ਖੇਤਰੀ ਪ੍ਰਤੀਨਿਧ
ਚੰਡੀਗੜ੍ਹ, 18 ਸਤੰਬਰ
ਭਾਰਤੀ ਉਦਯੋਗ ਵਪਾਰ ਮੰਡਲ (ਬੀਯੂਵੀਐਮ) ਨਵੀਂ ਦਿੱਲੀ ਨਾਲ ਸਬੰਧਤ ਚੰਡੀਗੜ੍ਹ ਦੇ ਵਾਪਰੀਆਂ ਦੀ ਜਥੇਬੰਦੀ ਚੰਡੀਗੜ੍ਹ ਵਪਾਰ ਮੰਡਲ (ਸੀਬੀਐਮ) ਦੀ ਸੋਮਵਾਰ ਨੂੰ ਹੋਈ ਕਾਰਜਕਾਰਨੀ ਦੀ ਮੀਟਿੰਗ ਵਿੱਚ ਸ਼ਹਿਰ ਦੇ ਵਪਾਰੀਆਂ ਨਾਲ ਜੁੜੇ ਮੁੱਦਿਆਂ ’ਤੇ ਚਰਚਾ ਕੀਤੀ ਗਈ। ਮੀਟਿੰਗ ਦੌਰਾਨ ਭਾਰਤੀ ਉਦਯੋਗ ਵਪਾਰ ਮੰਡਲ ਦੇ ਕੌਮੀ ਪ੍ਰਧਾਨ ਬਾਬੂ ਲਾਲ ਗੁਪਤਾ ਵੀ ਖਾਸ ਤੌਰ ’ਤੇ ਹਾਜ਼ਰ ਹੋਏ। ਉਨ੍ਹਾਂ ਦਾ ਇੱਥੇ ਚੰਡੀਗੜ੍ਹ ਪੁੱਜਣ ’ਤੇ ਸੀਬੀਐਮ ਦੇ ਅਹੁਦੇਦਾਰਾਂ ਨੇ ਸਵਾਗਤ ਕੀਤਾ। ਮੀਟਿੰਗ ਦੌਰਾਨ ਸੀਬੀਐਮ ਦੇ ਅਹੁਦੇਦਾਰਾਂ ਅਤੇ ਹੋਰ ਮੈਂਬਰਾਂ ਨੇ ਵਪਾਰੀਆਂ ਦੀਆਂ ਸਮੱਸਿਆਵਾਂ ਬਾਰੇ ਚਰਚਾ ਕੀਤੀ।
ਮੀਟਿੰਗ ਦੌਰਾਨ ਬੀਯੂਵੀਐਮ ਦੇ ਪ੍ਰਧਾਨ ਬਾਬੂ ਲਾਲ ਗੁਪਤਾ ਨੇ ਸੀਬੀਐਮ ਦੇ ਮੈਂਬਰਾਂ ਨੂੰ ਉਨ੍ਹਾਂ ਦੀਆਂ ਜੀਐਸਟੀ ਨਾਲ ਜੁੜੀਆਂ ਸਮੱਸਿਆਵਾਂ ਜੀਐੱਸਟੀ ਕੌਂਸਲ ਆਫ ਇੰਡੀਆ ਅਤੇ ਸਰਕਾਰ ਦੇ ਹੋਰ ਸਬੰਧਤ ਮੰਤਰਾਲਿਆਂ ਕੋਲ ਉਠਾਉਣ ਦਾ ਭਰੋਸਾ ਦਿੱਤਾ। ਇਸ ਦੌਰਾਨ ਦੇਸ਼ ਭਰ ਦੇ ਵਪਾਰੀਆਂ ਦੀਆਂ ਚੁਣੌਤੀਆਂ ਨਾਲ ਨਜਿੱਠਣ ਦੀ ਮਹੱਤਤਾ ’ਤੇ ਜ਼ੋਰ ਦਿੰਦੇ ਹੋਏ ਵਪਾਰੀਆਂ ਨਾਲ ਸਬੰਧਤ ਕਈ ਹੋਰ ਮਹੱਤਵਪੂਰਨ ਕੌਮੀ ਪੱਧਰ ਦੇ ਮੁੱਦਿਆਂ ’ਤੇ ਵਿਆਪਕ ਤੌਰ ‘ਤੇ ਚਰਚਾ ਕੀਤੀ ਗਈ।
