ਰੂਸੀ ਤੋਂ ਹਿੰਦੀ ’ਚ ਅਨੁਵਾਦਿਤ ਦੋ ਪੁਸਤਕਾਂ ਰਿਲੀਜ਼
ਪੱਤਰ ਪ੍ਰੇਰਕ
ਚੰਡੀਗੜ੍ਹ, 22 ਜਨਵਰੀ
ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਰੂਸੀ ਭਾਸ਼ਾ ਵਿਭਾਗ ਦੇ ਸਾਬਕਾ ਪ੍ਰੋਫ਼ੈਸਰ ਡਾ. ਪੰਕਜ ਮਾਲਵੀਆ ਵੱਲੋਂ ਰੂਸੀ ਲੇਖਕ ਅੰਤੋਨ ਚੇਖੋਵ ਕਹਾਣੀ-ਸੰਗ੍ਰਹਿ ‘ਥੀਏਟਰ ਕੇ ਬਾਅਦ’ ਦੇ ਹਿੰਦੀ ਭਾਸ਼ਾ ਵਿੱਚ ਅਨੁਵਾਦਿਤ ਦੋ ਭਾਗ ਰਿਲੀਜ਼ ਕੀਤੇ ਗਏ। ਰੂਸੀ ਭਾਸ਼ਾ ਵਿਭਾਗ ਦੇ ਸੈਮੀਨਾਰ ਹਾਲ ਵਿਖੇ ਸ੍ਰਿਸ਼ਟੀ ਪ੍ਰਕਾਸ਼ਨ ਚੰਡੀਗੜ੍ਹ ਦੇ ਸਹਿਯੋਗ ਨਾਲ ਕਰਵਾਏ ਗਏ ਇਸ ਪੁਸਤਕ ਰਿਲੀਜ਼ ਸਮਾਰੋਹ ਵਿੱਚ ਅੰਗਰੇਜ਼ੀ ਅਤੇ ਵਿਦੇਸ਼ੀ ਭਾਸ਼ਾ ਯੂਨੀਵਰਸਿਟੀ ਹੈਦਰਾਬਾਦ (ਤਿਲੰਗਾਨਾ) ਦੇ ਸਾਬਕਾ ਵਾਈਸ ਚਾਂਸਲਰ ਪ੍ਰੋ. ਅਭੈ ਮੌਰੀਆ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਜਦਕਿ ਸ੍ਰੀਮਤੀ ਨਸੀਰਾ ਸ਼ਰਮਾ ਅਤੇ ਕੁਰੂਕਸ਼ੇਤਰ ਯੂਨੀਵਰਸਿਟੀ ਦੇ ਇੰਗਲਿਸ਼ ਵਿਭਾਗ ਦੇ ਸਾਬਕਾ ਮੁਖੀ ਪ੍ਰੋ. ਦਿਨੇਸ਼ ਦਦੀਚੀ ਗੈਸਟ ਆਫ ਆਨਰ ਵਜੋਂ ਸ਼ਾਮਲ ਹੋਏ। ਪੁਸਤਕ ਰਿਲੀਜ਼ ਕਰਨ ਉਪਰੰਤ ਸੰਬੋਧਨ ਕਰਦਿਆਂ ਪ੍ਰੋ. ਅਭੈ ਮੌਰੀਆ ਨੇ ਇੱਕ ਚੰਗੇ ਅਨੁਵਾਦਿਤ ਦੇ ਗੁਣਾਂ ਬਾਰੇ ਚਾਨਣਾ ਪਾਇਆ। ਉਨ੍ਹਾਂ ਨੇ ਡਾ. ਮਾਲਵੀਆ ਵੱਲੋਂ ਰੂਸੀ ਤੋਂ ਹਿੰਦੀ ਵਿੱਚ ਅਨੁਵਾਦਿਤ ਦੋਵੇਂ ਪੁਸਤਕਾਂ ਦੀ ਸ਼ਲਾਘਾ ਕੀਤੀ ਅਤੇ ਮਾਣ ਮਹਿਸੂਸ ਕੀਤਾ ਕਿ ਅੱਜ ਉਹ ਆਪਣੇ ਇੱਕ ਸਾਬਕਾ ਵਿਦਿਆਰਥੀ ਦੀਆਂ ਪੁਸਤਕਾਂ ਰਿਲੀਜ਼ ਕਰਨ ਦੀ ਖੁਸ਼ੀ ਲੈ ਰਹੇ ਹਨ। ਉਨ੍ਹਾਂ ਨੇ ਇਨ੍ਹਾਂ ਦੋਵੇਂ ਪੁਸਤਕਾਂ ਨੂੰ ਹਿੰਦੀ ਸਾਹਿਤ ਲਈ ਬਹੁਤ ਵਧੀਆ ਦੱਸਿਆ। ਸਮਾਗਮ ਵਿੱਚ ਸ਼ਾਮਲ ਬੁਲਾਰਿਆਂ ਅਤੇ ਲੇਖਕਾਂ ਨੇ ‘‘ਅਨੁਵਾਦ ਦੀ ਸੰਸਕ੍ਰਿਤੀ ਅਤੇ ਸੰਸਕ੍ਰਿਤੀ ਦਾ ਅਨੁਵਾਦ’’ ਵਿਸ਼ੇ ’ਤੇ ਚਰਚਾ ਕੀਤੀ ਗਈ ਅਤੇ ਸਵਾਲਾਂ ਦੇ ਜਵਾਬ ਵੀ ਦਿੱਤੇ।