ਚੰਡੀਗੜ੍ਹ ’ਚ ਉੱਤਰ ਭਾਰਤ ਦਾ ਸਭ ਤੋਂ ਵੱਡਾ ਫਲੋਟਿੰਗ ਸੋਲਰ ਪਲਾਂਟ ਚਾਲੂ
ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 25 ਜੂਨ
ਚੰਡੀਗੜ੍ਹ ਦੇ ਸੈਕਟਰ-39 ਵਿੱਚ ਸਥਿਤ ਉੱਤਰ ਭਾਰਤ ਦਾ ਸਭ ਤੋਂ ਵੱਡੇ ਫਲੋਟਿੰਗ ਸੋਲਰ ਪਲਾਂਟ ਅੱਜ ਤੋਂ ਚਾਲੂ ਹੋ ਗਿਆ ਹੈ। ਇਸ ਸੋਲਰ ਪਲਾਂਟ ਦਾ ਉਦਘਾਟਨ ਕੇਂਦਰੀ ਗ੍ਰਹਿ ਮੰਤਰਾਲੇ ਦੇ ਵਧੀਕ ਸਕੱਤਰ ਨਿਤੇਸ਼ ਵਿਆਸ ਨੇ ਕੀਤਾ ਹੈ ਜੋ ਚੰਡੀਗੜ੍ਹ ਦੋ ਰੋਜ਼ਾ ਦੌਰੇ ’ਤੇ ਆਏ ਹੋਏ ਹਨ। ਸੈਕਟਰ-39 ਵਿੱਚ ਸਥਿਤ ਵਾਟਰ ਵਰਕਸ ਵਿੱਚ 2.5 ਮੈਗਾਵਾਟ ਦਾ ਫਲੋਟਿੰਗ ਸੋਲਰ ਪਲਾਂਟ ਚੰਡੀਗੜ੍ਹ ਰੀਨਿਊਏਬਲ ਐਨਰਜੀ ਐਂਡ ਸਾਇੰਸ ਐਂਡ ਤਕਨਾਲੋਜੀ ਪ੍ਰਮੋਸ਼ਨ ਸੁਸਾਇਟੀ (ਕਰੱਸਟ) ਵੱਲੋਂ ਤਿਆਰ ਕੀਤਾ ਗਿਆ ਹੈ। ਕੇਂਦਰੀ ਗ੍ਰਹਿ ਮੰਤਰਾਲੇ ਦੇ ਵਧੀਕ ਸਕੱਤਰ ਨਿਤੇਸ਼ ਵਿਆਸ ਨੇ ਚੰਡੀਗੜ੍ਹ ਵਿੱਚ ਸੋਲਰ ਸਿਸਟਮ ਨੂੰ ਉਤਸ਼ਾਹਿਤ ਕਰਨ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਸ਼ਹਿਰ ਵਿੱਚ ਸਰਕਾਰੀ ਇਮਾਰਤਾਂ ਦੇ ਨਾਲ-ਨਾਲ ਨਿੱਜੀ ਇਮਾਰਤਾਂ ’ਤੇ ਵੀ ਲੋਕਾਂ ਨੂੰ ਸੋਲਰ ਸਿਸਟਮ ਲਗਾਉਣ ਲਈ ਪ੍ਰੇਰਿਆ। ਯੂਟੀ ਪ੍ਰਸ਼ਾਸਨ ਦੇ ਅਧਿਕਾਰੀ ਨੇ ਕਿਹਾ ਕਿ 2.5 ਮੈਗਾਵਾਟ ਦਾ ਇਹ ਫਲੋਟਿੰਗ ਸੋਲਰ ਪਲਾਂਟ ਲਗਪਗ 35 ਲੱਖ ਐੱਮਯੂ ਸਵੱਛ ਊਰਜਾ ਪੈਦਾ ਕਰੇਗਾ। ਇਸ ਨਾਲ ਹਰ ਸਾਲ ਲਗਪਗ 2,415 ਮੀਟ੍ਰਿਕ ਟਨ ਕਾਰਬਨ ਡਾਈਆਕਸਾਇਡ ਦੀ ਪੈਦਾਵਾਰ ਨੂੰ ਘਟਾਇਆ ਜਾ ਸਕੇਗਾ ਜਦੋਂਕਿ ਸੋਲਰ ਪਲਾਂਟ ਵੱਲੋਂ 477.5 ਮਿਲੀਅਨ ਲਿਟਰ ਪੀਣ ਯੋਗ ਪਾਣੀ ਦੀ ਬੱਚਤ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਫਲੋਟਿੰਗ ਸੋਲਰ ਪਲਾਂਟ ਜਲਵਾਯੂ ਪਰਿਵਰਤਨ ਕਾਰਜ ਯੋਜਨਾ ਦੇ ਯਤਨਾਂ ਵਿੱਚ ਯੋਗਦਾਨ ਪਾਉਂਦਾ ਹੈ ਅਤੇ ਚੰਡੀਗੜ੍ਹ ਦੀ ਸਵੱਛ ਊਰਜਾ ਪ੍ਰਤੀ ਪ੍ਰਤੀਬੱਧਤਾ ਨੂੰ ਮਜ਼ਬੂਤ ਕਰਦਾ ਹੈ। ਯੂਟੀ ਪ੍ਰਸ਼ਾਸਨ ਦੇ ਅਧਿਕਾਰੀਆਂ ਨੇ ਕਿਹਾ ਕਿ ਚੰਡੀਗੜ੍ਹ ਨੂੰ ਸੋਲਰ ਸਿਟੀ ਵਜੋਂ ਵਿਕਸਤ ਕੀਤਾ ਜਾ ਰਿਹਾ ਹੈ। ਦੱਸਣਯੋਗ ਹੈ ਕਿ ਹੁਣ ਤੱਕ ਸ਼ਹਿਰ ਵਿੱਚ ਕਰੱਸਟ ਵੱਲੋਂ 89.689 ਮੈਗਾਵਾਟ ਦੇ ਸੋਲਰ ਪਲਾਂਟ ਸਥਾਪਤ ਕੀਤੇ ਗਏ ਹਨ।