉਸ ਨੂੰ ਕੁਵੈਤ ਜਾਣ ਦਾ ਵੀਜ਼ਾ ਮੁਫਤ ਦਿੱਤਾ ਜਾਵੇਗਾ ਅਤੇ ਸਿਰਫ ਮੈਡੀਕਲ ਦੇ ਪੈਸੇ ਲੱਗਣਗੇ। ਉਸ ਤੋਂ ਵੱਖ ਵੱਖ ਤਰੀਕਾਂ ਵਿੱਚ 79 ਹਜ਼ਾਰ ਰੁਪਏ ਦੀ ਆਨਲਾਈਨ ਅਦਾਇਗੀ ਕਰਵਾ ਲਈ ਗਈ। ਉਨ੍ਹਾਂ ਕਿਹਾ ਕਿ ਇਸ ਮਗਰੋਂ ਸਬੰਧਿਤ ਫ਼ੋਨ ਬੰਦ ਹੋ ਗਿਆ ਤਾਂ ਉਸ ਨੂੰ ਸਮਝ ਆਇਆ ਕਿ ਉਸ ਨਾਲ ਠੱਗੀ ਵੱਜੀ ਹੈ। -ਪੱਤਰ ਪ੍ਰੇਰਕ
ਆਨਲਾਈਨ ਠੱਗੀ ਦੇ ਦੋਸ਼ ਹੇਠ ਛੇ ਕਾਬੂ
ਅੰਬਾਲਾ: ਅੰਬਾਲਾ ਪੁਲੀਸ ਨੇ ਆਨਲਾਈਨ ਠੱਗੀ ਦੇ ਦੋ ਵੱਖ-ਵੱਖ ਮਾਮਲਿਆਂ ’ਚ ਛੇ ਜਣਿਆਂ ਨੂੰ ਕਾਬੂ ਕੀਤਾ ਹੈ। ਹੇਮੰਤ ਕੁਮਾਰ ਵਾਸੀ ਡਿਫੈਂਸ ਐਨਕਲੇਵ ਅੰਬਾਲਾ ਛਾਉਣੀ ਨੇ ਪੁਲੀਸ ਨੂੰ ਦੱਸਿਆ ਕਿ ਪਿਛਲੇ ਸਾਲ 14 ਤੋਂ 31 ਦਸੰਬਰ ਤੱਕ ਉਸ ਨਾਲ ਆਨਲਾਈਨ 24 ਲੱਖ 60 ਹਜ਼ਾਰ ਰੁਪਏ ਠੱਗੇ ਗਏ ਸਨ। ਸਾਈਬਰ ਪੁਲੀਸ ਨੇ ਇਸ ਸਬੰਧੀ ਜੋਧਪੁਰ (ਰਾਜਸਥਾਨ) ਵਾਸੀ ਹਰਸ਼ਵਰਧਨ ਸਿੰਘ, ਰੂਪ ਸਿੰਘ ਅਤੇ ਫਲੋਦੀ ਵਾਸੀ ਅਸ਼ੋਕ ਤੇ ਸੰਜੇ ਕਮਾਰ ਨੂੰ ਗ੍ਰਿਫ਼ਤਾਰ ਕੀਤਾ ਹੈ। ਅਦਾਲਤ ਨੇ ਚਾਰਾਂ ਨੂੰ ਤਿੰਨ ਦਿਨ ਦੇ ਪੁਲੀਸ ਰਿਮਾਂਡ ’ਤੇ ਭੇਜ ਦਿੱਤਾ। ਇੱਕ ਹੋਰ ਮਾਮਲੇ ਵਿੱਚ ਸੀਕਰ ਜ਼ਿਲ੍ਹੇ ਤੋਂ ਰਾਕੇਸ਼ ਕੁਮਾਰ ਅਤੇ ਝੁੰਝਣੂ ਤੋਂ ਸੁਮੀਤ ਕੁਮਾਰ ਨੂੰ ਗ੍ਰਿਫ਼ਤਾਰ ਕੀਤਾ ਹੈ। -ਪੱਤਰ ਪ੍ਰੇਰਕ
ਈਕੇਵਾਈਸੀ ਦਾ ਆਖ਼ਰੀ ਮੌਕਾ
ਐੱਸਏਐੱਸ ਨਗਰ(ਮੁਹਾਲੀ): ਮੁਹਾਲੀ ਜ਼ਿਲ੍ਹੇ ਵਿਚ ਸਮਾਰਟ ਰਾਸ਼ਨ ਕਾਰਡ ਸਕੀਮ ਤਹਿਤ ਕਣਕ ਦਾ ਲਾਭ ਲੈ ਰਹੇ ਲਾਭਪਾਤਰੀਆਂ ਲਈ ਆਪਣੇ ਕਾਰਡ ਵਿਚ ਦਰਜ ਸਮੂਹ ਪਰਿਵਾਰਿਕ ਮੈਬਰਾਂ ਦੀ ਈਕੇਵਾਈਸੀ ਕਰਵਾਉਣਾ ਲਾਜ਼ਮੀ ਹੈ। ਇਸ ਦੀ ਆਖਰੀ ਮਿਤੀ 30 ਜੂਨ ਸੀ ਜੋ ਹੁਣ ਵਧਾ ਕੇ 5 ਜੁਲਾਈ ਤੱਕ ਦਾ ਸਮਾਂ ਹੈ। ਜ਼ਿਲ੍ਹਾ ਖੁਰਾਕ ਸਪਲਾਈ ਕੰਟਰੋਲਰ ਡਾ. ਨਵਰੀਤ ਨੇ ਦੱਸਿਆ ਕਿ ਲਾਭਪਾਤਰੀ ਘਰ ਬੈਠੇ ਹੀ ਸਮਾਰਟ ਫੋਨ ਰਾਹੀ ਆਪਣਾ ਅਤੇ ਆਪਣੇ ਪਰਿਵਾਰਿਕ ਮੈਬਰਾਂ ਦਾ ਈਕੇਵਾਈਸੀ ਕਰ ਸਕਦੇ ਹਨ। -ਖੇਤਰੀ ਪ੍ਰਤੀਨਿਧ