ਓਮੈਕਸ ਸੁਸਾਇਟੀ ਦੇ ਵਸਨੀਕਾਂ ਵੱਲੋਂ ਪ੍ਰਬੰਧਕਾਂ ਖ਼ਿਲਾਫ਼ ਮੁਜ਼ਾਹਰਾ
ਪੱਤਰ ਪੇ੍ਰਰਕ
ਮੁੱਲਾਂਪੁਰ ਗਰੀਬਦਾਸ, 27 ਅਗਸਤ
ਨਿਊ ਚੰਡੀਗੜ੍ਹ ਵਿੱਚ ਓਮੈਕਸ ਸੁਸਾਇਟੀ ਦੇ ਵੱਡੀ ਗਿਣਤੀ ਵਸਨੀਕਾਂ ਨੇ ਅੱਜ ਇੱਥੇ ਬੁਨਿਆਦੀ ਸਹੂਲਤਾਂ ਨਾ ਮਿਲਣ ਦੇ ਰੋਸ ਵਜੋਂ ਸੁਸਾਇਟੀ ਦੇ ਪ੍ਰਬੰਧਕਾਂ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ।
ਸੁਸਾਇਟੀ ਦੇ ਵਸਨੀਕਾਂ ਅਨੁਸਾਰ ਕੰਪਨੀ ਨੇ ਮਕਾਨਾਂ, ਫਲੈਟਾਂ ਸਬੰਧੀ ਸਿਰਫ ਸੁਫਨੇ ਹੀ ਦਿਖਾਏ ਹਨ। ਵਸਨੀਕਾਂ ਅਨੁਸਾਰ ਉਨ੍ਹਾਂ ਵੱਲੋਂ ਲੱਖਾਂ ਰੁਪਏ ਅਦਾ ਕੀਤੇ ਗਏ ਪਰ ਅਜੇ ਤੱਕ ਕੰਪਨੀ ਨੇ ਮੁੱਢਲੀਆਂ ਸਹੂਲਤਾਂ ਪੂਰੀਆਂ ਨਹੀਂ ਕੀਤੀਆਂ। ਓਮੈਕਸ ਰੈਜ਼ੀਡੈਂਟਸ ਵੈੱਲਫੇਅਰ ਅਸੋਸੀਏਸ਼ਨ ਨਿਊ ਚੰਡੀਗੜ੍ਹ ਦੇ ਪ੍ਰਧਾਨ ਪ੍ਰਦੀਪ ਕੁਮਾਰ ਗੁਪਤਾ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਹਾ ਕਿ ਪਾਵਰਕੌਮ ਤੋਂ ਬਿਜਲੀ ਸਪਲਾਈ ਨਾ ਹੋਣ ਵੇਲੇ ਡੀਜ਼ਲ ਵਾਲੇ ਜੈਨਰੇਟਰਾਂ ਤੋਂ ਹੁੰਦੀ ਬਿਜਲੀ ਸਪਲਾਈ ਦੀ ਦਰ 13 ਰੁਪਏ ਤੋਂ ਵਧਾ ਕੇ 32 ਰੁਪਏ ਯੂਨਿਟ ਕਰ ਦਿੱਤੀ ਗਈ ਹੈ। ਲੋਕਾਂ ਅਨੁਸਾਰ ਸੁਸਾਇਟੀ ਵਿੱਚ ਸਫਾਈ ਦੀ ਘਾਟ ਹੈ। ਲਾਵਾਰਿਸ ਪਸ਼ੂ ਮੁੱਖ ਸੜਕਾਂ ’ਤੇ ਘੁੰਮ ਰਹੇ ਹਨ ਜੋ ਕਿ ਹਾਦਸਿਆਂ ਦਾ ਕਾਰਨ ਬਣਦੇ ਹਨ। ਲੋਕਾਂ ਅਨੁਸਾਰ ਕੋਈ ਘਰੇਲੂ ਪ੍ਰੋਗਰਾਮ ਕਰਨ ਲਈ ਕੋਈ ਕਮਿਊਨਿਟੀ ਸੈਂਟਰ ਦਾ ਪ੍ਰਬੰਧ ਨਹੀਂ ਹੈ। ਖੁੱਲ੍ਹੀਆਂ ਥਾਵਾਂ ਵਿੱਚ ਉੱਗਿਆ ਘਾਹ-ਫੂਸ ਜੰਗਲ ਦਾ ਰੂਪ ਧਾਰਨ ਕਰ ਰਿਹਾ ਹੈ। ਲਿਫਟ ਦੀ ਸਹੂਲਤ ਨਾਮਾਤਰ ਹੋਣ ਕਰ ਕੇ ਬਜ਼ੁਰਗ ਪ੍ਰੇਸ਼ਾਨ ਹਨ।
ਸੁਸਾਇਟੀ ਵਾਸੀਆਂ ਨੇ ਕਿਹਾ ਜੇਕਰ ਉਨ੍ਹਾਂ ਨੂੰ ਇਹ ਸਾਰੀਆਂ ਸਹੂਲਤਾਂ ਜਲਦੀ ਨਾ ਮਿਲੀਆਂ ਤਾਂ 3 ਸਤੰਬਰ ਨੂੰ ਸ਼ਾਮ 7 ਵਜੇ ਓਮੈਕਸ ਟਰੇਡ ਟਾਵਰ ਕੋਲ ਹੋਰ ਵੀ ਰੋਹ ਭਰਪੂਰ ਪ੍ਰਦਰਸ਼ਨ ਕੀਤਾ ਜਾਵੇਗਾ। ਲੋਕਾਂ ਵੱਲੋਂ ਮੰਗ ਪੱਤਰ ਸੁਸਾਇਟੀ ਪ੍ਰਬੰਧਨ ਦੇ ਸਹਾਇਕ ਪ੍ਰਬੰਧਕ ਅੰਕਰ ਬਖ਼ਸ਼ੀ ਨੂੰ ਦਿੱਤਾ ਗਿਆ ਜਿਨ੍ਹਾਂ ਨੇ ਲੋਕਾਂ ਨੂੰ ਭਰੋਸਾ ਦਿਵਾਇਆ ਕਿ ਮੰਗ ਪੱਤਰ ਉੱਚ ਅਧਿਕਾਰੀਆਂ ਤੱਕ ਪਹੁੰਚਾ ਦਿੱਤਾ ਜਾਵੇਗਾ। ਅੰਕਰ ਬਖਸ਼ੀ ਨੇ ਬਾਅਦ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਹਾ ਕਿ ਸੁਸਾਇਟੀ ਵਾਸੀਆਂ ਨੂੰ ਇੱਕ-ਇੱਕ ਕਰ ਕੇ ਸਾਰੀਆਂ ਸੁੱਖ ਸਹੂਲਤਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ।