ਮੁਕੇਸ਼ ਕੁਮਾਰ
ਚੰਡੀਗੜ੍ਹ, 9 ਸਤੰਬਰ
ਲਗਪਗ ਪੰਜ ਦਹਾਕਿਆਂ ਤੋਂ ਖਸਤਾ ਹਾਲਤ ਸੈਕਟਰ 15/11 ਦੇ ਅੰਡਰਪਾਸ ਦਾ ਨਵੀਨੀਕਰਨ ਕੀਤਾ ਜਾਵੇਗਾ, ਜਿਸ ਦਾ ਕੰਮ ਅੱਜ ਏਰੀਆ ਕੌਂਸਲਰ ਸੌਰਭ ਜੋਸ਼ੀ ਨੇ ਸ਼ੁਰੂ ਕਰਵਾਇਆ ਹੈ। ਇਸ ਕੰਮ ’ਤੇ ਨਗਰ ਨਿਗਮ ਵਲੋਂ ਲਗਪਗ 52 ਲੱਖ ਰੁਪਏ ਖ਼ਰਚ ਕੀਤੇ ਜਾ ਰਹੇ ਹਨ। ਸੈਕਟਰ 15-11 ਨੂੰ ਜੋੜਨ ਵਾਲੇ ਅੰਡਰਪਾਸ ਦੇ ਮੁੜ-ਨਿਰਮਾਣ ਅਤੇ ਸੁੰਦਰੀਕਰਨ ਦੇ ਸ਼ੁਰੂ ਕੀਤੇ ਗਏ ਕੰਮ ਨੂੰ ਲੈ ਕੇ ਏਰੀਆ ਕੌਂਲਸਰ ਸੌਰਭ ਜੋਸ਼ੀ ਨੇ ਦੱਸਿਆ ਕਿ ਅੰਡਰਪਾਸ ਦੇ ਪ੍ਰਵੇਸ਼ ’ਤੇ ਵਰਟੀਕਲ ਗਾਰਡਨ, ਆਲੇ-ਦੁਆਲੇ ਦੇ ਫੁਟਪਾਥ ਦੀ ਮੁਕੰਮਲ ਮੁਰੰਮਤ, ਪੇਂਟ ਅਤੇ ਅੰਡਰਪਾਸ ਵਿੱਚ ਕੋਟਾ ਪੱਥਰ ਦੇ ਫਰਸ਼ ਅਤੇ ਕੱਚ ਦੀਆਂ ਮੋਜ਼ੇਕ ਟਾਈਲਾਂ ਲਗਾ ਕੇ ਇਸ ਨੂੰ ਸੁੰਦਰ ਬਣਾਇਆ ਜਾਵੇਗਾ। ਉਨ੍ਹਾਂ ਦੱਸਿਆ ਕਿ ਲਗਪਗ 5 ਦਹਾਕਿਆਂ ਤੋਂ ਖਸਤਾ ਹਾਲਤ ਵਿੱਚ ਪਏ ਇਸ ਅੰਡਰਪਾਸ ਨੂੰ ਚੰਡੀਗੜ੍ਹ ਨਗਰ ਨਿਗਮ ਦੇ ਸਹਿਯੋਗ ਨਾਲ 52 ਲੱਖ ਰੁਪਏ ਦੀ ਰਾਸ਼ੀ ਨਾਲ ਨਵੇਂ ਰੂਪ ਵਿੱਚ ਲੋਕਾਂ ਨੂੰ ਸਮਰਪਿਤ ਕੀਤਾ ਜਾਵੇਗਾ। ਵਰਨਣਯੋਗ ਹੈ ਕਿ ਇਹ ਅੰਡਰਪਾਸ ਚੰਡੀਗੜ੍ਹ ਸ਼ਹਿਰ ਨੂੰ ਡਿਜ਼ਾਈਨ ਕਰਨ ਵਾਲੇ ਫਰਾਂਸ ਦੇ ਵਾਸਤੂਕਾਰ ਲੀ-ਕਾਰਬੂਜੀਏ ਨੇ ਬਣਾਇਆ ਸੀ। ਉਦੋਂ ਤੋਂ ਲੈ ਕੇ ਅੱਜ ਤੱਕ ਅਣਗੌਲੇ ਚੱਲੇ ਆ ਰਹੇ ਅੰਡਰਪਾਸ ਵਿੱਚ ਪਹਿਲਾਂ ਸੌਰਭ ਜੋਸ਼ੀ ਵੱਲੋਂ ਲਾਈਟਾਂ ਲਗਾ ਕੇ ਅਤੇ ਜਮ੍ਹਾਂ ਹੋਏ ਬਰਸਾਤੀ ਪਾਣੀ ਦੀ ਨਿਕਾਸੀ ਦਾ ਹੱਲ ਕਰਵਾ ਗਿਆ ਸੀ ਤੇ ਹੁਣ ਇਸ ਦੀ ਮੁਰੰਮਤ ਅਤੇ ਸੁੰਦਰੀਕਰਨ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ। ਕੌਂਸਲਰ ਸੌਰਭ ਜੋਸ਼ੀ ਨੇ ਦੱਸਿਆ ਕਿ ਅੰਡਰਪਾਸ ਦੇ ਨਾਲ ਸੈਕਟਰ 15 ਸਥਿਤ ਓਲਡ ਬੁਕ ਮਾਰਕੀਟ ਦੀਆਂ ਛੱਤਾਂ ਨੂੰ ਬਦਲਣ ਦਾ ਕੰਮ ਵੀ ਕਰਵਾਇਆ ਜਾ ਰਿਹੈ ਹੈ। ਉਨ੍ਹਾਂ ਦੱਸਿਆ ਕਿ ਪੁਰਾਣੀ ਕਿਤਾਬਾਂ ਦੀ ਇਹ ਮਾਰਕੀਟ ਉਨ੍ਹਾਂ ਦੇ ਕੌਂਸਲਰ ਵਜੋਂ ਪਹਿਲੇ ਕਾਰਜਕਾਲ (2011-2016) ਦੌਰਾਨ ਉਨ੍ਹਾਂ ਦੁਕਾਨਦਾਰਾਂ ਲਈ ਸਥਾਪਤ ਕੀਤੀ ਗਈ ਸੀ ਜੋ ਖੁੱਲ੍ਹੇ ਅਸਮਾਨ ਹੇਠ ਕਿਤਾਬਾਂ ਵੇਚ ਕੇ ਆਪਣਾ ਗੁਜ਼ਾਰਾ ਚਲਾਉਂਦੇ ਸਨ। ਅੱਜ ਚੰਡੀਗੜ੍ਹ ਨਗਰ ਨਿਗਮ ਦੇ ਸਹਿਯੋਗ ਨਾਲ ਇਨ੍ਹਾਂ ਦੁਕਾਨਾਂ ਦੀਆਂ ਪੁਰਾਣੀਆਂ ਅਤੇ ਖਰਾਬ ਹੋਈਆਂ ਫਾਈਬਰ ਸ਼ੀਟਾਂ ਦੀਆਂ ਛੱਤਾਂ ਨੂੰ ਕੋਰੇਗੇਟਿਡ ਜੀਐਸ ਸ਼ੀਟਾਂ ਨਾਲ ਬਦਲਣ ਦਾ ਕੰਮ ਵੀ ਸ਼ੁਰੂ ਕਰ ਦਿੱਤਾ ਗਿਆ ਹੈ।