ਨਾਈਟ ਕਲੱਬ ਗੋਲੀ ਕਾਂਡ: ਅਦਾਲਤ ਨੇ ਮੁਲਜ਼ਮ ਪੁਲੀਸ ਰਿਮਾਂਡ ’ਤੇ ਭੇਜੇ
ਪੱਤਰ ਪ੍ਰੇਰਕ
ਐੱਸਏਐੱਸ ਨਗਰ (ਮੁਹਾਲੀ), 20 ਜੂਨ
ਇੱਥੋਂ ਦੇ ਬੈਸਟੈੱਕ ਮਾਲ ਅੰਦਰ ਚੱਲਦੇ ਨਾਈਟ ਕਲੱਬ ਵਿੱਚ ਗੋਲੀ ਚੱਲਣ ਕਾਰਨ ਗੰਭੀਰ ਰੂਪ ਵਿੱਚ ਜ਼ਖ਼ਮੀ ਹੋਏ ਗੰਗਾਨਗਰ ਦੇ ਸਿਧਾਰਥ ਡੇਲੂ ਦੀ ਹਾਲਤ ਸਥਿਰ ਹੈ। ਮੁਹਾਲੀ ਦੇ ਡੀਐੱਸਪੀ (ਸਿਟੀ-2) ਹਰਸਿਮਰਨ ਸਿੰਘ ਬੱਲ ਨੇ ਦੱਸਿਆ ਕਿ ਇਸ ਸਬੰਧੀ ਨਾਈਟ ਕਲੱਬ ਦੇ ਮਾਲਕ ਅਦਿੱਤਿਆ ਵਿਜ ਵਾਸੀ ਲੁਧਿਆਣਾ ਅਤੇ ਦੋ ਬਾਊਂਸਰਾਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਘਟਨਾ ਤੋਂ ਬਾਅਦ ਫ਼ਿਲਹਾਲ ਨਾਈਟ ਕਲੱਬ ਨੂੰ ਅਗਲੇ ਹੁਕਮਾਂ ਤੱਕ ਬੰਦ ਕਰ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਅਦਿੱਤਿਆ ਵਿਜ ਅਤੇ ਤੁਸ਼ਾਰ ਕਪੂਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਮੁਲਜ਼ਮਾਂ ਨੂੰ ਅੱਜ ਮੁਹਾਲੀ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਅਦਾਲਤ ਨੇ ਉਨ੍ਹਾਂ ਨੂੰ ਇੱਕ ਦਿਨ ਦੇ ਪੁਲੀਸ ਰਿਮਾਂਡ ਭੇਜ ਦਿੱਤਾ। ਮੁਲਜ਼ਮਾਂ ਨੂੰ ਭਲਕੇ 21 ਜੂਨ ਦੁਬਾਰਾ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ।
ਡੀਐੱਸਪੀ ਬੱਲ ਨੇ ਦੱਸਿਆ ਕਿ ਮੁਲਜ਼ਮ ਕੋਲੋਂ ਇੱਕ ਪਿਸਤੌਲ ਬਰਾਮਦ ਕੀਤਾ ਗਿਆ ਹੈ ਜਦੋਂਕਿ ਘਟਨਾ ਸਥਾਨ ਤੋਂ ਪੁਲੀਸ ਨੇ ਖੋਲ੍ਹ ਵੀ ਬਰਾਮਦ ਕੀਤਾ ਹੈ। ਡੀਐੱਸਪੀ ਨੂੰ ਜਦੋਂ ਤੜਕੇ ਸਵੇਰ ਤੱਕ ਨਾਈਟ ਕਲੱਬ ਖੁੱਲ੍ਹਾ ਰੱਖਣ ਬਾਰੇ ਪੁੱਛਿਆ ਤਾਂ ਉਨ੍ਹਾਂ ਦੱਸਿਆ ਕਿ ਸਾਰੇ ਨਾਈਟ ਕਲੱਬ ਰਾਤ ਇੱਕ ਵਜੇ ਤੱਕ ਹੀ ਖੁੱਲ੍ਹੇ ਰਹਿ ਸਕਦੇ ਹਨ ਪਰ ਇਸ ਕਲੱਬ ਕੋਲ ਸਵੇਰੇ ਤਿੰਨ ਵਜੇ ਤੱਕ ਦੀ ਮਨਜ਼ੂਰੀ ਸੀ।
ਜਾਣਕਾਰੀ ਅਨੁਸਾਰ ਬੁੱਧਵਾਰ ਦੇਰ ਰਾਤ ਗੰਗਾਨਗਰ ਤੋਂ ਸਿਧਾਰਥ ਡੇਲੂ ਆਪਣੇ 8-10 ਸਾਥੀਆਂ ਨਾਲ ਬੈਸਟੈੱਕ ਮਾਲ ਸਥਿਤ ਨਾਈਟ ਕਲੱਬ ਵਿੱਚ ਆਇਆ ਸੀ। ਰਾਤ ਕਰੀਬ ਇੱਕ ਵਜੇ ਸਿਧਾਰਥ ਡੇਲੂ ਅਤੇ ਉਸ ਦੇ ਸਾਥੀ ਹੁੱਲੜਬਾਜ਼ੀ ਕਰਨ ਲੱਗ ਪਏ ਜਦੋਂ ਕਲੱਬ ਮਾਲਕ ਅਤੇ ਬਾਊਂਸਰਾਂ ਨੇ ਉਨ੍ਹਾਂ ਨੂੰ ਅਜਿਹਾ ਕਰਨ ਤੋਂ ਰੋਕਿਆ ਤਾਂ ਦੋਵਾਂ ਧਿਰਾਂ ਵਿੱਚ ਝਗੜਾ ਵਧ ਗਿਆ। ਦੱਸਿਆ ਜਾ ਰਿਹਾ ਹੈ ਕਿ ਨਾਈਟ ਕਲੱਬ ਦੇ ਮਾਲਕ ਅਦਿੱਤਿਆ ਨੇ ਗੋਲੀ ਚਲਾ ਦਿੱਤੀ ਜਿਸ ਕਾਰਨ ਸਿਧਾਰਥ ਡੇਲੂ ਜ਼ਖ਼ਮੀ ਹੋ ਗਿਆ। ਉਸ ਨੂੰ ਪ੍ਰਾਈਵੇਟ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ। ਪੁਲੀਸ ਅਨੁਸਾਰ ਸਿਧਾਰਥ ਦੀ ਹਾਲਤ ਖ਼ਤਰੇ ਤੋਂ ਬਾਹਰ ਹੈ।