ਮੀਂਹ ਨੇ ਟ੍ਰਾਈਸਿਟੀ ਵਾਸੀਆਂ ਨੂੰ ਗਰਮੀ ਤੋਂ ਰਾਹਤ ਦਿਵਾਈ
ਆਤਿਸ਼ ਗੁਪਤਾ
ਚੰਡੀਗੜ੍ਹ, 21 ਮਈ
ਚੰਡੀਗੜ੍ਹ ਟ੍ਰਾਈਸਿਟੀ ਵਿੱਚ ਕਈ ਦਿਨਾਂ ਤੋਂ ਪੈ ਰਹੀ ਅਤਿ ਦੀ ਗਰਮੀ ਤੋਂ ਬਾਅਦ ਅੱਜ ਬਾਅਦ ਦੁਪਹਿਰ ਅਚਾਨਕ ਮੌਸਮ ਬਦਲ ਗਿਆ। ਇਸ ਦੌਰਾਨ ਸ਼ਾਮ ਸਮੇਂ ਹੀ ਸ਼ਹਿਰ ਵਿੱਚ ਹਨੇਰਾ ਛਾ ਗਿਆ, ਜਿਸ ਤੋਂ ਬਾਅਦ ਹਨੇਰੀ ਚੱਲੀ ਅਤੇ ਮੀਂਹ ਪਿਆ। ਹਨੇਰੀ ਨੇ ਕੁਝ ਸਮੇਂ ਲਈ ਜਨ-ਜੀਵਨ ਪ੍ਰਭਾਵਿਤ ਕਰ ਦਿੱਤਾ। ਮੌਸਮ ਵਿਭਾਗ ਤੋਂ ਮਿਲੀ ਜਾਣਕਾਰੀ ਅਨੁਸਾਰ ਅੱਜ ਸ਼ਹਿਰ ਵਿੱਚ 12 ਐੱਮਐੱਮ ਮੀਂਹ ਪਿਆ ਹੈ।
ਜਾਣਕਾਰੀ ਅਨੁਸਾਰ ਸ਼ਹਿਰ ਵਿੱਚ ਸਵੇਰ ਤੋਂ ਗਰਮੀ ਦਾ ਕਹਿਰ ਜਾਰੀ ਸੀ ਪਰ ਬਾਅਦ ਦੁਪਹਿਰ ਵੇਲੇ ਆਏ ਬੱਦਲਾਂ ਕਰ ਕੇ ਚੰਡੀਗੜ੍ਹ, ਪੰਚਕੂਲਾ ਤੇ ਮੁਹਾਲੀ ਵਿੱਚ ਮੌਸਮ ਨੇ ਮਿਜ਼ਾਜ ਬਦਲ ਲਿਆ। ਇਸ ਦੌਰਾਨ ਸ਼ਾਮ ਨੂੰ 5 ਵਜੇ ਦੇ ਕਰੀਬ ਹਨੇਰਾ ਛਾ ਗਿਆ। ਇਸ ਤੋਂ ਬਾਅਦ ਚੱਲੀ ਹਨੇਰੀ ਕਰ ਕੇ ਸੈਕਟਰ-22 ਵਿੱਚ ਗੱਡੀ ’ਤੇ ਦਰੱਖਤ ਡਿੱਗ ਗਿਆ ਹੈ ਜਿਸ ਕਰ ਕੇ ਇਕ ਵਿਅਕਤੀ ਜ਼ਖ਼ਮੀ ਹੋ ਗਿਆ। ਪੀੜਤ ਨੂੰ ਸੈਕਟਰ-16 ਦੇ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ। ਇਸ ਤੋਂ ਇਲਾਵਾ ਸੈਕਟਰ-52/53 ਵਾਲੀ ਸੜਕ ’ਤੇ ਕਈ ਦਰੱਖਤ ਡਿੱਗ ਗਏ ਅਤੇ ਇੰਡਸਟਰੀਅਲ ਏਰੀਆ ਤੇ ਸੈਕਟਰ-29 ਵਿੱਚ ਦਰੱਖਤ ਡਿੱਗ ਗਏ। ਇਸ ਕਰ ਕੇ ਆਵਾਜਾਈ ਵੀ ਠੱਪ ਹੋ ਗਈ ਹੈ।