ਚੰਡੀਗੜ੍ਹ ਵਪਾਰ ਮੰਡਲ ਦੇ ਪ੍ਰਧਾਨ ਚਰਨਜੀਵ ਸਿੰਘ ਨੇ ਕਿਹਾ ਕਿ ਬੀਯੂਵੀਐਮ ਵਪਾਰੀਆਂ ਦੇ ਮਸਲਿਆਂ ਦੇ ਹੱਲ ਲਈ ਲਗਾਤਾਰ ਯਤਨਸ਼ੀਲ ਹੈ। ਮੀਟਿੰਗ ਦੌਰਾਨ ਵਪਾਰੀਆਂ ਨੇ ਸਾਰੇ ਬਕਾਇਆ ਵੈਟ ਮੁਲਾਂਕਣ ਕੇਸਾਂ ਲਈ ਪੰਜਾਬ ਪੈਟਰਨ ’ਤੇ ਭਾਰੀ ਜੁਰਮਾਨਾ ਲਗਾਉਣ ਲਈ ਐਮਨੈਸਟੀ ਸਕੀਮ ਦੀ ਤੁਰੰਤ ਨੋਟੀਫਿਕੇਸ਼ਨ ਕਰਨ ’ਤੇ ਜ਼ੋਰ ਦਿੱਤਾ। ਮੁੱਖ ਮਹਿਮਾਨ ਬਾਬੂ ਲਾਲ ਗੁਪਤਾ ਨੇ ਕੇਂਦਰ ਸਰਕਾਰ ਵੱਲੋਂ ਕਈ ਕਾਨੂੰਨਾਂ ’ਤੇ ਵਪਾਰੀ ਪੱਖੀ ਵਿਵਸਥਾਵਾਂ ਨੂੰ ਸੁਰੱਖਿਅਤ ਕਰਨ ਵਿੱਚ ਬੋਰਡ ਦੀਆਂ ਪ੍ਰਾਪਤੀਆਂ ’ਤੇ ਚਾਨਣਾ ਪਾਇਆ। ਉਨ੍ਹਾਂ ਇਸ ਗੱਲ ਦੀ ਸ਼ਲਾਘਾ ਕੀਤੀ ਕਿ ਦੇਸ਼ ਵਿੱਚ ਵੱਧ ਤੋਂ ਵੱਧ ਵਪਾਰੀ ਇਕੱਠੇ ਹੋ ਕੇ ਬੀਯੂਵੀਐਮ ਦੇ ਅਧੀਨ ਆ ਰਹੇ ਹਨ। ਉਨ੍ਹਾਂ ਮੈਂਬਰਾਂ ਨੂੰ ਭਰੋਸਾ ਦਿਵਾਇਆ ਕਿ ਉਹ ਅੱਜ ਦੀ ਕਾਰਜਕਾਰਨੀ ਮੀਟਿੰਗ ਵਿੱਚ ਉਠਾਏ ਮੁੱਦਿਆਂ ਨੂੰ ਜੀਐਸਟੀ ਕੌਂਸਲ ਆਫ਼ ਇੰਡੀਆ ਅਤੇ ਸਰਕਾਰ ਦੇ ਹੋਰ ਸਬੰਧਤ ਮੰਤਰਾਲਿਆਂ ਨਾਲ ਉਠਾਉਣਗੇ।
ਚੰਡੀਗੜ੍ਹ ਵਪਾਰ ਮੰਡਲ ਦੇ ਅਧਿਕਾਰਤ ਬੁਲਾਰੇ ਦੀਵਾਕਰ ਸਹੂਜਾ ਨੇ ਬੋਰਡ ਵੱਲੋਂ ਵਪਾਰੀਆਂ ਦੀ ਬਿਹਤਰੀ ਅਤੇ ਉਨ੍ਹਾਂ ਦੇ ਹਿੱਤਾਂ ਲਈ ਕੰਮ ਕਰਨ ਦੀ ਵਚਨਬੱਧਤਾ ਪ੍ਰਗਟਾਈ।