ਪੱਤਰ ਪ੍ਰੇਰਕ
ਚੰਡੀਗੜ੍ਹ, 19 ਜੂਨ
ਯੂਟੀ ਪਾਵਰਮੈਨ ਯੂਨੀਅਨ ਚੰਡੀਗੜ੍ਹ ਦੇ ਸੱਦੇ ’ਤੇ ਅੱਜ ਬਿਜਲੀ ਦਫ਼ਤਰ ਸੈਕਟਰ 18 ਵਿਚ ਬਿਜਲੀ ਕਰਮਚਾਰੀਆਂ ਵੱਲੋਂ ਰੋਸ ਰੈਲੀ ਕੀਤੀ ਗਈ। ਯੂਨੀਅਨ ਦੇ ਜਨਰਲ ਸਕੱਤਰ ਗੋਪਾਲ ਦੱਤ ਜੋਸ਼ੀ, ਸੀਨੀਅਰ ਮੀਤ ਪ੍ਰਧਾਨ ਸੁਖਵਿੰਦਰ ਸਿੰਘ, ਗੁਰਮੀਤ ਸਿੰਘ, ਰਾਮ ਗੋਪਾਲ, ਸਤਕਾਰ ਸਿੰਘ, ਵਰਿੰਦਰ ਸਿੰਘ, ਸੁਰਜੀਤ ਸਿੰਘ, ਹਰਜਿੰਦਰ ਸਿੰਘ, ਮਨਪ੍ਰੀਤ ਸਿੰਘ ਅਤੇ ਹੋਰ ਬੁਲਾਰਿਆਂ ਨੇ ਚੰਡੀਗੜ੍ਹ ਪ੍ਰਸ਼ਾਸਨ ਅਤੇ ਸੀ.ਪੀ.ਡੀ.ਐੱਲ. ਮੈਨੇਜਮੈਂਟ ਉਤੇ ਦੋਸ਼ ਲਗਾਇਆ ਕਿ ਨਿਰਵਿਘਨ ਬਿਜਲੀ ਪ੍ਰਦਾਨ ਕਰਨ ਲਈ ਦਿਨ-ਰਾਤ ਕੰਮ ਕਰਨ ਵਾਲੇ ਕਰਮਚਾਰੀ ਪ੍ਰਸ਼ਾਸਨਿਕ ਅਤੇ ਕੰਪਨੀ ਦੇ ਅਧਿਕਾਰੀਆਂ ਦੀ ਮਿਲੀਭੁਗਤ ਦਾ ਖਮਿਆਜ਼ਾ ਭੁਗਤ ਰਹੇ ਹਨ। ਸੀ.ਪੀ.ਡੀ.ਐੱਲ. ਮੈਨੇਜਮੈਂਟ ਵੱਲੋਂ ਪਿਛਲੇ 5 ਮਹੀਨਿਆਂ ਤੋਂ ਖਾਲੀ ਪਈਆਂ ਤਰੱਕੀ ਦੀਆਂ ਅਸਾਮੀਆਂ ’ਤੇ ਕਰਮਚਾਰੀਆਂ ਨੂੰ ਤਰੱਕੀ ਦੇਣ ਦੀ ਬਜਾਏ ਐੱਫ.ਆਰ.ਟੀ. ਦੀ ਤੇਜ਼ ਪ੍ਰਕਿਰਿਆ ਰਾਹੀਂ ਗੈਰ-ਸਿੱਖਿਅਤ ਭਰਤੀਆਂ ਕਰਨ ਅਤੇ ਹੋਰ ਅਸਥਾਈ ਕਰਮਚਾਰੀਆਂ ਨੂੰ ਥੋਪਿਆ ਜਾ ਰਿਹਾ ਹੈ। ਬਾਹਰਲੇ ਲੋਕਾਂ ਨੂੰ ਘੱਟੋ-ਘੱਟ ਦਰ ਤੋਂ ਦੁੱਗਣੀ ਤਨਖਾਹ ਅਤੇ ਟਰਾਂਸਪੋਰਟ ਭੱਤਾ ਦਿੱਤਾ ਜਾ ਰਿਹਾ ਹੈ ਪਰ ਵਿਭਾਗੀ ਕਰਮਚਾਰੀਆਂ ਨੂੰ ਨਿਰਾਸ਼ ਕੀਤਾ ਜਾ ਰਿਹਾ ਹੈ।
ਬੁਲਾਰਿਆਂ ਨੇ ਇਸ ਗੱਲ ਦੀ ਜਾਂਚ ਕਰਨ ਦੀ ਲੋੜ ’ਤੇ ਜ਼ੋਰ ਦਿੱਤਾ ਕਿ 90 ਪ੍ਰਤੀਸ਼ਤ ਤੋਂ ਵੱਧ ਅਧਿਕਾਰੀਆਂ ਅਤੇ ਉਨ੍ਹਾਂ ਦੇ ਚਹੇਤਿਆਂ ਨੂੰ ਨੌਕਰੀਆਂ ਵਿੱਚ ਐਡਜਸਟ ਕੀਤਾ ਗਿਆ ਅਤੇ ਵਿਭਾਗ ਵਿੱਚ ਪਹਿਲਾਂ ਸ਼ਾਮਲ ਹੋਏ ਸੀਨੀਅਰ ਕਰਮਚਾਰੀਆਂ ਅਤੇ 1 ਜਾਂ 2 ਸਾਲਾਂ ਵਿੱਚ ਸੇਵਾਮੁਕਤ ਹੋਣ ਵਾਲੇ ਕਰਮਚਾਰੀਆਂ ਨੂੰ ਪ੍ਰਾਈਵੇਟ ਕੰਪਨੀਆਂ ਵਿੱਚ ਧੱਕ ਦਿੱਤਾ ਗਿਆ ਹੈ ਜਦਕਿ ਐੱਸ.ਟੀ.ਯੂ., ਐੱਸ.ਐੱਲ.ਡੀ.ਸੀ., ਈ.ਆਈ. ਅਤੇ ਐੱਸ.ਡੀ.ਏ. ਵਰਗੇ ਵਿੰਗ ਬਣਾ ਕੇ ਅਧਿਕਾਰੀਆਂ ਨੂੰ ਐਡਜਸਟ ਗਿਆ ਹੈ।
ਬੁਲਾਰਿਆਂ ਨੇ ਕੰਪਨੀ ਦੀ ਤਾਨਾਸ਼ਾਹੀ ਅਤੇ ਇਸਦੇ ਗੈਰ-ਜ਼ਿੰਮੇਵਾਰਾਨਾ ਰਵੱਈਏ ਦੀ ਨਿੰਦਾ ਕੀਤੀ ਅਤੇ ਪ੍ਰਸ਼ਾਸਕ ਤੋਂ ਮੰਗ ਕੀਤੀ ਕਿ ਉਨ੍ਹਾਂ ਕਰਮਚਾਰੀਆਂ ਨੂੰ ਸਰਕਾਰੀ ਵਿਭਾਗਾਂ ਵਿੱਚ ਖਾਲੀ ਅਸਾਮੀਆਂ ’ਤੇ ਤੁਰੰਤ ਐਡਜਸਟ ਕੀਤਾ ਜਾਵੇ ਜਿਨ੍ਹਾਂ ਨੂੰ ਉਨ੍ਹਾਂ ਦੀ ਸਹਿਮਤੀ ਤੋਂ ਬਿਨਾਂ ਜ਼ਬਰਦਸਤੀ ਕੰਪਨੀ ਵਿੱਚ ਭੇਜਿਆ ਗਿਆ ਸੀ।