ਸਰਬਜੀਤ ਸਿੰਘ ਭੱਟੀ
ਪੰਜਾਬ ਦੇ ਜਲ ਸਰੋਤ ਮੰਤਰੀ ਬਰਿੰਦਰ ਕੁਮਾਰ ਗੋਇਲ ਨੇ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਵੱਲੋਂ ਰੱਖੇ ਧਿਆਨ ਦਿਵਾਊ ਮਤੇ ਦਾ ਜਵਾਬ ਦਿੰਦਿਆਂ ਭਰੋਸਾ ਦਿੱਤਾ ਕਿ ਡੇਰਾਬਸੀ ਹਲਕੇ ਦੇ ਲਾਲੜੂ ਨੇੜਲੇ ਪਿੰਡ ਟਿਵਾਣਾ ਵਿਖੇ ਘੱਗਰ ਨੂੰ ਚੌੜਾ ਕਰਨ ਅਤੇ ਇਸ ਦੇ ਬੰਨ੍ਹ ਨੂੰ ਮਿੱਟੀ ਪਾ ਕੇ ਮਜ਼ਬੂਤ ਕਰਨ ਦੀ ਤਜਵੀਜ਼ ’ਤੇ ਸਰਕਾਰ ਜਲਦ ਅਮਲ ਕਰੇਗੀ। ਸ੍ਰੀ ਰੰਧਾਵਾ ਵਲੋਂ ਵਿਧਾਨ ਸਭਾ ਵਿਚ ਪੇਸ਼ ਕੀਤੇ ਗਏ ਧਿਆਨ ਦਿਵਾਊ ਮਤੇ ਦਾ ਜਵਾਬ ਦਿੰਦਿਆਂ ਜਲ ਸਰੋਤ ਮੰਤਰੀ ਨੇ ਦੱਸਿਆ ਕਿ ਸਾਲ 2023 ਵਿੱਚ ਆਈ ਭਾਰੀ ਬਰਸਾਤ ਕਾਰਨ ਪਿੰਡ ਟਿਵਾਣਾ ਵਿਖੇ ਘੱਗਰ ਦਰਿਆ ਵਿੱਚ ਪਾਣੀ ਦਾ ਪੱਧਰ ਬਹੁਤ ਵੱਧ ਗਿਆ ਸੀ, ਜਿਸ ਕਾਰਨ ਘੱਗਰ ਦਰਿਆ ਦੇ ਹੜ੍ਹ ਦੇ ਪਾਣੀ ਨਾਲ ਖੱਬੇ ਪਾਸੇ ਲੱਗਦੀਆਂ ਵਾਹੀਯੋਗ ਜ਼ਮੀਨਾਂ ਵਿੱਚ ਪਾਣੀ ਭਰ ਗਿਆ ਸੀ ਅਤੇ ਨਾਲ ਹੀ ਖੋਰਾ ਪੈਣ ਨਾਲ ਜ਼ਮੀਨ ਦਾ ਪੱਧਰ ਲਗਪਗ 8 ਤੋਂ 10 ਫੁੱਟ ਨੀਵਾਂ ਹੋ ਗਿਆ ਸੀ, ਜਿਸ ਉਪਰੰਤ ਵਿਭਾਗ ਵਲੋਂ ਵਾਹੀਯੋਗ ਜ਼ਮੀਨ ਨੂੰ ਖੋਰ ਤੋਂ ਬਚਾਉਣ ਲਈ 2500 ਫੁੱਟ ਦੀ ਲੰਬਾਈ ਵਿੱਚ ਪੱਥਰਾਂ ਦੀ ਰਿਵੈਟਮੈਂਟ ਅਤੇ ਸਟੱਡ ਲਗਾਏ ਗਏ ਸਨ ਇਸ ਰਿਵੈਟਮੈਂਟ ਨੂੰ ਸਪੋਰਟ ਕਰਨ ਲਈ ਇਸ ਦੇ ਪਿੱਛੇ ਮਿੱਟੀ ਦੀ ਭਰਤੀ ਕਰਦੇ ਹੋਏ ਬੰਨ੍ਹ ਬਣਾਇਆ ਗਿਆ ਸੀ। ਉਨ੍ਹਾਂ ਦੱਸਿਆ ਇਸ ਕੰਮ ਨੂੰ ਕਰਨ ਲਈ ਵਿਭਾਗ ਵਲੋਂ 10 ਕਰੋੜ ਦਾ ਖਰਚਾ ਕੀਤਾ ਗਿਆ ਸੀ। ਕੈਬਨਿਟ ਮੰਤਰੀ ਨੇ ਭਰੋਸਾ ਦਿੱਤਾ ਕਿ ਘੱਗਰ ਨੂੰ ਚੌੜਾ ਕਰਨ ਦੀ ਤਜਵੀਜ਼ ਤਿਆਰ ਹੈ ਤੇ ਵਿਭਾਗ ਵੱਲੋਂ ਲਗਪਗ 11 ਲੱਖ ਰੁਪਏ ਦੀ ਲਾਗਤ ਨਾਲ ਇਹ ਕੰਮ ਤੁਰੰਤ ਪ੍ਰਭਾਵ ਨਾਲ ਕਰਵਾਇਆ ਜਾਵੇਗਾ।