ਪੱਤਰ ਪ੍ਰੇਰਕ
ਚੰਡੀਗੜ੍ਹ, 4 ਜੁਲਾਈ
ਚੰਡੀਗੜ੍ਹ ਪੁਲੀਸ ਨੇ ਲੋਕਾਂ ਦੇ ਘਰਾਂ ਵਿੱਚ ਚੋਰੀਆਂ ਕਰਨ ਵਾਲੇ ਇੱਕ ਚੋਰ ਗਰੋਹ ਦਾ ਪਰਦਾਫਾਸ਼ ਕਰਦਿਆਂ ਤਿੰਨ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ਵਿੱਚ ਸਫ਼ਲਤਾ ਹਾਸਲ ਕੀਤੀ ਹੈ। ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਦੇ ਨਾਂ ਰਾਜੇਸ਼ ਉਰਫ਼ ਕੰਚਾ, ਰੋਹਿਤ ਅਤੇ ਲਾਲੂ ਹਨ, ਜੋ ਕਿ ਤਿੰਨੋਂ ਮੁਲਜ਼ਮ ਸਮਾਲ ਫਲੈਟਸ ਧਨਾਸ (ਚੰਡੀਗੜ੍ਹ) ਦੇ ਵਸਨੀਕ ਹਨ।
ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਤੋਂ ਪੁਲੀਸ ਨੇ ਵੱਡੀ ਮਾਤਰਾ ਵਿੱਚ ਸੋਨੇ-ਚਾਂਦੀ ਦੇ ਗਹਿਣੇ, ਲੈਪਟੌਪ ਅਤੇ ਮੋਬਾਈਲ ਫੋਨ ਬਰਾਮਦ ਕੀਤੇ ਹਨ।
ਪੁਲੀਸ ਨੇ ਸਮਾਲ ਫਲੈਟਸ ਧਨਾਸ ਨਿਵਾਸੀ ਰਾਧਾ ਨਾਮਕ ਮਹਿਲਾ ਦੀ ਸ਼ਿਕਾਇਤ ’ਤੇ ਪੁਲੀਸ ਸਟੇਸ਼ਨ ਸਾਰੰਗਪੁਰ ਵਿੱਚ 2 ਜੁਲਾਈ ਨੂੰ ਭਾਰਤੀ ਨਿਆਂ ਸੰਹਿਤਾ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਚੋਰੀ ਦਾ ਕੇਸ ਦਰਜ ਕੀਤਾ ਸੀ। ਉਸ ਨੇ ਸ਼ਿਕਾਇਤ ਦਿੱਤੀ ਸੀ ਕਿ ਉਸ ਦੇ ਘਰ ਵਿੱਚੋਂ ਤਿੰਨ ਮੋਬਾਈਲ ਫੋਨ, ਇੱਕ ਸੋਨੇ ਅਤੇ ਚਾਂਦੀ ਦੇ ਗਹਿਣਿਆਂ ਦਾ ਬੈਗ, 20 ਹਜ਼ਾਰ ਰੁਪਏ ਨਕਦ, ਪੈਨ ਡਰਾਈਵਾਂ, ਏ.ਟੀ.ਐੱਮ. ਕਾਰਡ ਆਦਿ ਕਾਫ਼ੀ ਸਮਾਨ ਚੋਰੀ ਹੋ ਗਿਆ ਸੀ। ਪੁਲੀਸ ਨੇ ਗੁਪਤ ਸੂਚਨਾ ਦੇ ਅਧਾਰ ਉਤੇ ਰਾਜੇਸ਼ ਉਰਫ਼ ਕੰਚਾ ਨੂੰ ਗ੍ਰਿਫ਼ਤਾਰ ਕਰਕੇ ਪੁੱਛ-ਪੜਤਾਲ ਕੀਤੀ ਤਾਂ ਉਸ ਕੋਲੋ ਕੁਝ ਚੋਰੀ ਦਾ ਸਾਮਾਨ ਬਰਾਮਦ ਹੋਇਆ। ਉਸ ਦੀ ਹੋਰ ਪੁੱਛ-ਪੜਤਾਲ ਦੌਰਾਨ ਰੋਹਿਤ ਅਤੇ ਲਾਲੂ ਨੂੰ ਗ੍ਰਿਫ਼ਤਾਰ ਕੀਤਾ ਗਿਆ, ਜਿਨ੍ਹਾਂ ਕੋਲੋਂ ਤਿੰਨ ਲੈਪਟੌਪ, ਦਸ ਮੋਬਾਈਲ ਫੋਨ, ਇੱਕ ਸੋਨੇ ਦਾ ਮੱਥੇ ਵਾਲਾ ਟਿੱਕਾ, ਸੋਨੇ ਦੇ ਟਾਪਸ, ਕੰਨਾਂ ਦੀਆਂ ਵਾਲੀਆਂ, ਸੋਨੇ ਦੇ ਮੰਗਲਸੂਤਰ ਦੇ ਚਾਰ ਲੌਕਟ, ਸੋਨੇ ਦਾ ਇੱਕ ਹੋਰ ਲੌਕਟ, ਤਿੰਨ ਸੋਨੇ ਦੇ ਕੋਕੇ, ਇੱਕ ਟਾਈਟਨ ਕੰਪਨੀ ਦੀ ਘੜੀ, ਦੋ ਚਾਂਦੀ ਦੇ ਕੜੇ, ਚਾਂਦੀ ਦੀਆਂ ਚਾਰ ਜੋੜੇ ਝਾਂਜਰਾਂ, ਚਾਂਦੀ ਦੀਆਂ 16 ਮੁੰਦਰੀਆਂ ਆਦਿ ਬਰਾਮਦ ਕੀਤੇ ਗਏ। ਤਿੰਨੋਂ ਮੁਲਾਜ਼ਮਾਂ ਨੂੰ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ ਹੈ।