ਸ਼ਸ਼ੀ ਪਾਲ ਜੈਨ
ਖਰੜ, 31 ਮਈ
ਖਰੜ ਦੇ ਵਾਰਡ ਨੰਬਰ 18 ਅਧੀਨ ਪੈਂਦੇ ਆਦਰਸ਼ ਨਗਰ ਦੇ ਗਲੀ ਨੰਬਰ 3 ਵਿਚ ਸੀਵਰੇਜ ਕਾਫੀ ਲੰਬੇ ਸਮੇਂ ਤੋਂ ਬੰਦ ਪਿਆ ਹੈ ਜਿਸ ਕਾਰਨ ਉਥੇ ਕਦੇ ਵੀ ਭਿਆਨਕ ਬਿਮਾਰੀ ਫੈਲ ਸਕਦੀ ਹੈ। ਸਥਾਨਕ ਵਸਨੀਕ ਨਰੇਸ਼ ਕੁਮਾਰ ਨੇ ਦੱਸਿਆ ਕਿ ਉਹ ਪਿਛਲੇ ਲੰਬੇ ਸਮੇਂ ਤੋਂ ਇਸ ਸਬੰਧੀ ਨਗਰ ਕੌਸਲ ਨੂੰ ਸ਼ਿਕਾਇਤਾਂ ਕਰ ਰਹੇ ਹਨ ਪਰ ਇਸ ਸਮੱਸਿਆ ਦਾ ਕੋਈ ਹੱਲ ਨਹੀ ਹੋਇਆ ਹੈ। ਉਨ੍ਹਾਂ ਦੱਸਿਆ ਕਿ ਇਥੇ ਕਦੇ ਵੀ ਭਿਆਨਕ ਬੀਮਾਰੀ ਫੈਲ ਸਕਦੀ ਹੈ ਕਿਉਂਕਿ ਸੀਵਰੇਜ ਦਾ ਗੰਦਾ ਪਾਣੀ ਖਾਲੀ ਪਲਾਟਾਂ ਵਿਚ ਇਕੱਠਾ ਹੋ ਗਿਆ ਹੈ। ਇਸ ਸਬੰਧੀ ਖਰੜ ਦੀ ਜਨ ਹਿੱਤ ਵਿਕਾਸ ਕਮੇਟੀ ਦੇ ਪ੍ਰਧਾਨ ਰਣਜੀਤ ਸਿੰਘ ਹੰਸ ਅਤੇ ਜਨਰਲ ਸਕੱਤਰ ਬ੍ਰਿਜ ਮੋਹਨ ਸ਼ਰਮਾ ਨੇ ਨਗਰ ਕੌਸਲ ਦੇ ਕਾਰਜਸਾਧਕ ਅਫਸਰ ਨੂੰ ਅੱਜ ਇੱਕ ਸ਼ਿਕਾਇਤ ਵੀ ਭੇਜੀ ਹੈ ਕਿ ਸੜਕਾਂ ’ਤੇ ਖੜ੍ਹੇ ਗੰਦੇ ਪਾਣੀ ਕਾਰਨ ਲੋਕਾਂ ਦਾ ਘਰਾਂ ਵਿਚੋਂ ਨਿਕਲਣਾ ਮੁਸ਼ਕਲ ਹੋ ਗਿਆ ਹੈ। ਇਸ ਸਬੰਧੀ ਸੰਪਰਕ ਕਰਨ ’ਤੇ ਨਗਰ ਕੌਂਸਲ ਦੇ ਜੇਈ ਮਨੋਜ ਕੁਮਾਰ ਨੇ ਕਿਹਾ ਕਿ ਇਹ ਸਭ ਕੁਝ ਅੰਡਰ ਗਰਾਊਂਡ ਪਾਈਪਾਂ ਕਾਰਨ ਹੋ ਰਿਹਾ ਹੈ। ਇਸ ਦਾ ਹੱਲ ਕੱਢਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਵੱਡੀ ਮਸ਼ੀਨ ਮੰਗਵਾ ਕੇ ਪਾਈਪਾਂ ਸਾਫ਼ ਕਰਵਾਈਆਂ ਜਾ ਰਹੀਆਂ ਹਨ।