ਚੰਡੀਗੜ੍ਹ ਵਿੱਚ ਸ਼ਾਮ ਸਮੇਂ ਹਨੇਰੀ ਚੱਲਣ ਕਰ ਕੇ ਸ਼ਹਿਰ ਵਿੱਚ ਬੱਤੀ ਵੀ ਗੁੱਲ ਹੋ ਗਈ ਹੈ। ਇਸ ਕਰ ਕੇ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਇਸ ਤੋਂ ਬਾਅਦ ਇਕਦਮ ਮੀਂਹ ਸ਼ੁਰੂ ਹੋ ਗਿਆ। ਮੀਂਹ ਕਰ ਕੇ ਸ਼ਹਿਰ ਦੀਆਂ ਸੜਕਾਂ ’ਤੇ ਪਾਣੀ ਖੜ੍ਹਾ ਹੋ ਗਿਆ ਹੈ। ਸੜਕਾਂ ’ਤੇ ਪਾਣੀ ਖੜ੍ਹਾ ਹੋਣ ਕਰ ਕੇ ਲੋਕਾਂ ਨੂੰ ਲੰਬਾ ਸਮਾਂ ਜਾਮ ਵਿੱਚ ਫਸੇ ਰਹਿਣਾ ਪਿਆ।
ਦੂਜੇ ਪਾਸੇ, ਮੌਸਮ ਵਿੱਚ ਆਈ ਤਬਦੀਲੀ ਤੋਂ ਬਾਅਦ ਵੱਡੀ ਗਿਣਤੀ ਵਿੱਚ ਸ਼ਹਿਰ ਵਾਸੀ ਸੁਖਨਾ ਝੀਲ ’ਤੇ ਪਹੁੰਚੇ ਦਿਖਾਈ ਦਿੱਤੇ।
ਚਮਕੌਰ ਸਾਹਿਬ (ਸੰਜੀਵ ਬੱਬੀ): ਚਮਕੌਰ ਸਾਹਿਬ ਇਲਾਕੇ ਦੇ ਪਿੰਡਾਂ ਵਿੱਚ ਅੱਜ ਦੁਪਹਿਰ ਬਾਅਦ ਚਾਰ ਕੁ ਵਜੇ ਬੱਦਲਾਂ ਕਾਰਨ ਹਨੇਰਾ ਛਾ ਗਿਆ। ਇਸ ਤੋਂ ਬਾਅਦ 5 ਕੁ ਵਜੇ ਮੀਂਹ ਸ਼ੁਰੂ ਹੋ ਗਿਆ। ਝੱਖੜ ਕਾਰਨ ਬਿਜਲੀ ਸਪਲਾਈ ਵੀ ਬੰਦ ਹੋ ਗਈ। ਇਲਾਕੇ ਵਿੱਚ ਪਏ ਮੀਂਹ ਅਤੇ ਹਨੇਰੀ ਨੇ ਲੋਕਾਂ ਨੂੰ ਗਰਮੀ ਤੋਂ ਰਾਹਤ ਦਿਵਾਈ ਹੈ।
ਮੁੱਲਾਂਪੁਰ ਗਰੀਬਦਾਸ (ਚਰਨਜੀਤ ਸਿੰਘ ਚੰਨੀ): ਪਿੰਡ ਮੁੱਲਾਂਪੁਰ ਗਰੀਬਦਾਸ, ਨਵਾਂ ਗਰਾਉਂ ਸਣੇ ਨਿਊ ਚੰਡੀਗੜ੍ਹ ਇਲਾਕੇ ਵਿੱਚ ਅੱਜ ਬਾਅਦ ਦੁਪਹਿਰ ਮੀਂਹ ਪਿਆ। ਇਲਾਕੇ ’ਚ ਬਿਜਲੀ ਸਪਲਾਈ ਪ੍ਰਭਾਵਿਤ ਹੋਈ। ਸੜਕਾਂ ’ਤੇ ਵੀ ਪਾਣੀ ਭਰਨ ਦੀ ਸੂਚਨਾ ਹੈ।
ਸ੍ਰੀ ਆਨੰਦਪੁਰ ਸਾਹਿਬ (ਬੀਐੱਸ ਚਾਨਾ): ਇੱਥੇ ਦਿਨ ਭਰ ਅਤਿ ਦੀ ਗਰਮੀ ਤੋਂ ਬਾਅਦ ਆਨੰਦਪੁਰ ਸਾਹਿਬ, ਕੀਰਤਪੁਰ ਸਾਹਿਬ ਤੇ ਆਸ-ਪਾਸ ਦੇ ਇਲਾਕੇ ਵਿੱਚ ਕਰੀਬ ਚਾਰ ਵਜੇ ਹਨੇਰੀ ਚੱਲੀ ਤੇ ਇੱਕਦਮ ਕਾਲੇ ਬੱਦਲ ਛਾ ਗਏ। ਕਰੀਬ ਪੰਜ ਵਜੇ ਤੇਜ਼ ਬਾਰਸ਼ ਸ਼ੁਰੂ ਹੋਈ ਤੇ ਨੇੜਲੇ ਕੁਝ ਪਿੰਡਾਂ ਵਿੱਚ ਇਲਾਕੇ ਵਿੱਚ ਗੜੇ ਵੀ ਪਏ।
