ਯੁੱਧ ਨਸ਼ੇ ਵਿਰੁੱਧ: ਥਾਣਾ ਬਨੂੜ ਦੀ ਪੁਲੀਸ ਵੱਲੋਂ ਸਪੋਰਟਸ ਮੀਟ
ਕਰਮਜੀਤ ਸਿੰਘ ਚਿੱਲਾ
ਬਨੂੜ, 17 ਜੂਨ
‘ਯੁੱਧ ਨਸ਼ੇ ਵਿਰੁੱਧ’ ਮੁਹਿੰਮ ਤਹਿਤ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ ਦੇ ਮੰਤਵ ਨਾਲ ਥਾਣਾ ਬਨੂੜ ਦੀ ਪੁਲੀਸ ਵੱਲੋਂ ਥਾਣਾ ਮੁਖੀ ਇੰਸਪੈਕਟਰ ਗੁਰਸੇਵਕ ਸਿੰਘ ਦੀ ਅਗਵਾਈ ਹੇਠ ਅੱਜ ਸਪੋਰਟਸ ਮੀਟ ਕਰਵਾਈ ਗਈ। ਸਵੇਰੇ ਕਰਾਈਆਂ 200, 400 ਮੀਟਰ ਅਤੇ ਪੰਜ ਕਿਲੋਮੀਟਰ ਦੌੜਾਂ ਵਿੱਚ 12 ਸਾਲਾਂ ਤੋਂ ਲੈ ਕੇ ਸੈਂਕੜੇ ਨੌਜਵਾਨਾਂ ਅਤੇ ਬਜ਼ੁਰਗਾਂ ਨੇ ਸ਼ਮੂਲੀਅਤ ਕੀਤੀ। ਇਸ ਮੌਕੇ ਐੱਸਪੀ ਸਵਰਨਜੀਤ ਸਿੰਘ, ਡੀਐੱਸਪੀ ਮਨਜੀਤ ਸਿੰਘ, ਡੀਐਸਪੀ ਰਸ਼ਿਵੰਦਰ ਸਿੰਘ ਨੇ ਵੀ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ ਤੇ ਖ਼ੁਦ ਵੀ ਦੌੜਾਂ ਵਿਚ ਭਾਗ ਲਿਆ। ਇਸ ਮੌਕੇ ਨਿਰਵੈਰ ਏਡ ਸੰਸਥਾ ਬਾਂਡਿਆਂ ਬਸੀ ਬਨੂੜ ਦੇ ਬੱਚਿਆਂ ਵੱਲੋਂ ਗਤਕਾ ਦੇ ਜੌਹਰ ਵੀ ਵਿਖਾਏ ਗਏ। ਬੈਠਕਾਂ ਅਤੇ ਡੰਡ ਬੈਠਕਾਂ ਕੱਢਣ ਅਤੇ ਹੋਰ ਸਰੀਰਕ ਕਸਰਤਾਂ ਵੀ ਕਰਾਈਆਂ ਗਈਆਂ।
ਦੌੜਾਂ ਦਾ ਆਰੰਭ ਪੁਲੀਸ ਅਧਿਕਾਰੀਆਂ ਤੋਂ ਇਲਾਵਾ ਕਾਰ ਸੇਵਾ ਵਾਲੇ ਮਹਾਂਪੁਰਸ਼ ਬਾਬਾ ਗੁਰਦੇਵ ਸਿੰਘ, ਫਿੱਟਨੈੱਸ ਇਨਫ਼ਲੂੰਸਰ ਪਿੰਕਾ ਜਰਗ ਨੇ ਹਰੀ ਝੰਡੀ ਦਿਖਾ ਕੇ ਕੀਤਾ। ਪੰਜ ਕਿਲੋਮੀਟਰ ਦੌੜ ਵਿੱਚ ਐੱਸਪੀ ਸਵਰਨਜੀਤ ਸਿੰਘ ਨੇ ਪਹਿਲਾ, 10 ਤੋਂ 15 ਸਾਲ ਦੇ ਬੱਚਿਆਂ ਦੀ 400 ਮੀਟਰ ਦੀ ਦੌੜ ਵਿੱਚ ਰਾਹੁਲ ਬਨੂੜ ਅੱਵਲ ਰਹੇ। 15 ਤੋਂ 20 ਸਾਲ ਦੀ 400 ਮੀਟਰ ਦੌੜ ਵਿੱਚ ਸ਼ਨੀ ਬਨੂੜ ਨੇ ਪਹਿਲਾ, 20 ਤੋਂ 40 ਸਾਲ ਤੱਕ ਦੀ 400 ਮੀਟਰ ਦੀ ਦੌੜ ਵਿੱਚ ਜੋਨੀ ਬਸੀ ਈਸੇ ਖਾਂ ਪਹਿਲੇ, 40 ਸਾਲ ਤੋਂ ਵੱਧ ਉਮਰ ਵਰਗ ਦੀ ਦੌੜ ਵਿੱਚ ਸੰਜੀਵ ਵਰਮਾ ਪਹਿਲੇ, 10 ਸਾਲ ਤੋਂ ਘੱਟ ਉਮਰ ਦੀਆਂ ਕੁੜੀਆਂ ਦੀ 200 ਮੀਟਰ ਦੌੜ ਵਿੱਚ ਰਜਨੀ ਸੂਰਜਗੜ੍ਹ ਪਹਿਲੇ ਸਥਾਨ ’ਤੇ ਰਹੀ।
ਇਸ ਮੌਕੇ ਮੇਜਰ ਖ਼ਾਨਪੁਰ ਚੌਧਰੀ ਡੇਅਰੀ ਬਨੂੜ, ਆਪ ਆਗੂ ਮਾਸਟਰ ਗੁਰਜੀਤ ਸਿੰਘ ਕਰਾਲਾ, ਧਰਮਿੰਦਰ ਸਿੰਘ ਮਾਨ, ਜਸਵਿੰਦਰ ਲਾਲਾ ਖਲੌਰ, ਮਨਪ੍ਰੀਤ ਸਿੰਘ ਧਰਮਗੜ੍ਹ, ਲੱਕੀ ਸੰਧੂ, ਕੌਂਸਲਰ ਭਜਨ ਲਾਲ, ਕੌਂਸਲਰ ਬਲਜੀਤ ਸਿੰਘ ਵੀ ਹਾਜ਼ਰ ਸਨ।