ਦੁਕਾਨਦਾਰਾਂ ਨੇ ਕੌਂਸਲ ਦਫ਼ਤਰ ਘੇਰਿਆ
ਚਰਨਜੀਤ ਸਿੰਘ ਚੰਨੀ
ਮੁੱਲਾਂਪੁਰ ਗ਼ਰੀਬਦਾਸ, 2 ਜੁਲਾਈ
ਨਗਰ ਕੌਂਸਲ ਨਵਾਂ ਗਰਾਉਂ ਵਿਖੇ ਅੱਜ ਨਾਡਾ ਰੋਡ ਤੋਂ ਨਵਾਂ ਗਰਾਉਂ ਜਾਣ ਵਾਲੀ ਮੁੱਖ ਸੜਕ ਦੀ ਖਸਤਾ ਹਾਲਤ ਤੇ ਸੀਵਰੇਜ ਸਿਸਟਮ ਦੇ ਕੰਮ ਦੀ ਚੱਲਦੀ ਢਿੱਲ-ਮੱਠ ਕਾਰਨ ਵੱਡੀ ਗਿਣਤੀ ਦੁਕਾਨਦਾਰਾਂ ਨੇ ਦਫ਼ਤਰ ਦਾ ਘਿਰਾਉ ਕੀਤਾ ਅਤੇ ਸਰਕਾਰ ਤੇ ਜ਼ਿਲ੍ਹਾ ਪ੍ਰਸ਼ਾਸਨ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਦੁਕਾਨਦਾਰਾਂ ਦਾ ਕਹਿਣਾ ਹੈ ਕਿ ਪਿਛਲੇ ਸਾਲ ਅਗਸਤ ਮਹੀਨੇ ਤੋਂ ਨਾਡਾ ਰੋਡ ਉਤੇ ਸੀਵਰੇਜ ਲਾਈਨ ਦੇ ਪਾਈਪ ਜ਼ਮੀਨਦੋਜ਼ ਕਰਨ ਦਾ ਕੰਮ ਚਲਾਇਆ ਜਾ ਰਿਹਾ ਹੈ ਤੇ ਸੜਕ ਥਾਂ-ਥਾਂ ਤੋਂ ਪੁੱਟੀ ਹੋਈ ਹੈ। ਪਿਛਲੇ ਦਿਨ-ਰਾਤ ਪਏ ਮੀਂਹ ਦਾ ਪਾਣੀ ਕੱਚੇ ਰਾਸਤੇ ਵਿੱਚ ਖੜ੍ਹਨ ਕਰਕੇ ਚਿੱਕੜ ਬਣਿਆ ਹੋਇਆ ਹੈ, ਲੋਕਾਂ ਦੇ ਵਾਹਨ ਚਿੱਕੜ ਵਿੱਚ ਫਸ ਰਹੇ ਹਨ। ਪੈਦਲ ਚੱਲਣਾ ਵੀ ਮੁਸ਼ਕਲ ਹੈ ਜਿਸ ਕਾਰਨ ਉਨ੍ਹਾਂ ਦਾ ਕਾਰੋਬਾਰ ਠੱਪ ਹੋ ਗਿਆ ਹੈ। ਉਨ੍ਹਾਂ ਦੋਸ਼ ਲਾਹਿਆ ਕਿ ਠੇਕੇਦਾਰਾਂ ਵੱਲੋਂ ਸੀਵਰੇਜ ਦੇ ਕੰਮ ਵਿੱਚ ਤੇਜ਼ੀ ਨਹੀਂ ਲਿਆਂਦੀ ਜਾ ਰਹੀ। ਰੋਸ ਧਰਨੇ ਦਾ ਪਤਾ ਲੱਗਣ ਮਗਰੋਂ ਐੱਸਡੀਓ ਅਤੇ ਜੇਈ ਦੀਪਕ ਤੇ ਪ੍ਰਦੀਪ ਕੁਮਾਰ ਨੇ ਲੋਕਾਂ ਵੱਲੋਂ ਡਿਪਟੀ ਕਮਿਸ਼ਨਰ ਦੇ ਨਾਮ ਮੰਗ ਪੱਤਰ ਲੈਂਦਿਆਂ ਉਨਾਂ ਨੂੰ ਭਰੋੋਸਾ ਦਿਵਾਇਆ ਕਿ ਸੀਵਰੇਜ ਤੇ ਸੜਕ ਉਸਾਰੀ ਦੇ ਕੰਮ ਵਿੱਚ ਤੇਜ਼ੀ ਲਿਆਂਦੀ ਜਾਵੇਗੀ। ਇੱਥੇ ਜ਼ਿਕਰਯੋਗ ਹੈ ਕਿ ਸਾਬਕਾ ਮੰਤਰੀ ਤੇ ਹਲਕਾ ਖਰੜ ਤੋਂ ਮੌਜੂਦਾ ਵਿਧਾਇਕ ਬੀਬੀ ਅਨਮੋਲ ਗਗਨ ਮਾਨ ਨੇ ਨਗਰ ਕੌਂਸਲ ਨਵਾਂ ਗਰਾਉਂ ਅਧੀਨ ਪੈਂਦੇ ਸਮੁੱਚੇ ਇਲਾਕੇ ਵਿੱਚ ਕਰੀਬ 58 ਕਰੋੜ ਰੁਪਏ ਦੀ ਲਾਗਤ ਨਾਲ ਸੀਵਰੇਜ ਟਰੀਟਮੈਂਟ ਪਲਾਂਟ ਲਗਾਉਣ ਦਾ ਉਦਘਾਟਨ ਸੰਨ 2024 ਦੇ ਸਤੰਬਰ ਮਹੀਨੇ ਵਿੱਚ ਕੀਤਾ ਸੀ ਅਤੇ ਇਹ ਪ੍ਰਾਜੈਕਟ ਫਰਵਰੀ 2026 ਤੱਕ ਮੁਕੰਮਲ ਕਰਵਾਇਆ ਜਾਣਾ ਹੈ।