ਸ਼ਹੀਦੀ ਪੁਰਬ ਨੂੰ ਸਮਰਪਿਤ ਸਜਾਇਆ ਜਾਵੇਗਾ ਨਗਰ ਕੀਰਤਨ: ਬਾਬਾ ਦਲਵਾਰਾ ਸਿੰਘ
ਡਾ. ਹਿਮਾਂਸ਼ੂ ਸੂਦ
ਫ਼ਤਹਿਗੜ੍ਹ ਸਾਹਿਬ, 8 ਜੁਲਾਈ
ਬਾਬਾ ਦਲਵਾਰਾ ਸਿੰਘ ਰੋਹੀਸਰ ਸਾਹਿਬ ਮਾਲੋਵਾਲ ਵਾਲਿਆਂ ਨੇ ਦੱਸਿਆ ਕਿ ਗੁਰੂ ਤੇਗ ਬਹਾਦਰ ਦੀ ਸ਼ਹਾਦਤ ਅਤੇ ਭਾਈ ਮਤੀ ਦਾਸ, ਭਾਈ ਦਿਆਲਾ, ਭਾਈ ਸਤੀ ਦਾਸ ਦੀਆਂ ਸ਼ਹਾਦਤਾਂ ਨੂੰ ਸਮਰਪਿਤ ਨਗਰ ਕੀਰਤਨ 11 ਜੁਲਾਈ ਨੂੰ ਗੁਰਦੁਆਰਾ ਗੁਰੂ ਕੇ ਮਹਿਲ ਸ੍ਰੀ ਆਨੰਦਪੁਰ ਸਾਹਿਬ ਤੋਂ ਸਵੇਰੇ 9 ਵਜੇ ਆਰੰਭ ਹੋ ਕੇ ਗੁਰਦੁਆਰਾ ਜੋਤੀ ਸਰੂਪ ਫ਼ਤਹਿਗੜ੍ਹ ਸਾਹਿਬ ਵਿੱਚ ਦੁਪਹਿਰ ਕਰੀਬ 2 ਵਜੇ ਪਹੁੰਚੇਗਾ। ਇੱਥੇ ਸੰਗਤ ਲਈ ਅਤੁੱਟ ਲੰਗਰ ਵਰਤੇਗਾ। ਇਸ ਉਪਰੰਤ ਨਗਰ ਕੀਰਤਨ ਗੁਰਦੁਆਰਾ ਦੁਖ ਨਿਵਾਰਨ ਸਾਹਿਬ ਪਟਿਆਲਾ ਠਹਿਰੇਗਾ। 12 ਜੁਲਾਈ ਨੂੰ ਗੁਰਦੁਆਰਾ ਪਾਤਸ਼ਾਹੀ ਨੌਵੀ ਰਾਤਰੀ ਵਿਸਰਾਮ ਕਰੇਗਾ। 13 ਨੂੰ ਗੁਰੂ ਕਾ ਤਾਲ ਆਗਰਾ ਯੂਪੀ ਠਹਿਰਨ ਉਪਰੰਤ 14 ਜੁਲਾਈ ਨੂੰ ਗੁਰਦੁਆਰਾ ਸੀਸ ਗੰਜ ਸਾਹਿਬ ਚਾਂਦਨੀ ਚੌਕ ਦਿੱਲੀ ਵਿੱਚ ਸੰਪੂਰਨ ਹੋਵੇਗਾ। ਉਨ੍ਹਾਂ ਸੰਗਤ ਨੂੰ ਸ਼ਾਮਲ ਹੋਣ ਦੀ ਅਪੀਲ ਕੀਤੀ।
ਉਨ੍ਹਾਂ ਦੱਸਿਆ ਕਿ ਗੁਰੂ ਤੇਗ ਬਹਾਦਰ ਸਾਹਿਬ 11 ਜੁਲਾਈ ਨੂੰ ਆਨੰਦਪੁਰ ਸਾਹਿਬ ਤੋਂ ਦਿੱਲੀ ਲਈ ਰਵਾਨਾ ਹੋਏ ਸਨ, ਇਸ ਲਈ ਇਹ ਨਗਰ ਕੀਰਤਨ ਆਨੰਦਪੁਰ ਸਾਹਿਬ ਤੋਂ ਸ਼ੁਰੂ ਹੋ ਰਿਹਾ ਹੈ। ਜਿਸ ਰਾਹ ਤੋਂ ਗੁਰੂ ਸਾਹਿਬ ਦਿੱਲੀ ਪਹੁੰਚੇ ਸਨ, ਉੱਥੋਂ ਹੁੰਦਾ ਹੋਇਆ ਚਾਰ ਦਿਨ ਦਾ ਸਫ਼ਰ ਤਹਿ ਕਰ ਕੇ ਨਗਰ ਕੀਰਤਨ ਗੁਰਦੁਆਰਾ ਸੀਸ ਗੰਜ ਸਾਹਿਬ ਨਵੀਂ ਦਿੱਲੀ ਪਹੁੰਚੇਗਾ। ਉਨ੍ਹਾਂ ਕਿਹਾ ਕਿ ਜਿਹੜੇ ਸ਼ਰਧਾਲੂ ਨਗਰ ਕੀਰਤਨ ’ਚ ਆਪਣੇ ਵਾਹਨਾਂ ਸਣੇ ਸ਼ਾਮਲ ਹੋਣਾ ਚਾਹੁਣ ਉਹ ਵੀ ਸ਼ਾਮਲ ਹੋ ਸਕਦੇ ਹਨ।
ਇਸ ਮੌਕੇ ਜਥੇਦਾਰ ਜਗਜੀਤ ਸਿੰਘ ਸੰਤ ਆਸ਼ਰਮ ਗੁਰਦੁਆਰਾ ਕਿਰਪਾਸਰ ਫ਼ਤਹਿਗੜ੍ਹ ਸਾਹਿਬ, ਸਮਾਜ ਸੇਵੀ ਡਾ. ਰਘਬੀਰ ਸ਼ੁਕਲਾ, ਐਡਵੋਕੇਟ ਸੁਖਵਿੰਦਰ ਸਿੰਘ ਸੁੱਖੀ ਤੇ ਬਾਬਾ ਕਰਮਜੀਤ ਸਿੰਘ ਸਾਹੀਏਵਾਲ ਆਦਿ ਹਾਜ਼ਰ ਸਨ।