ਕਰਮਜੀਤ ਸਿੰਘ ਚਿੱਲਾ
ਐਸ.ਏ.ਐਸ.ਨਗਰ(ਮੁਹਾਲੀ), 6 ਜੁਲਾਈ
ਪਿੰਡ ਕੁਰੜਾ ਤੋਂ ਕੁਰੜੀ-ਬੜੀ ਨੂੰ ਹੋ ਕੇ ਪਿੰਡ ਕਰਾਲਾ ਤੋਂ ਸੇਖਨਮਾਜਰਾ-ਕੁਰੜੀ-ਬੜੀ, ਪਿੰਡ ਕੁਰੜਾ ਤੋਂ ਸੇਖਨਮਾਜਰਾ ਅਤੇ ਕੁਰੜੀ-ਬੜੀ ਨੂੰ ਜਾਂਦੀਆਂ ਸੰਪਰਕ ਸੜਕਾਂ ਦੀ ਬੇਹੱਦ ਤਰਸਯੋਗ ਹਾਲਤ ਤੋਂ ਇਨ੍ਹਾਂ ਪਿੰਡਾਂ ਦੇ ਵਸਨੀਕ ਬੇਹੱਦ ਪ੍ਰੇਸ਼ਾਨ ਹਨ।
ਪਿੰਡ ਕੁਰੜੀ ਦੇ ਸਰਪੰਚ ਨਾਹਰ ਸਿੰਘ, ਮਨਪ੍ਰੀਤ ਸਿੰਘ, ਪਿੰਡ ਬੜੀ ਦੇ ਗੁਰਪ੍ਰਤਾਪ ਸਿੰਘ, ਪਿੰਡ ਕੁਰੜਾ ਦੇ ਭੁਪਿੰਦਰ ਸਿੰਘ ਆਦਿ ਨੇ ਸੜਕਾਂ ਦੇ ਡੂੰਘੇ ਟੋਇਆਂ ਵਿਚ ਭਰਿਆ ਪਾਣੀ ਵਿਖਾਂਦਿਆਂ ਕਿਹਾ ਕਿ ਇਹ ਸੜਕਾਂ ਬਨੂੜ ਖੇਤਰ ਦੇ ਦਰਜਨਾਂ ਪਿੰਡਾਂ ਨੂੰ ਮੁਹਾਲੀ ਨਾਲ ਜੋੜਦੀਆਂ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਸੜਕਾਂ ਦੀ ਲੰਮੇ ਸਮੇਂ ਵਿਚ ਕਦੇ ਮੁਰੰਮਤ ਨਹੀਂ ਹੋਈ। ਇਨ੍ਹਾਂ ਸੜਕਾਂ ਉੱਤੋਂ ਚੱਲਦੀਆਂ ਬੱਸਾਂ ਵੀ ਬੰਦ ਹੋ ਚੁੱਕੀਆਂ ਹਨ। ਰਾਤ ਸਮੇਂ ਸੜਕੀ ਟੋੋਇਆਂ ਵਿਚ ਭਰੇ ਪਾਣੀ ਕਾਰਨ ਲੋਕਾਂ ਨੂੰ ਦਿੱਕਤਾਂ ਆਉਂਦੀਆਂ ਹਨ ਤੇ ਹਾਦਸੇ ਵਾਪਰਦੇ ਹਨ।
ਪਿੰਡਾਂ ਦੇ ਵਸਨੀਕਾਂ ਨੇ ਕਿਹਾ ਕਿ ਸੜਕਾਂ ਦੇ ਡੂੰਘੇ ਟੋਇਆਂ ਕਾਰਨ ਐਮਰਜੈਂਸੀ ਸਮੇਂ ਕਿਸੇ ਮਰੀਜ਼ ਨੂੰ ਹਸਪਤਾਲ ਲਿਜਾਉਣਾ ਵੀ ਔਖਾ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਪ੍ਰਸ਼ਾਸ਼ਨ ਨੂੰ ਲਗਾਤਾਰ ਇਨ੍ਹਾਂ ਸੜਕਾਂ ਦੀ ਹਾਲਤ ਸੰਵਾਰਨ ਦੀ ਗੁਹਾਰ ਲਗਾ ਰਹੇ ਹਾਂ, ਪਰ ਕੋਈ ਕਾਰਵਾਈ ਨਹੀਂ ਹੋ ਰਹੀ। ਪਿੰਡਾਂ ਦੇ ਵਸਨੀਕਾਂ ਨੇ ਚੇਤਾਵਨੀ ਦਿੱਤੀ ਕਿ ਜੇ ਸੜਕਾਂ ਦੀ ਤੁਰੰਤ ਹਾਲਤ ਨਾ ਸੰਵਾਰੀ ਗਈ ਤਾਂ ਉਹ ਏਅਰਪੋਰਟ ਰੋਡ ਉੱਤੇ ਜਾਮ ਲਾਉਣ ਤੋਂ ਗੁਰੇਜ਼ ਨਹੀਂ ਕਰਨਗੇ।