ਮੁਹਾਲੀ ਦੇ ਕੂੜੇ ਲਈ ਨਿਗ਼ਮ ਨੂੰ ਝੰਜੇੜੀ ’ਚ ਮਿਲੇਗੀ ਥਾਂ
ਕਰਮਜੀਤ ਸਿੰਘ ਚਿੱਲਾ
ਐੱਸਏਐੱਸ ਨਗਰ(ਮੁਹਾਲੀ), 8 ਜੁਲਾਈ
ਮੁਹਾਲੀ ਨਗਰ ਨਿਗਮ ਦੇ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਨੇ ਕਿਹਾ ਕਿ ਕੂੜਾ ਸੁੱਟਣ ਅਤੇ ਇਸ ਨੂੰ ਪ੍ਰਾਸੈੱਸ ਕਰਨ ਲਈ ਥਾਂ ਦੀ ਘਾਟ ਨਾਲ ਜੂਝ ਰਹੇ ਨਗਰ ਨਿਗ਼ਮ ਮੁਹਾਲੀ ਨੂੰ ਜਲਦੀ ਹੀ ਗਮਾਡਾ ਵੱਲੋਂ ਪਿੰਡ ਝੰਜੇੜੀ ਵਿੱਚ 30 ਏਕੜ ਥਾਂ ਦਿੱਤੀ ਜਾਵੇਗੀ। ਇਹ ਥਾਂ ਮਿਲਣ ਨਾਲ ਮੁਹਾਲੀ ਦੇ ਫੇਜ਼ ਪੰਜ ਅਤੇ ਗਿਆਰਾਂ ਵਿੱਚ ਬਣਾਏ ਕੂੜਾ ਡੰਪਾਂ ਤੋਂ ਲੋਕਾਂ ਨੂੰ ਵੀ ਰਾਹਤ ਮਿਲੇਗੀ। ਇਹ ਦਾਅਵਾ ਉਨ੍ਹਾਂ ਅੱਜ ਗ਼ਮਾਡਾ ਦੇ ਮੁੱਖ ਪ੍ਰਸ਼ਾਸਕ ਵਿਸ਼ੇਸ਼ ਸਾਰੰਗਲ ਨਾਲ ਮੁਲਾਕਾਤ ਕਰਨ ਮਗਰੋਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ।
ਮੇਅਰ ਨੇ ਦੱਸਿਆ ਕਿ ਉਹ ਮੁਹਾਲੀ ਵਿੱਚ ਗਾਰਬੇਜ ਦੀ ਸਮੱਸਿਆ ਦੇ ਹੱਲ ਲਈ ਲਗਾਤਾਰ ਗ਼ਮਾਡਾ ਅਧਿਕਾਰੀਆਂ ਨੂੰ ਜ਼ਮੀਨ ਦੇਣ ਲਈ ਪੱਤਰ ਲਿਖ ਰਹੇ ਹਨ। ਉਨ੍ਹਾਂ ਕਿਹਾ ਕਿ ਅੱਜ ਉਹ ਫੇਜ਼ ਅਤੇ ਫੇਜ਼ ਗਿਆਰਾਂ ਦੇ ਪਤਵੰਤਿਆਂ ਨੂੰ ਨਾਲ ਲੈ ਕੇ ਗਮਾਡਾ ਦੇ ਮੁੱਖ ਪ੍ਰਸ਼ਾਸਕ ਨੂੰ ਲਿਖਤੀ ਮੰਗ ਪੱਤਰ ਦੇ ਕੇ ਆਏ ਹਨ। ਪ੍ਰਸ਼ਾਸਕ ਵੱਲੋਂ ਭਰੋਸਾ ਦਿੱਤਾ ਗਿਆ ਹੈ ਕਿ ਜਲਦੀ ਨਗਰ ਨਿਗਮ ਨੂੰ ਗਮਾਡਾ ਵੱਲੋਂ ਪਿੰਡ ਝੰਜੇੜੀ ਵਿਚ ਗਾਰਬੇਜ ਲਈ ਥਾਂ ਮੁਹੱਈਆ ਕਰਾਈ ਜਾਵੇਗੀ। ਮੇਅਰ ਨੇ ਕਿਹਾ ਕਿ ਉਨ੍ਹਾਂ ਨੇ ਪ੍ਰਸ਼ਾਸਕ ਨੂੰ ਬਿਨਾਂ ਦੇਰੀ ਤੋਂ ਜ਼ਮੀਨ ਦੇਣ ਦਾ ਪ੍ਰਕਿਰਿਆ ਆਰੰਭ ਕਰਨ ਦੀ ਮੰਗ ਕੀਤੀ ਹੈ।
ਜੀਤੀ ਸਿੱਧੂ ਨੇ ਕਿਹਾ ਕਿ ਮੁਹਾਲੀ ਸ਼ਹਿਰ ਦੇ ਫੇਜ਼-5 ਵਿੱਚ ਬਣੇ ਆਰਐੱਮਸੀ ਪੁਆਇੰਟ ਅਤੇ ਫੇਜ਼-11 ਨੇੜੇ ਰੇਲਵੇ ਲਾਈਨ ਕੋਲ ਸਥਿਤ ਗਾਰਬੇਜ ਪ੍ਰਾਸੈਸਿੰਗ ਪਲਾਂਟ ਰਿਹਾਇਸ਼ੀ ਖੇਤਰਾਂ ਦੇ ਨੇੜੇ ਹਨ। ਇਸ ਕਾਰਨ ਲੋਕਾਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਇਸ ਮੌਕੇ ਹਰਜੀਤ ਸਿੰਘ ਭੋਲੂ ਐਮਸੀ, ਸੁੱਚਾ ਸਿੰਘ ਕਲੌੜ ਐਮਸੀ, ਜਗਦੀਸ਼ ਜੱਗਾ ਐਮਸੀ, ਰਣਜੀਤ ਗਿੱਲ ਸਰਪੰਚ ਜਗਤਪੁਰਾ ਅਤੇ ਫੇਜ਼ 11 ਅਤੇ ਫੇਜ਼ ਪੰਜ ਦੇ ਵਸਨੀਕ ਵੀ ਹਾਜ਼ਰ ਸਨ।