ਪੰਚਕੂਲਾ ਜ਼ਿਲ੍ਹੇ ਵਿੱਚ ਕਰੋਨਾ ਮਰੀਜ਼ਾਂ ਦੀ ਗਿਣਤੀ ਚਾਰ ਹੋਈ
ਪੀ.ਪੀ. ਵਰਮਾ
ਪੰਚਕੂਲਾ, 2 ਜੂਨ
ਪੰਚਕੂਲਾ ਜ਼ਿਲ੍ਹੇ ਵਿੱਚ ਕਰੋਨਾ ਇਨਫੈਕਸ਼ਨ ਦੇ ਮਾਮਲੇ ਵੱਧ ਰਹੇ ਹਨ। ਹੁਣ ਤੱਕ ਜ਼ਿਲ੍ਹੇ ਵਿੱਚ ਕੁੱਲ ਚਾਰ ਨਵੇਂ ਕਰੋਨਾ ਪਾਜ਼ੀਟਿਵ ਮਰੀਜ਼ ਸਾਹਮਣੇ ਆਏ ਹਨ। ਇਨਫੈਕਟਿਡਾਂ ਵਿੱਚ ਇੱਕ ਬਜ਼ੁਰਗ ਵਿਅਕਤੀ, ਇੱਕ ਔਰਤ ਅਤੇ ਇੱਕ ਮਾਂ-ਪੁੱਤਰ ਸ਼ਾਮਲ ਹਨ। ਇਸ ਵੇਲੇ ਸਾਰੇ ਮਰੀਜ਼ਾਂ ਨੂੰ ਘਰੇਲੂ ਇਕਾਂਤਵਾਸ ਵਿੱਚ ਰੱਖਿਆ ਗਿਆ ਹੈ ਅਤੇ ਉਨ੍ਹਾਂ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ। ਪਿੰਡ ਟੋਕਾ ਦੇ ਰਹਿਣ ਵਾਲੇ ਇੱਕ 77 ਸਾਲਾ ਬਜ਼ੁਰਗ ਨੂੰ ਕਰੋਨਾ ਹੋਣ ਦੀ ਪੁਸ਼ਟੀ ਹੋਈ। ਬਜ਼ੁਰਗ ਨੂੰ ਬੁਖਾਰ, ਖੰਘ ਅਤੇ ਜ਼ੁਕਾਮ ਦੀ ਸ਼ਿਕਾਇਤ ਸੀ, ਜਿਸ ਤੋਂ ਬਾਅਦ ਉਸਨੂੰ ਨੇੜਲੇ ਨਿੱਜੀ ਹਸਪਤਾਲ ਵਿੱਚ ਦਿਖਾਇਆ ਗਿਆ। ਉਸ ਦੇ ਕਰੋਨਾ ਟੈਸਟ ਦੀ ਰਿਪੋਰਟ ਪਾਜ਼ੇਟਿਵ ਆਈ। ਉਨ੍ਹਾਂ ਦਾ ਕੋਈ ਯਾਤਰਾ ਹਿਸਟਰੀ ਸਾਹਮਣੇ ਨਹੀਂ ਆਈ। ਸੈਕਟਰ 12 ਏ ਵਿੱਚ ਰਹਿਣ ਵਾਲੀ ਇੱਕ ਔਰਤ ਅਤੇ ਉਸਦੇ ਪੁੱਤਰ ਨੂੰ ਕਰੋਨਾ ਪਾਜ਼ੀਟਿਵ ਪਾਇਆ ਗਿਆ। ਸੈਕਟਰ 21 ਦੀ ਇੱਕ 29 ਸਾਲਾ ਔਰਤ ਕਰੋਨਾ ਰਿਪੋਰਟ ਪਾਜ਼ੇਟਿਵ ਆਈ।
ਅੰਬਾਲਾ ’ਚ ਦੋ ਵਿਅਕਤੀ ਕਰੋਨਾ ਪਾਜ਼ੇਟਿਵ ਮਿਲੇ
ਅੰਬਾਲਾ (ਨਿੱਜੀ ਪੱਤਰ ਪ੍ਰੇਰਕ): ਅੰਬਾਲਾ ਵਿਚ ਦੋ ਵਿਅਕਤੀ ਕਰੋਨਾ ਪਾਜ਼ੇਟਿਵ ਮਿਲੇ ਹਨ। ਇਨ੍ਹਾਂ ਵਿਚੋਂ ਇਕ ਦੀ ਜਾਂਚ ਕੱਲ੍ਹ ਸ਼ਾਮ ਨੂੰ ਅਤੇ ਦੂਜੇ ਦੀ ਅੱਜ ਸਵੇਰੇ ਹੋਈ ਹੈ। ਜਾਣਕਾਰੀ ਅਨੁਸਾਰ ਕੱਲ੍ਹ ਸ਼ਾਮ ਨੂੰ ਜ਼ਿਲ੍ਹਾ ਹਸਪਤਾਲ ਅੰਬਾਲਾ ਸ਼ਹਿਰ ਵਿਚ ਜਾਂਚ ਦੇ ਦੌਰਾਨ ਇਕ ਵਿਅਕਤੀ ਕਰੋਨਾ ਪਾਜ਼ੇਟਿਵ ਮਿਲਿਆ ਹੈ। ਨੌਜਵਾਨ ਅੰਬਾਲਾ ਦਾ ਰਹਿਣ ਵਾਲਾ ਹੈ ਅਤੇ ਨੋਇਡਾ ਦੀ ਇਕ ਕੰਪਨੀ ਵਿਚ ਕੰਮ ਕਰਦਾ ਹੈ। ਅੱਜ ਸਵੇਰੇ ਰਾਮ ਨਾਂ ਦਾ ਇਕ ਹੋਰ ਵਿਅਕਤੀ ਜਾਂਚ ਦੌਰਾਨ ਕਰੋਨਾ ਪਾਜ਼ੇਟਿਵ ਮਿਲਿਆ ਹੈ। ਇਹ ਵਿਅਕਤੀ ਅਲੀਗੜ੍ਹ (ਯੂਪੀ) ਦਾ ਰਹਿਣ ਵਾਲਾ ਹੈ ਅਤੇ ਅੰਬਾਲਾ ਦੀ ਇਕ ਨਿੱਜੀ ਕੰਪਨੀ ਵਿਚ ਕੰਮ ਕਰਦਾ ਹੈ। ਹਸਪਤਾਲ ਵਾਲਿਆਂ ਨੇ ਦੋਹਾਂ ਨੂੰ ਘਰ ਵਿਚ ਹੀ ਇਕਾਂਤਵਾਸ ਹੋਣ ਲਈ ਕਿਹਾ ਹੈ ਅਤੇ ਕਰੋਨਾ ਤੋਂ ਬਚਣ ਲਈ ਦਵਾਈਆਂ ਦੇ ਸੈੱਟ ਤੇ ਕਿੱਟਾਂ ਦਿੱਤੀਆਂ ਗਈਆਂ ਹਨ।