ਲੱਕੀ ਪਟਿਆਲ ਗੈਂਗ ਦੇ ਤਿੰਨ ਮੈਂਬਰ ਅਸਲੇ ਸਣੇ ਗ੍ਰਿਫ਼ਤਾਰ
ਪੱਤਰ ਪ੍ਰੇਰਕ
ਐਸ.ਏ.ਐਸ. ਨਗਰ (ਮੁਹਾਲੀ), 10 ਨਵੰਬਰ
ਪੰਜਾਬ ਪੁਲੀਸ ਦੇ ਸਟੇਟ ਸਪੈਸ਼ਲ ਅਪਰੇਸ਼ਨ ਸੈਲ ਤੇ ਕਾਊਂਟਰ ਇੰਟੈਲੀਜੈਂਸ ਬਠਿੰਡਾ ਨੇ ਸਾਂਝੇ ਅਪਰੇਸ਼ਨ ਦੌਰਾਨ ਵਿਦੇਸ਼ ਆਧਾਰਤ ਗੈਂਗਸਟਰ ਲੱਕੀ ਪਟਿਆਲ ਨਾਲ ਜੁੜੇ ਗੈਂਗਸਟਰ ਬੰਬੀਹਾ ਗੈਂਗ ਦੇ ਮੁੱਖ ਸੰਚਾਲਕ ਅਤੇ ਪੰਜਾਬ ਵਿੱਚ ਟਾਰਗੇਟ ਕਿਲਿੰਗ ਨੂੰ ਅੰਜਾਮ ਦੇਣ ਵਾਲੇ 3 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਸਬੰਧੀ ਮੁਹਾਲੀ ਸਥਤਿ ਸਟੇਟ ਸਪੈਸ਼ਲ ਅਪਰੇਸ਼ਨ ਸੈੱਲ ਦੇ ਥਾਣੇ ਵਿੱਚ ਕੇਸ ਦਰਜ ਕੀਤਾ ਗਿਆ ਹੈ।
ਅੱਜ ਇੱਥੇ ਸਟੇਟ ਸਪੈਸ਼ਲ ਅਪਰੇਸ਼ਨ ਸੈੱਲ ਮੁਹਾਲੀ ਦੇ ਏਆਈਜੀ ਹਰਮਨਦੀਪ ਸਿੰਘ ਹੰਸ ਨੇ ਦੱਸਿਆ ਕਿ ਮੁਲਜ਼ਮਾਂ ਕੋਲੋਂ ਦੋ ਪਿਸਤੌਲ ਅਤੇ 10 ਕਾਰਤੂਸ ਬਰਾਮਦ ਕੀਤੇ ਗਏ ਹਨ।
ਏਆਈਜੀ ਹੰਸ ਨੇ ਦੱਸਿਆ ਕਿ ਪੁਲੀਸ ਨੂੰ ਜਾਣਕਾਰੀ ਮਿਲੀ ਸੀ ਕਿ ਲੱਕੀ ਪਟਿਆਲ ਨੇ ਗ਼ੈਰਕਾਨੂੰਨੀ ਹਥਿਆਰਾਂ ਦੀ ਖੇਪ ਦਾ ਪ੍ਰਬੰਧ ਕੀਤਾ ਹੈ ਤੇ ਕੁਝ ਟਾਰਗੇਟ ਕਿਲਿੰਗ ਨੂੰ ਅੰਜਾਮ ਦੇਣ ਦੇ ਮੰਤਵ ਨਾਲ ਪੰਜਾਬ ਵਿੱਚ ਆਪਣੇ ਮੁੱਖ ਕਾਰਕੁਨਾਂ ਨੂੰ ਸੌਂਪਿਆ ਹੈ। ਇਸ ਦੇ ਆਧਾਰ ’ਤੇ ਸਟੇਟ ਸਪੈਸ਼ਲ ਅਪਰੇਸ਼ਨ ਸੈਲ ਮੁਹਾਲੀ ਤੇ ਕਾਊਂਟਰ ਇੰਟੈਲੀਜੈਂਸ ਬਠਿੰਡਾ ਦੀ ਸਾਂਝੀ ਟੀਮ ਨੇ ਜਗਜੀਤ ਸਿੰਘ, ਅਨਮੋਲ ਸਿੰਘ ਅਤੇ ਮਨਪ੍ਰੀਤ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਹੈ। ਕਾਊਂਟਰ ਇੰਟੈਲੀਜੈਂਸ ਬਠਿੰਡਾ ਦੀ ਏਆਈਜੀ ਅਵਨੀਤ ਕੌਰ ਸਿੱਧੂ ਨੇ ਦੱਸਿਆ ਕਿ ਪੜਤਾਲ ਦੌਰਾਨ ਅਹਿਮ ਖ਼ੁਲਾਸੇ ਹੋਣ ਦੀ ਸੰਭਾਵਨਾ ਹੈ।