ਕਰਮਜੀਤ ਸਿੰਘ ਚਿੱਲਾ
ਐੱਸਏਐੱਸ ਨਗਰ (ਮੁਹਾਲੀ), 11 ਜੁਲਾਈ
ਮੁਹਾਲੀ ਨਗਰ ਨਿਗਮ ਦੇ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਨੇ ਅੱਜ ਫੇਜ਼-11 ਦੀ ਰੇਲਵੇ ਲਾਈਨ ਦੇ ਨਾਲ ਸਥਿਤ ਆਰਐੱਮਸੀ ਪੁਆਇੰਟ ਦਾ ਅਚਾਨਕ ਦੌਰਾ ਕੀਤਾ। ਇਸ ਮੌਕੇ ਕੌਂਸਲਰ ਕਮਲਪ੍ਰੀਤ ਸਿੰਘ ਬੰਨੀ ਅਤੇ ਕਾਂਗਰਸੀ ਆਗੂ ਇੰਦਰਜੀਤ ਸਿੰਘ ਢਿੱਲੋਂ ਵੀ ਹਾਜ਼ਰ ਸਨ।
ਮੇਅਰ ਨੇ ਦੱਸਿਆ ਕਿ ਇਸ ਮੌਕੇ ਦੌਰਾਨ ਆਰਐਮਸੀ ਪੁਆਇੰਟ ਉੱਤੇ ਲੱਗੇ ਪਲਾਂਟ ਪੂਰੀ ਤਰ੍ਹਾਂ ਬੰਦ ਦਿਖਾਈ ਦਿੱਤੇ। ਪਲਾਂਟ ਦੇ ਬਾਹਰ ਪਏ ਕੂੜੇ ਨੂੰ ਅੱਗ ਲੱਗੀ ਹੋਈ ਸੀ, ਜਿਸ ਵਿੱਚੋਂ ਧੂੰਆਂ ਨਿਕਲ ਰਿਹਾ ਸੀ ਅਤੇ ਪਲਾਂਟ ਦੇ ਅੰਦਰ ਜਾਣ ਵਾਸਤੇ ਰਸਤੇ ਦੀ ਹਾਲਤ ਵੀ ਠੀਕ ਨਹੀਂ ਸੀ।
ਮੇਅਰ ਜੀਤੀ ਸਿੱਧੂ ਨੇ ਇੱਥੇ ਹਾਜ਼ਰ ਠੇਕੇਦਾਰ ਦੇ ਸੁਪਰਵਾਈਜ਼ਰ ਨੂੰ ਸਖਤ ਸ਼ਬਦਾਂ ਵਿੱਚ ਹਦਾਇਤਾਂ ਦਿੱਤੀਆਂ ਕਿ ਕੂੜੇ ਨੂੰ ਕਿਸੇ ਵੀ ਹਾਲਤ ਵਿੱਚ ਅੱਗ ਨਹੀਂ ਲੱਗਣੀ ਚਾਹੀਦੀ ਅਤੇ ਇਸ ਦੀ ਅੱਗ ਨੂੰ ਤੁਰੰਤ ਬੁਝਾਇਆ ਜਾਵੇ ਤੇ ਜੇਕਰ ਲੋੜ ਪਵੇ ਤਾਂ ਫਾਇਰ ਬ੍ਰਿਗੇਡ ਸੱਦੀ ਜਾਵੇ। ਉਨ੍ਹਾਂ ਪਲਾਂਟ ਦੇ ਅੰਦਰ ਜਾਣ ਵਾਲੇ ਰਸਤੇ ਨੂੰ ਠੀਕ ਕਰਨ ਅਤੇ ਪਲਾਂਟ ਨੂੰ ਵੱਧ ਤੋਂ ਵੱਧ ਸਮਾਂ ਚਲਾਉਣ ਦੀਆਂ ਹਦਾਇਤਾਂ ਦਿੱਤੀਆਂ ਤਾਂ ਜੋ ਇੱਥੇ ਕੂੜੇ ਦਾ ਸਹੀ ਢੰਗ ਨਾਲ ਪ੍ਰਬੰਧ ਹੋ ਸਕੇ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਘਰ ਤੋਂ ਹੀ ਸੁੱਕੇ ਅਤੇ ਗਿੱਲੇ ਕੂੜੇ ਨੂੰ ਵੱਖ-ਵੱਖ ਕਰਕੇ ਭੇਜਣ ਨਹੀਂ ਤਾਂ ਆਉਣ ਵਾਲੇ ਸਮੇਂ ਵਿੱਚ ਹਾਲਾਤ ਕਾਬੂ ਤੋਂ ਬਾਹਰ ਹੋ ਜਾਣਗੇ ਅਤੇ ਸਾਰਿਆਂ ਨੂੰ ਇਸ ਦਾ ਖਮਿਆਜ਼ਾ ਭੁਗਤਣਾ ਪਵੇਗਾ। ਉਨ੍ਹਾਂ ਕਿਹਾ ਕਿ ਗਮਾਡਾ ਅਧਿਕਾਰੀਆਂ ਨੇ ਉਨ੍ਹਾਂ ਨੂੰ ਕੂੜਾ ਪ੍ਰਬੰਧਨ ਦੀ ਥਾਂ ਦੇਣ ਲਈ ਇੱਕ ਹਫਤੇ ਦਾ ਸਮਾਂ ਮੰਗਿਆ ਹੈ। ਉਨ੍ਹਾਂ ਕਿਹਾ ਕਿ ਆਰਐੱਮਸੀ ਪੁਆਇੰਟਾਂ ’ਤੇ ਆ ਰਹੇ ਵਾਧੂ ਕੂੜੇ ਦੇ ਪ੍ਰਬੰਧ ਵਿੱਚ ਭਾਰੀ ਮੁਸ਼ਕਿਲਾਂ ਆ ਰਹੀਆਂ ਹਨ ਜੋ ਕਿ ਗਮਾਡਾ ਦੇ ਵੱਖ-ਵੱਖ ਖੇਤਰਾਂ ਅਤੇ ਬਲੌਂਗੀ ਟੀਡੀਆਈ ਸਿਟੀ ਜਾਂ ਹੋਰ ਬਾਹਰਲੇ ਖੇਤਰ ਤੋਂ ਆ ਰਿਹਾ ਹੈ। ਉਨ੍ਹਾਂ ਕਿਹਾ ਕਿ ਮੁਹਾਲੀ ਕੋਲ ਜੇਕਰ 100 ਟਨ ਕੂੜੇ ਦੇ ਰੋਜ਼ਾਨਾ ਪ੍ਰਬੰਧ ਦਾ ਸਿਸਟਮ ਹੈ ਤਾਂ ਕੂੜਾ 150 ਟਨ ਤੋਂ ਵੀ ਵੱਧ ਆ ਰਿਹਾ ਹੈ।
ਮੇਅਰ ਨੇ ਮੁੱਖ ਮੰਤਰੀ ਨੂੰ ਅਪੀਲ ਕਿ ਮੁਹਾਲੀ ਸ਼ਹਿਰ ਨੂੰ ਬਚਾਉਣ ਲਈ ਗਮਾਡਾ ਨੂੰ ਤੁਰੰਤ ਹਦਾਇਤਾਂ ਕਰਕੇ ਸੋਲਿਡ ਵੇਸਟ ਮੈਨੇਜਮੈਂਟ ਵਾਸਤੇ ਜ਼ਮੀਨ ਉਪਲਬਧ ਕਰਵਾਈ ਜਾਵੇ ਅਤੇ ਨਵੀਨਤਮ ਤਕਨੀਕ ਦੇ ਪਲਾਂਟ ਨਗਰ ਨਿਗਮ ਨੂੰ ਵਿਸ਼ੇਸ਼ ਗਰਾਂਟ ਉਪਲਬਧ ਕਰਵਾਈ ਜਾਵੇ। ਉਨ੍ਹਾਂ ਕਿਹਾ ਕਿ ਜੇ ਛੇਤੀ ਮਸਲੇ ਦਾ ਹੱਲ ਨਹੀਂ ਹੋਇਆ ਤਾਂ ਉਨ੍ਹਾਂ ਕੋਲ ਲੋਕਾਂ ਨੂੰ ਨਾਲ ਲੈ ਕੇ ਸੜਕਾਂ ਉੱਤੇ ਆਉਣ ਤੋਂ ਇਲਾਵਾ ਹੋਰ ਕੋਈ ਚਾਰਾ ਨਹੀਂ ਰਹੇਗਾ।