ਚੰਡੀਗੜ੍ਹ ’ਚ ਦੋ ਨੌਜਵਾਨਾਂ ਦੀ ਹੱਤਿਆ
ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 8 ਜੁਲਾਈ
ਚੰਡੀਗੜ੍ਹ ਵਿੱਚ ਲੰਘੀ ਰਾਤ ਵੱਖ-ਵੱਖ ਥਾਵਾਂ ’ਤੇ ਦੋ ਨੌਜਵਾਨਾਂ ਦੀ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਕੇ ਹੱਤਿਆ ਕਰ ਦਿੱਤੀ ਗਈ। ਇਹ ਘਟਨਾਵਾਂ ਰਾਮਦਰਪਾਲ ਤੇ ਮਲੋਆ ਵਿੱਚ ਵਾਪਰੀਆਂ ਹਨ। ਚੰਡੀਗੜ੍ਹ ਪੁਲੀਸ ਨੇ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪਹਿਲੀ ਘਟਨਾ ਰਾਮਦਰਬਾਰ ਫੇਜ਼-2 ਵਿੱਚ ਵਾਪਰੀ ਹੈ। ਇੱਥੇ ਸੋਮਵਾਰ ਰਾਤ ਨੂੰ 12.30 ਵਜੇ ਦੇ ਕਰੀਬ ਕੁਝ ਨੌਜਵਾਨਾਂ ਨੇ ਰਮਨ ਅਤੇ ਤੁਸ਼ਾਰ ਨਾਮ ਦੇ ਨੌਜਵਾਨਾਂ ’ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਇਸ ਦੌਰਾਨ ਦੋਵਾਂ ਦੇ ਸੱਟਾਂ ਵੱਜੀਆਂ। ਉਨ੍ਹਾਂ ਸੈਕਟਰ-32 ਦੇ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ। ਹਸਪਤਾਲ ਵਿੱਚ ਰਮਨ ਦੀ ਇਲਾਜ ਦੌਰਾਨ ਹੀ ਮੌਤ ਹੋ ਗਈ ਹੈ ਜਦੋਂਕਿ ਤੁਸ਼ਾਰ ਦੀ ਹਾਲਤ ਵੀ ਗੰਭੀਰ ਦੱਸੀ ਜਾ ਰਹੀ ਹੈ। ਥਾਣਾ ਸੈਕਟਰ-31 ਦੀ ਪੁਲੀਸ ਨੇ ਅਣਪਛਾਤਿਆਂ ਵਿਰੁੱਧ ਕੇਸ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲੀਸ ਨੇ ਤਿੰਨ ਨੌਜਵਾਨਾਂ ਰੋਸ਼ਨ ਵਾਸੀ ਪਿੰਡ ਝਾਮਪੁਰ, ਰਵੀ ਤੇ ਅਰੁਣ ਕੁਮਾਰ ਵਾਸੀ ਰਾਮਦਰਬਾਰ ਨੂੰ ਗ੍ਰਿਫ਼ਤਾਰ ਕੀਤਾ ਹੈ।
ਦੂਜੀ ਘਟਨਾ ਚੰਡੀਗੜ੍ਹ ਤੇ ਮੁਹਾਲੀ ਦੀ ਸਰਹੱਦ ’ਤੇ ਸਥਿਤ ਪਿੰਡ ਮਲੋਆ ਵਿੱਚ ਵਾਪਰੀ ਹੈ। ਇੱਥੇ 19 ਸਾਲਾ ਦੇਵਾ ਨਾਮ ਦੇ ਨੌਜਵਾਨ ਦੀ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਕੇ ਹੱਤਿਆ ਕਰ ਦਿੱਤੀ ਹੈ। ਜਾਣਕਾਰੀ ਅਨੁਸਾਰ ਉਹ ਆਪਣੇ ਦੋਸਤ ਦੇ ਨਾਲ ਖੜ੍ਹਾ ਸੀ। ਇਸ ਦੌਰਾਨ ਹਮਲਾਵਰਾਂ ਨੇ ਉਸ ’ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕੀਤਾ। ਦੇਵਾ ਨੂੰ ਤੁਰੰਤ ਸੈਕਟਰ-16 ਦੇ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਜਿੱਥੇ ਡਾਕਟਰਾਂ ਨੇ ਉਸ ਨੂੂੰ ਮ੍ਰਿਤਕ ਕਰਾਰ ਦਿੱਤਾ ਹੈ। ਇਸ ਮਾਮਲੇ ਦੀ ਜਾਣਕਾਰੀ ਮਿਲਦੇ ਹੀ ਚੰਡੀਗੜ੍ਹ ਪੁਲੀਸ ਨੇ ਕੇਸ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।