ਸੜਕ ਹਾਦਸਾ: ਕਾਰ ਚਾਲਕ ਦੀ ਗ੍ਰਿਫ਼ਤਾਰੀ ਲਈ ਆਵਾਜਾਈ ਠੱਪ
ਬਲਵਿੰਦਰ ਰੈਤ
ਨੂਰਪੁਰ ਬੇਦੀ, 8 ਜੁਲਾਈ
ਪਿੰਡ ਡੂਮੇਵਾਲ ਨਜ਼ਦੀਕ ਪੰਜ ਜੁਲਾਈ ਨੂੰ ਵਾਪਰੇ ਸੜਕ ਹਾਦਸੇ ਲਈ ਜ਼ਿੰਮੇਵਾਰ ਮੁਲਜ਼ਮ ਦੀ ਗ੍ਰਿਫ਼ਤਾਰੀ ਨਾ ਹੋਣ ਕਾਰਨ ਰੋਸ ਵਜੋਂ ਪੀੜਤ ਪਰਿਵਾਰ ਤੇ ਹੋਰ ਲੋਕਾਂ ਨੇ ਅੱਜ ਸੜਕ ਜਾਮ ਕਰ ਦਿੱਤੀ। ਉਨ੍ਹਾਂ ਕਿਹਾ ਕਿ ਪੁਲੀਸ ਨੇ ਅੱਜ ਚਾਰ ਦਿਨ ਬੀਤਣ ਤੋਂ ਬਾਅਦ ਵੀ ਮੁਲਜ਼ਮ ਨੂੰ ਕਾਬੂ ਨਹੀਂ ਕੀਤਾ, ਉਨ੍ਹਾਂ ਰੋਸ ਵਜੋਂ ਲਾਸ਼ ਦਾ ਸਸਕਾਰ ਨਹੀਂ ਕੀਤਾ ਹੈ।
ਜ਼ਿਕਰਯੋਗ ਹੈ ਕਿ ਇੱਕ ਕਾਰ ਚਾਲਕ ਨੇ ਸੜਕ ’ਤੇ ਜਾ ਰਹੇ ਚਾਰ ਜਣਿਆਂ ਨੂੰ ਲਪੇਟ ਵਿੱਚ ਲੈ ਲਿਆ ਸੀ। ਇਸ ਹਾਦਸੇ ਵਿੱਚ ਮਹਿਲਾ ਸੁਨੀਤਾ ਦੇਵੀ ਦੀ ਮੌਤ ਹੋ ਗਈ ਸੀ ਤੇ ਤਿੰਨ ਜ਼ਖ਼ਮੀ ਹੋ ਗਏ ਸਨ। ਘਟਨਾ ਤੋਂ ਬਾਅਦ ਕਾਰ ਚਾਲਕ ਮੌਕੇ ਤੋਂ ਫ਼ਰਾਰ ਹੋ ਗਿਆ ਸੀ। ਇਸੇ ਕਾਰਨ ਪਰਿਵਾਰ ਵੱਲੋਂ ਪਿੰਡ ਅਬਿਆਣਾ ਵਿੱਚ ਅੱਜ ਚੱਕਾ ਜਾਮ ਕੀਤਾ ਗਿਆ। ਇਸ ਧਰਨੇ ਵਿੱਚ ‘ਆਪ’ ਦੇ ਸਾਬਕਾ ਵਿਧਾਇਕ ਅਮਰਜੀਤ ਸਿੰਘ ਸੰਦੋਆ, ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਅਜੈਵੀਰ ਸਿੰਘ ਲਾਲਪੁਰਾ, ਕਾਂਗਰਸ ਦੇ ਬਰਿੰਦਰ ਸਿੰਘ ਢਿੱਲੋਂ, ਡਾ. ਦੇਸ ਰਾਜ, ਮਾਸਟਰ ਗੁਰਨਾਇਬ ਸਿੰਘ ਜੇਤੇਵਾਲ ਸਣੇ ਲੋਕ ਵੱਡੀ ਗਿਣਤੀ ਵਿੱਚ ਸ਼ਾਮਲ ਹੋਏ ਤੇ ਇਨਸਾਫ਼ ਦੇਣ ਦੀ ਮੰਗ ਕੀਤੀ।
ਇਸ ਮੌਕੇ ਐੱਸਪੀ ਰੂਪਨਗਰ, ਡੀਐੱਸਪੀ ਅਜੈ ਸਿੰਘ, ਐੱਸਐੱਚਓ ਸੁਨੀਲ ਕੁਮਾਰ ਨੇ ਪਰਿਵਾਰ ਨਾਲ ਰਾਬਤਾ ਕਾਇਮ ਕੀਤਾ। ਧਰਨਾਕਾਰੀਆਂ ਨੇ ਭਲਕੇ 10 ਤੱਕ ਦਾ ਅਲਟੀਮੇਟਮ ਦੇ ਕੇ ਅੱਜ ਦਾ ਧਰਨਾ ਖ਼ਤਮ ਕਰ ਕੇ ਆਵਾਜਾਈ ਬਹਾਲ ਕਰ ਦਿੱਤੀ।
ਡੀਐੱਸਪੀ ਅਜੈ ਸਿੰਘ ਨੇ ਦੱਸਿਆ ਕਿ ਪੁਲੀਸ ਕੰਮ ਕਰ ਰਹੀ ਹੈ ਤੇ ਜਲਦੀ ਦੋਸ਼ੀ ਨੂੰ ਗ੍ਰਿਫਤਾਰ ਕੀਤਾ ਜਾਵੇਗਾ।