ਕੂੜੇ ਦੇ ਢੇਰਾਂ ਕਾਰਨ ਬੜਮਾਜਰਾ ’ਚ ਖੜ੍ਹ ਜਾਂਦਾ ਹੈ ਮੀਂਹ ਦਾ ਪਾਣੀ
ਖੇਤਰੀ ਪ੍ਰਤੀਨਿਧ
ਐੱਸਏਐੱਸ ਨਗਰ (ਮੁਹਾਲੀ), 2 ਜੁਲਾਈ
ਪਿੰਡ ਬੜਮਾਜਰਾ ਕਲੋਨੀ ਦੇ ਵਸਨੀਕ ਪਿੰਡ ਦੀਆਂ ਗਲੀਆਂ ਵਿੱਚ ਪਾਣੀ ਖੜ੍ਹਨ ਅਤੇ ਖਾਲੀ ਜਗ੍ਹਾ ਨੂੰ ਡੰਪਿੰਗ ਗਰਾਊਂਡ ਬਣਾਏ ਜਾਣ ਕਾਰਨ ਪ੍ਰੇਸ਼ਾਨ ਹਨ। ਕਲੋਨੀ ਦੇ ਪ੍ਰਧਾਨ ਸੁਦੇਸ਼ ਕੁਮਾਰ ਨੇ ਦੱਸਿਆ ਕਿ ਹਲਕੀ ਜਿਹੀ ਬਾਰਿਸ਼ ਹੋਣ ਤੇ ਹੀ ਗਲੀਆਂ ਵਿੱਚ ਤਿੰਨ ਤਿੰਨ ਫੁੱਟ ਪਾਣੀ ਖੜ ਜਾਂਦਾ ਹੈ ਜਿਸ ਕਾਰਨ ਲੋਕਾਂ ਨੂੰ ਆਉਣ ਜਾਣ ਵਿੱਚ ਭਾਰੀ ਦਿੱਕਤ ਦਾ ਸਾਹਮਣਾ ਕਰਨਾ ਪੈਂਦਾ ਹੈ। ਉਨ੍ਹਾਂ ਕਿਹਾ ਕਿ ਪਿੰਡ ਦੇ ਲੋਕ ਨਾ ਤਾਂ ਸਮਾਨ ਖਰੀਦਣ ਲਈ ਦੁਕਾਨ ਤੇ ਜਾ ਸਕਦੇ ਹਨ ਨਾ ਹੀ ਮੱਥਾ ਟੇਕਣ ਮੰਦਰ ਜਾ ਸਕਦੇ ਹਨ। ਉਨ੍ਹਾਂ ਕਿਹਾ ਕਿ ਸਰਪੰਚ ਨੂੰ ਇਸ ਬਾਰੇ ਜਾਣਕਾਰੀ ਦੇਣ ਦੇ ਬਾਵਜੂਦ ਉਨ੍ਹਾਂ ਵੱਲੋਂ ਕੋਈ ਧਿਆਨ ਨਹੀਂ ਦਿੱਤਾ ਗਿਆ। ਪਿੰਡ ਦੇ ਵਸਨੀਕ ਪਵਨ ਕੁਮਾਰ ਨੇ ਦੱਸਿਆ ਕਿ ਮੁਹਾਲੀ ਵਿੱਚ ਡੇਂਗੂ ਕਰਕੇ ਪਿੰਡ ਬੜਮਾਜਰਾ ਦੇ ਲੋਕ ਸਭ ਤੋਂ ਜਿਆਦਾ ਬਿਮਾਰ ਹੁੰਦੇ ਹਨ। ਉਨ੍ਹਾਂ ਕਿਹਾ ਕਿ ਸੜਕ ਵਿੱਚ ਪਾਣੀ ਖੜਨ ਕਰਕੇ ਮੱਛਰ ਪੈਦਾ ਹੋ ਰਹੇ ਹਨ। ਉਹਨਾਂ ਕਿਹਾ ਕਿ ਪੰਚਾਇਤ ਨੂੰ ਇਸ ਵੱਲ ਤੁਰੰਤ ਧਿਆਨ ਦੇਣਾ ਚਾਹੀਦਾ ਹੈ ਅਤੇ ਪਾਣੀ ਦੀ ਨਿਕਾਸੀ ਦਾ ਪੱਕਾ ਹੱਲ ਕਰਨਾ ਚਾਹੀਦਾ ਹੈ। ਸੰਪਰਕ ਕਰਨ ਤੇ ਬੜ ਮਾਜਰਾ ਕਲੋਨੀ ਦੇ ਸਰਪੰਚ ਗੁਰਨਾਮ ਸਿੰਘ ਨੇ ਦੱਸਿਆ ਕਿ ਗਲੀ ਦਾ ਕੰਮ ਪਿਛਲੀ ਪੰਚਾਇਤ ਵੱਲੋਂ ਕਰਾਇਆ ਗਿਆ ਸੀ ਪਰੰਤੂ ਉਸ ਸਮੇਂ ਧਿਆਨ ਨਹੀਂ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਬਹੁਤ ਜਲਦੀ ਉਹ ਸੰਬੰਧਿਤ ਮਹਿਕਮੇ ਤੋਂ ਇਸ ਦੀ ਮਨਜ਼ੂਰੀ ਲੈ ਕੇ ਗਲੀਆਂ ਦਾ ਕੰਮ ਸ਼ੁਰੂ ਕਰਾ ਦੇਣਗੇ। ਉਨ੍ਹਾਂ ਦੱਸਿਆ ਕਿ ਟੋਭੇ ਦੀ ਸਫਾਈ ਹੋ ਰਹੀ ਹੈ, ਜਿਸ ਕਾਰਨ ਖਾਲੀ ਜਗ੍ਹਾ ਤੇ ਕੂੜਾ ਸੁੱਟਿਆ ਜਾ ਰਿਹਾ ਹੈ ਅਤੇ ਜਲਦੀ ਹੀ ਇਸ ਜਗ੍ਹਾ ਤੋਂ ਕੂੜਾ ਚੁਕਵਾ ਦਿੱਤਾ ਜਾਵੇਗਾ।