ਪੰਚਕੂਲਾ (ਪੀਪੀ ਵਰਮਾ): ਪੰਚਕੂਲਾ ’ਚ ਮੀਂਹ ਮਗਰੋਂ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਹੈ। ਦੂਜੇ ਪਾਸੇ, ਅੱਜ ਪਏ ਭਰਵੇਂ ਮੀਂਹ ਕਾਰਨ ਜਨ-ਜੀਵਨ ਠੱਪ ਹੋ ਗਿਆ।
ਬਨੂੜ ਖੇਤਰ ’ਚ ਬਿਜਲੀ ਸਪਲਾਈ ਠੱਪ ਹੋਈ
ਬਨੂੜ (ਕਰਮਜੀਤ ਸਿੰਘ ਚਿੱਲਾ): ਇਸ ਖੇਤਰ ਵਿੱਚ ਅੱਜ ਸ਼ਾਮ ਨੂੰ ਆਈ ਹਨੇਰੀ ਅਤੇ ਮੀਂਹ ਮਗਰੋਂ ਸਮੁੱਚੇ ਖੇਤਰ ਦੀ ਬਿਜਲੀ ਸਪਲਾਈ ਠੱਪ ਹੋ ਗਈ, ਜੋ ਖ਼ਬਰ ਲਿਖੇ ਜਾਣ ਤਕ ਬਹਾਲ ਨਹੀਂ ਸੀ ਹੋਈ। ਮੀਂਹ ਸਦਕਾ ਗਰਮੀ ਤੋਂ ਰਾਹਤ ਮਿਲੀ ਹੈ। ਇਸ ਕਾਰਨ ਪਾਣੀ ਦੀ ਸਪਲਾਈ ਵੀ ਪ੍ਰਭਾਵਿਤ ਹੋਈ ਹੈ। ਸ਼ਾਮ ਸਾਢੇ ਕੁ ਪੰਜ ਵਜੇ ਇਸ ਖੇਤਰ ਵਿੱਚ ਇਕਦਮ ਕਾਲੇ ਬੱਦਲਾਂ ਮਗਰੋਂ ਹਨੇਰਾ ਛਾ ਗਿਆ। ਸੜਕਾਂ ਤੇ ਚੱਲਣ ਵਾਲੇ ਵਾਹਨ ਲਾਈਟਾਂ ਜਗਾ ਕੇ ਚੱਲਦੇ ਦੇਖੇ ਗਏ। ਹਨੇਰੀ ਕਾਰਨ ਬਿਜਲੀ ਦੇ ਖੰਭੇ ਅਤੇ ਤਾਰਾਂ ਟੁੱਟ ਗਈਆਂ ਤੇ ਕਈ ਦਰੱਖਤ ਡਿੱਗ ਗਏ। ਹਵਾ ਕਾਰਨ ਦੁਕਾਨਾਂ ’ਤੇ ਲੱਗੇ ਬੋਰਡ ਵੀ ਉੱਖੜ ਗਏ। ਮੋਹੀ ਕਲਾਂ ਬਿਜਲੀ ਗਰਿੱਡ ਅਧੀਨ ਪੈਂਦੇ ਪਿੰਡਾਂ ਵਿੱਚ ਖੰਭਿਆਂ ਤੇ ਤਾਰਾਂ ਦਾ ਜ਼ਿਆਦਾ ਨੁਕਸਾਨ ਹੋਇਆ। ਹਨੇਰੀ ਕਾਰਨ ਖ਼ਰਬੂਜ਼ਿਆਂ ਤੇ ਸਬਜ਼ੀਆਂ ਦੀਆਂ ਵੇਲਾਂ ਵੀ ਨੁਕਸਾਨੀਆਂ ਗਈਆਂ। ਪਾਵਰਕੌਮ ਦੇ ਐੱਸਡੀਓ ਮੇਜਰ ਸਿੰਘ ਨੇ ਦੱਸਿਆ ਕਿ ਹਨੇਰੀ ਕਾਰਨ ਕਾਫ਼ੀ ਨੁਕਸਾਨ ਹੋਇਆ ਹੈ। ਬਿਜਲੀ ਸਪਲਾਈ ਬਹਾਲ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।