ਜਲ ਸਪਲਾਈ ਵਰਕਰਜ਼ ਯੂਨੀਅਨ ਵੱਲੋਂ ਨਿਗਮ ਦਫ਼ਤਰ ਅੱਗੇ ਧਰਨਾ
ਪੱਤਰ ਪ੍ਰੇਰਕ
ਚੰਡੀਗੜ੍ਹ, 3 ਜੂਨ
ਜਲ ਸਪਲਾਈ ਵਰਕਰਜ਼ ਯੂਨੀਅਨ ਦੇ ਬੈਨਰ ਹੇਠ ਮਜ਼ਦੂਰਾਂ ਨੇ ਅੱਜ ਨਗਰ ਨਿਗਮ ਦਫ਼ਤਰ ਸਾਹਮਣੇ ਧਰਨਾ ਦਿੱਤਾ ਅਤੇ ਪਬਲਿਕ ਹੈਲਥ ਕਰਮਚਾਰੀਆਂ ਨੂੰ ਨੌਕਰੀਆਂ ਤੋਂ ਹਟਾਉਣ ਦੇ ਜਾਰੀ ਹੁਕਮਾਂ ਵਿਰੁੱਧ ਜ਼ੋਰਦਾਰ ਨਾਅਰੇਬਾਜ਼ੀ ਕੀਤੀ।
ਧਰਨੇ ਨੂੰ ਸੰਬੋਧਨ ਕਰਦਿਆਂ ਕੋਆਰਡੀਨੇਸ਼ਨ ਕਮੇਟੀ ਆਫ ਗੌਰਮਿੰਟ ਐਂਡ ਐੱਮਸੀ ਐਂਪਲਾਈਜ਼ ਤੇ ਵਰਕਰਜ਼ ਯੂਟੀ ਚੰਡੀਗੜ੍ਹ ਦੇ ਚੇਅਰਮੈਨ ਸੁਰੇਸ਼ ਕੁਮਾਰ, ਪ੍ਰਧਾਨ ਸਤਿੰਦਰ ਸਿੰਘ, ਜਨਰਲ ਸਕੱਤਰ ਰਾਕੇਸ਼ ਕੁਮਾਰ, ਜਲ ਸਪਲਾਈ ਵਰਕਰਜ਼ ਯੂਨੀਅਨ ਦੇ ਪ੍ਰਧਾਨ ਰਾਜਿੰਦਰ ਕੁਮਾਰ, ਜਨਰਲ ਸਕੱਤਰ ਜਗਮੋਹਨ ਸਿੰਘ, ਸਰਪ੍ਰਸਤ ਸੁਰਿੰਦਰ ਕੁਮਾਰ, ਸੁਖਦੇਵ ਸਿੰਘ, ਗੁਰਮੀਤ ਸਿੰਘ ਅਤੇ ਸ਼ਾਂਤੀ ਦਾਸ ਨੇ ਕਿਹਾ ਕਿ 332 ਮਜ਼ਦੂਰਾਂ ਨੂੰ ਨੌਕਰੀਆਂ ਤੋਂ ਹਟਾਉਣ ਲਈ ਦਿੱਤੇ ਗਏ ਨੋਟਿਸ ਤੁਰੰਤ ਵਾਪਸ ਲਏ ਜਾਣ। ਉਨ੍ਹਾਂ ਨੇ ਕਮਿਸ਼ਨਰ ਨੂੰ ਇਸ ਮਾਮਲੇ ਵਿੱਚ ਦਖ਼ਲ ਦੇਣ ਦੀ ਅਪੀਲ ਕੀਤੀ ਤਾਂ ਜੋ ਗ਼ਰੀਬ ਮਜ਼ਦੂਰਾਂ ਦੀਆਂ ਨੌਕਰੀਆਂ ਬਚਾਈਆਂ ਜਾ ਸਕਣ।
ਲੀਡਰਸ਼ਿਪ ਨੇ ਐਲਾਨ ਕੀਤਾ ਕਿ ਜੇਕਰ ਸੱਤ ਦਿਨਾਂ ਦੇ ਅੰਦਰ ਨੋਟਿਸ ਵਾਪਿਸ ਨਹੀਂ ਲਿਆ ਗਿਆ ਤਾਂ ਸੰਘਰਸ਼ ਤੇਜ਼ ਕੀਤਾ ਜਾਵੇਗਾ।
ਮ੍ਰਿਤਕ ਮਜ਼ਦੂਰ ਦੇ ਪਰਿਵਾਰ ਲਈ ਮੁਆਵਜ਼ਾ ਮੰਗਿਆ
ਧਰਨਾਕਾਰੀਆਂ ਨੇ ਇਹ ਵੀ ਮੰਗ ਕੀਤੀ ਕਿ ਮ੍ਰਿਤਕ ਮਜ਼ਦੂਰ ਰਾਜੇਸ਼ ਕੁਮਾਰ ਦੇ ਪਰਿਵਾਰ ਨੂੰ ਮੁਆਵਜ਼ਾ ਦਿੱਤਾ ਜਾਵੇ ਅਤੇ ਪਰਿਵਾਰ ਦੇ ਇੱਕ ਮੈਂਬਰ ਨੂੰ ਨੌਕਰੀ ਦਿੱਤੀ ਜਾਵੇ। ਉਨ੍ਹਾਂ ਤਿੰਨ ਮਹੀਨਿਆਂ ਦੀ ਬਕਾਇਆ ਤਨਖ਼ਾਹ ਦੀ ਅਦਾਇਗੀ ਦੀ ਵੀ ਮੰਗ ਕੀਤੀ।