ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 31 ਮਈ
ਸਿਟੀ ਬਿਊਟੀਫੁੱਲ ਵਿੱਚ ਪਿਛਲੇ ਕਈ ਦਿਨਾਂ ਤੋਂ ਪੈ ਰਹੀ ਹੁੰਮਸ ਭਰੀ ਗਰਮੀ ਤੋਂ ਬਾਅਦ ਅੱਜ ਸ਼ਾਮ ਨੂੰ ਹਨੇਰੀ ਤੋਂ ਬਾਅਦ ਪਏ ਮੀਂਹ ਕਰਕੇ ਮੌਸਮ ਖੁਸ਼ਗਵਾਰ ਹੋ ਗਿਆ। ਮੀਂਹ ਨੇ ਲੋਕਾਂ ਨੂੰ ਅਤਿ ਦੀ ਗਰਮੀ ਤੋਂ ਰਾਹਤ ਦਿਵਾ ਦਿੱਤੀ ਹੈ। ਇਸ ਦੌਰਾਨ ਅੱਧੇ ਕੁ ਘੰਟੇ ਵਿੱਚ ਹੀ ਚੰਡੀਗੜ੍ਹ ਵਿੱਚ 12.2 ਐੱਮਐੱਮ ਮੀਂਹ ਪਿਆ ਹੈ। ਦੂਜੇ ਪਾਸੇ ਤਾਪਮਾਨ ਵਿੱਚ ਵੀ ਗਿਰਾਵਟ ਦਰਜ ਕੀਤੀ ਗਈ ਹੈ।
ਜਾਣਕਾਰੀ ਅਨੁਸਾਰ ਚੰਡੀਗੜ੍ਹ ਵਿੱਚ ਅੱਜ ਸਵੇਰ ਤੋਂ ਅਤਿ ਦੀ ਗਰਮੀ ਪੈ ਰਹੀ ਸੀ, ਜਿਸ ਕਰਕੇ ਲੋਕਾਂ ਦਾ ਘਰੋਂ ਬਾਹਰ ਤੱਕ ਨਿਕਲਣਾ ਮੁਸ਼ਕਲ ਹੋ ਗਿਆ ਸੀ। ਸ਼ਾਮ ਨੂੰ 5 ਵਜੇ ਦੇ ਕਰੀਬ ਅਚਾਨਕ ਮੌਸਮ ਤਬਦੀਲ ਹੋ ਗਿਆ। ਇਸ ਦੌਰਾਨ ਬੱਦਲਵਾਈ ਹੋਣ ਦੇ ਨਾਲ-ਨਾਲ ਹਨੇਰੀ ਚੱਲ ਪਈ। ਇਸ ਮਗਰੋਂ ਪਏ ਤੇਜ਼ ਮੀਂਹ ਨੇ ਲੋਕਾਂ ਨੂੰ ਅਤਿ ਦੀ ਗਰਮੀ ਤੋਂ ਰਾਹਤ ਦਿਵਾ ਦਿੱਤੀ। ਮੌਸਮ ਵਿਭਾਗ ਤੋਂ ਮਿਲੀ ਜਾਣਕਾਰੀ ਅਨੁਸਾਰ ਅੱਜ ਸ਼ਹਿਰ ਵਿੱਚ 12.2 ਐੱਮਐੱਮ ਮੀਂਹ ਪਿਆ ਹੈ। ਇਸ ਦੇ ਨਾਲ ਹੀ ਸ਼ਹਿਰ ਦਾ ਵੱਧ ਤੋਂ ਵੱਧ ਤਾਪਮਾਨ 40.2 ਡਿਗਰੀ ਸੈਲਸੀਅਸ ਦਰਜ ਕੀਤਾ ਹੈ, ਜਦੋਂਕਿ ਘੱਟ ਤੋਂ ਘੱਟ ਤਾਪਮਾਨ 24.4 ਡਿਗਰੀ ਸੈਲਸੀਅਸ ਦਰਜ ਕੀਤਾ ਹੈ। ਮੌਸਮ ਵਿਗਿਆਨੀਆਂ ਨੇ ਸ਼ਹਿਰ ਵਿੱਚ ਅਗਲੇ ਤਿੰਨ ਦਿਨ ਮੌਸਮ ਖਰਾਬ ਰਹਿਣ ਦੀ ਪੇਸ਼ੀਨਗੋਈ ਕੀਤੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਪਹਿਲੀ, 2 ਤੇ 3 ਜੂਨ ਨੂੰ ਚੰਡੀਗੜ੍ਹ ਵਿੱਚ ਕਿਸੇ ਵੀ ਸਮੇਂ ਮੌਸਮ ਖਰਾਬ ਹੋ ਸਕਦੀ ਹੈ। ਇਸ ਦੌਰਾਨ 40 ਤੋਂ 50 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਹਵਾਵਾਂ ਚੱਲਣਗੀਆਂ ਅਤੇ ਹਲਕਾ ਤੇ ਦਰਮਿਆਨਾ ਮੀਂਹ ਪੈ ਸਕਦਾ ਹੈ।
ਮੁੱਲਾਂਪੁਰ ਗਰੀਬਦਾਸ (ਚਰਨਜੀਤ ਚੰਨੀ): ਪਿੰਡ ਮੁੱਲਾਂਪੁਰ ਗ਼ਰੀਬਦਾਸ, ਨਵਾਂ ਗਰਾਉਂ ਸਮੇਤ ਨਿਊ ਚੰਡੀਗੜ੍ਹ ਇਲਾਕੇ ਵਿੱਚ ਸ਼ਾਮ ਤੋਂ ਦੇਰ ਰਾਤ ਤੱਕ ਤੇਜ਼ ਹਵਾਵਾਂ ਚੱਲਣ ਅਤੇ ਬੱਦਲ ਗਰਜਣ ਮਗਰੋਂ ਰੁਕ-ਰੁਕ ਕੇ ਬਾਰਸ਼ ਹੁੰਦੀ ਰਹੀ।