ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 7 ਜੁਲਾਈ
ਯੂਟੀ ਪ੍ਰਸ਼ਾਸਨ ਨੇ ਸ਼ਹਿਰ ਵਿੱਚ ਚੱਲਣ ਵਾਲੀਆਂ ਟੈਕਸੀ, ਆਟੋ ਤੇ ਬਾਈਕ ਟੈਕਸੀ ਦੇ ਕਿਰਾਏ ਵਿੱਚ ਤਿੰਨ ਸਾਲਾਂ ਬਾਅਦ ਸੋਧ ਕਰ ਦਿੱਤੀ ਹੈ। ਪ੍ਰਸ਼ਾਸਨ ਨੇ ਪਹਿਲਾਂ 31 ਮਾਰਚ 2022 ਨੂੰ ਕਿਰਾਏ ਵਿੱਚ ਸੋਧ ਕੀਤੀ ਸੀ। ਪ੍ਰਸ਼ਾਸਨ ਵਿੱਚ ਕਿਰਾਏ ਵਿੱਚ ਸੋਧ ਕਰਦਿਆਂ ਪਹਿਲੇ ਤਿੰਨ ਕਿਲੋਮੀਟਰ ਸਫ਼ਰ ਲਈ ਕਿਰਾਏ ਨੂੰ ਫਲੈਟ ਕਰ ਦਿੱਤਾ ਹੈ। ਇਸ ਤਰ੍ਹਾਂ ਇਕ ਜਾਂ ਦੋ ਕਿਲੋਮੀਟਰ ਸਫ਼ਰ ਕਰਨ ਵਾਲੇ ਵਿਅਕਤੀ ਨੂੰ ਵੀ ਤਿੰਨ ਕਿਲੋਮੀਟਰ ਸਫ਼ਰ ਦਾ ਭੁਗਤਾਨ ਕਰਨਾ ਪਵੇਗਾ, ਜਿਸ ਨਾਲ ਛੋਟਾ ਸਫ਼ਰ ਕਰਨ ਵਾਲਿਆਂ ਜੇਬ੍ਹ ’ਤੇ ਵਾਧੂ ਬੋਝ ਪਵੇਗੀ। ਪ੍ਰਾਪਤ ਜਾਣਕਾਰੀ ਅਨੁਸਾਰ ਯੂਟੀ ਪ੍ਰਸ਼ਾਸਨ ਨੇ ਏਸੀ ਜਾਂ ਨਾਨ-ਏਸੀ ਟੈਕਸੀ (4 ਸਵਾਰੀਆਂ) ਵਾਲੀ ਵਾਸਤੇ ਪਹਿਲੇ ਤਿੰਨ ਕਿਲੋਮੀਟਰ ਲਈ 90 ਰੁਪਏ ਅਤੇ ਹਰੇਕ ਅਗਲੇ ਕਿਲੋਮੀਟਰ ਲਈ 25 ਰੁਪਏ ਤੈਅ ਕਰ ਦਿੱਤੇ ਹਨ। ਪਹਿਲਾਂ ਏਸੀ ਟੈਕਸੀ ਦਾ ਕਿਰਾਇਆ 34 ਰੁਪਏ ਪ੍ਰਤੀ ਕਿਲੋਮੀਟਰ ਸੀ, ਅਤੇ ਨਾਨ-ਏਸੀ ਟੈਕਸੀ ਪਹਿਲੇ ਕਿਲੋਮੀਟਰ ਲਈ 25 ਰੁਪਏ ਅਤੇ ਹਰੇਕ ਅਗਲੇ ਕਿਲੋਮੀਟਰ ਲਈ 19 ਰੁਪਏ ਸੀ। ਇਸੇ ਤਰ੍ਹਾਂ ਏਸੀ ਜਾਂ ਨਾਨ-ਏਸੀ ਟੈਕਸੀ (6 ਸਵਾਰੀਆਂ) ਵਾਲੀ ਵਾਸਤੇ ਪਹਿਲੇ ਤਿੰਨ ਕਿਲੋਮੀਟਰ ਲਈ 100 ਰੁਪਏ ਅਤੇ ਅਗਲੇ ਹਰੇਕ ਕਿਲੋਮੀਟਰ ਲਈ 28 ਰੁਪਏ ਪ੍ਰਤੀ ਕਿਲੋਮੀਟਰ ਕਿਰਾਇਆ ਤੈਅ ਕੀਤਾ ਹੈ। ਆਟੋ-ਰਿਕਸ਼ਾ ਲਈ ਪਹਿਲੇ ਤਿੰਨ ਕਿਲੋਮੀਟਰ ਲਈ 50 ਰੁਪਏ ਅਤੇ ਹਰੇਕ ਅਗਲੇ ਕਿਲੋਮੀਟਰ ਲਈ 13 ਰੁਪਏ ਕਿਰਾਇਆ ਤੈਅ ਕੀਤਾ ਹੈ। ਪਹਿਲਾਂ ਆਟੋ-ਰਿਕਸ਼ਾ ਵੱਲੋਂ ਪਹਿਲੇ ਕਿਲੋਮੀਟਰ ਲਈ 19 ਰੁਪਏ ਅਤੇ ਹਰੇਕ ਅਗਲੇ ਕਿਲੋਮੀਟਰ ਲਈ 9 ਰੁਪਏ ਵਸੂਲ ਕੀਤਾ ਜਾਂਦਾ ਸੀ। ਇਸ ਤੋਂ ਇਲਾਵਾ ਪ੍ਰਸ਼ਾਸਨ ਨੇ ਬਾਈਕ ਟੈਕਸੀ ਦਾ ਕਿਰਾਇਆ ਨਿਰਧਾਰਤ ਕਰ ਦਿੱਤਾ ਹੈ। ਹੁਣ ਪਹਿਲੇ ਤਿੰਨ ਕਿਲੋਮੀਟਰ ਸਫ਼ਰ ਲਈ 30 ਰੁਪਏ ਅਤੇ ਹਰੇਕ ਅਗਲੇ ਕਿਲੋਮੀਟਰ ਲਈ 9 ਰੁਪਏ ਪ੍ਰਤੀ ਕਿਲੋਮੀਟਰ ਕਿਰਾਇਆ ਤੈਅ ਕੀਤਾ ਹੈ।