ਮੁਹਾਲੀ ਨਿਗਮ ਦੀ ਵਿੱਤ ਤੇ ਠੇਕਾ ਕਮੇਟੀ ਵੱਲੋਂ ਚਾਰ ਕਰੋੜ ਦੇ ਨਵੇਂ ਐਸਟੀਮੇਟ ਪਾਸ
ਕਰਮਜੀਤ ਸਿੰਘ ਚਿੱਲਾ
ਐੱਸਏਐੱਸ ਨਗਰ(ਮੁਹਾਲੀ), 2 ਜੁਲਾਈ
ਨਗਰ ਨਿਗਮ ਦੀ ਵਿੱਤ ਅਤੇ ਠੇਕਾ ਕਮੇਟੀ ਦੀ ਅੱਜ ਹੋਈ ਮੀਟਿੰਗ ਵਿੱਚ ਪਹਿਲਾਂ ਪਾਸ ਕੀਤੇ ਹੋਏ ਕੰਮਾਂ ਦੇ 67 ਕਰੋੜ ਰੁਪਏ ਦੇ ਵਰਕ ਆਰਡਰ ਜਾਰੀ ਕੀਤੇ ਗਏ। ਇਸ ਦੇ ਨਾਲ ਹੀ ਵਿਕਾਸ ਕਾਰਜਾਂ ਦੇ 4 ਕਰੋੜ ਰੁਪਏ ਦੇ ਨਵੇਂ ਐਸਟੀਮੇਟ ਵੀ ਪਾਸ ਕੀਤੇ ਗਏ। ਨਗਰ ਨਿਗਮ ਦੇ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਦੀ ਅਗਵਾਈ ਹੇਠ ਹੋਈ ਮੀਟਿੰਗ ਵਿੱਚ ਪਾਸ ਕੀਤੇ ਗਏ ਕੰਮਾਂ ਵਿੱਚ ਮੁੱਖ ਤੌਰ ਤੇ ਸੜਕਾਂ ਨੂੰ ਸਕੈਰੀਫਾਈ ਕਰਕੇ ਉਨ੍ਹਾਂ ਉੱਤੇ ਪ੍ਰੀਮਿਕਸ ਪਾਉਣ ਦੇ ਕੰਮ ਸ਼ਾਮਲ ਹਨ। ਕੁਝ ਕੰਮ ਮੁਹਾਲੀ ਵਿੱਚ ਪਹਿਲਾਂ ਵੀ ਚੱਲ ਰਹੇ ਹਨ। ਮੀਟਿੰਗ ਵਿੱਚ ਨਗਰ ਨਿਗਮ ਦੇ ਕਮਿਸ਼ਨਰ ਪਰਮਿੰਦਰ ਪਾਲ ਸਿੰਘ, ਸੀਨੀਅਰ ਡਿਪਟੀ ਮੇਅਰ ਅਮਰੀਕ ਸਿੰਘ ਸੋਮਲ, ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ, ਮੈਂਬਰ ਕੌਂਸਲਰ ਜਸਬੀਰ ਸਿੰਘ ਮਣਕੂ ਅਤੇ ਅਨੁਰਾਧਾ ਅਨੰਦ ਤੋਂ ਇਲਾਵਾ ਚੀਫ ਇੰਜਨੀਅਰ ਨਰੇਸ਼ ਬੱਤਾ ਅਤੇ ਹੋਰ ਅਧਿਕਾਰੀ ਹਾਜ਼ਰ ਸਨ।
ਮੀਟਿੰਗ ਤੋਂ ਬਾਅਦ ਮੇਅਰ ਜੀਤੀ ਸਿੱਧੂ ਨੇ ਕਿਹਾ ਕਿ ਮੁਹਾਲੀ ਦੀਆਂ ਸੜਕਾਂ ਜਿਨਾਂ ਦੀ ਸਮੇਂ ਅਨੁਸਾਰ ਮੁਰੰਮਤ ਹੋਣ ਵਾਲੀ ਹੈ, ਉੱਤੇ ਪ੍ਰੀਮਿਕਸ ਪਾਇਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਮੁੱਖ ਸੜਕਾਂ ਅਤੇ ਅੰਦਰੂਨੀ ਸੜਕਾਂ ਉੱਤੇ ਪ੍ਰੀਮਿਕਸ ਪਾਉਣ ਦੇ ਕੰਮ ਤੋਂ ਇਲਾਵਾ ਸੀਵਰੇਜ ਦੀ ਡੀਸਿਲਟਿੰਗ ਦੇ ਕੰਮ, ਰੋਡ ਗਲੀਆਂ ਦੀ ਸਫਾਈ ਦੇ ਕੰਮ ਅਤੇ ਹੋਰ ਵਿਕਾਸ ਕਾਰਜ ਸ਼ਾਮਲ ਹਨ। ਉਨ੍ਹਾਂ ਕਿਹਾ ਕਿ ਅਧਿਕਾਰੀਆਂ ਨੂੰ ਹਦਾਇਤਾਂ ਦਿੱਤੀਆਂ ਗਈਆਂ ਹਨ ਕਿ ਕੀਤੇ ਜਾ ਰਹੇ ਕੰਮਾਂ ਦੀ ਸਮੇਂ ਸਮੇਂ ਸਿਰ ਨਜ਼ਰਸਾਨੀ ਕੀਤੀ ਜਾਵੇ ਤਾਂ ਜੋ ਕੁਆਲਿਟੀ ਨਾਲ ਕਿਸੇ ਤਰੀਕੇ ਦਾ ਸਮਝੌਤਾ ਨਾ ਹੋ ਸਕੇ। ਉਨ੍ਹਾਂ ਕਿਹਾ ਕਿ ਕੀਤੇ ਜਾ ਰਹੇ ਕੰਮਾਂ ਵਿੱਚ ਕੁਆਲਿਟੀ ਵਿੱਚ ਕਿਸੇ ਵੀ ਤਰ੍ਹਾਂ ਦੀ ਘਾਟ ਹੋਈ ਤਾਂ ਸੰਬੰਧਿਤ ਠੇਕੇਦਾਰਾਂ ਅਤੇ ਜਿੰਮੇਵਾਰ ਅਧਿਕਾਰੀਆਂ ਦੇ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ।
ਸਫ਼ਾਈ ਕਾਮਿਆਂ ਵੱਲੋਂ ਪ੍ਰਦਰਸ਼ਨ
ਐਸਏਐਸ ਨਗਰ(ਮੁਹਾਲੀ) (ਖੇਤਰੀ ਪ੍ਰਤੀਨਿਧ): ਪੰਜਾਬ ਸਫਾਈ ਮਜ਼ਦੂਰ ਫੈਡਰੇਸ਼ਨ ਦੇ ਬੈਨਰ ਹੇਠਲੇ ਨਗਰ ਨਿਗਮ ਮੁਹਾਲੀ ਦੇ ਸਫ਼ਾਈ ਮਜ਼ਦੂਰਾਂ ਦੀ ਹੜਤਾਲ ਅੱਜ ਤੀਜੇ ਦਿਨ ਵੀ ਜਾਰੀ ਰਹੀ। ਸਫਾਈ ਸੇਵਕਾਂ ਵਲੋਂ ਆਪਣੀਆਂ ਡਿਊਟੀਆਂ ਦਾ ਬਾਈਕਾਟ ਕਰਕੇ ਅਤੇ ਨਗਰ ਨਿਗਮ ਮੁਹਾਲੀ ਦੇ ਦਫ਼ਤਰ ਅੱਗੇ ਧਰਨਾ ਦਿੱਤਾ ਗਿਆ। ਇਸ ਮੌਕੇ ਪ੍ਰਦਰਸ਼ਨਕਾਰੀਆਂ ਵਲੋਂ ਨਿਗਮ ਦੇ ਕਮਿਸ਼ਨਰ ਅਤੇ ਹਲਕਾ ਵਿਧਾਇਕ ਵਿਰੁੱਧ ਨਾਅਰੇਬਾਜ਼ੀ ਕੀਤੀ ਗਈ ਅਤੇ ਨਗਰ ਨਿਗਮ ਦੇ ਕਮਿਸ਼ਨਰ ਦਾ ਪੁਤਲਾ ਵੀ ਸਾੜਿਆ ਗਿਆ। ਫੈਡਰੇਸ਼ਨ ਦੇ ਸੂਬਾ ਜਨਰਲ ਸਕੱਤਰ ਪਵਨ ਗੋਡਯਾਲ ਨੇ ਦੱਸਿਆ ਕਿ ਨਿਗਮ ਦੇ ਇੱਕ ਸੈਨੇਟਰੀ ਇੰਸਪੈਕਟਰ ਨੂੰ ਬਦਲਣ ਅਤੇ ਹੋਰ ਮੰਗਾਂ ਦੀ ਜਦੋਂ ਤੱਕ ਪੂਰਤੀ ਨਹੀਂ ਹੁੰਦੀ, ਉਦੋਂ ਤੱਕ ਹੜਤਾਲ ਜਾਰੀ ਰਹੇਗੀ। ਧਰਨੇ ਡਾ. ਭੀਮ ਰਾੳ ਅੰਬੇਡਕਰ ਦੇ ਚੇਅਰਮੈਨ ਪੁਰਸ਼ੋਤਮ ਸੋਂਧੀ, ਡਾ. ਦਵਿੰਦਰ ਗੁਗਲਾਨੀ, ਡਾ. ਭੂਪਿੰਦਰ ਸਿੰਘ ਸਿੱਧੂ, ਜੋਗਿੰਦਰ ਸਿੰਘ ਮਾਨ, ਪੰਜਾਬ ਸਫਾਈ ਮਜ਼ਦੂਰ ਫੈਡਰੇਸ਼ਨ ਦੇ ਸੂਬਾ ਸੀਨੀਅਰ ਮੀਤ ਪ੍ਰਧਾਨ ਮੋਹਣ ਸਿੰਘ, ਮੁਹਾਲੀ ਦੇ ਪ੍ਰਧਾਨ ਸੋਭਾ ਰਾਮ, ਰਾਜਨ ਚਾਵਰੀਆ, ਰਾਜੂ ਸੰਗੇਲਿਆ, ਸਚਿਨ, ਸ਼ਮਸ਼ੇਰ ਸਿੰਘ ਆਦਿ ਨੇ ਵੀ ਸੰਬੋਧਨ ਕੀਤਾ।