ਚੰਡੀਗੜ੍ਹ ਸਟੇਟ ਕੋਆਪਰੇਟਿਵ ਬੈਂਕ ’ਚ ਸਥਾਨਕ ਲੋਕਾਂ ਨੂੰ ਮਿਲਣਗੀਆਂ ਨੌਕਰੀਆਂ
ਆਤਿਸ਼ ਗੁਪਤਾ
ਚੰਡੀਗੜ੍ਹ, 7 ਜੁਲਾਈ
ਚੰਡੀਗੜ੍ਹ ਸਟੇਟ ਕੋਆਪਰੇਟਿਵ ਬੈਂਕ ਲਿਮਟਿਡ ਵਿੱਚ 85 ਫ਼ੀਸਦ ਨੌਕਰੀਆਂ ਸਥਾਨਕ ਲੋਕਾਂ ਨੂੰ ਦਿੱਤੀਆਂ ਜਾਣਗੀਆਂ। ਇਹ ਫ਼ੈਸਲਾ ਬੈਂਕ ਦੇ ਚੇਅਰਮੈਨ ਸਤਿੰਦਰਪਾਲ ਸਿੰਘ ਸਿੱਧੂ ਦੀ ਅਗਵਾਈ ਹੇਠ ਹੋਈ ਬੋਰਡ ਆਫ਼ ਡਾਇਰੈਕਟਰ ਦੀ ਮੀਟਿੰਗ ਵਿੱਚ ਲਿਆ ਗਿਆ ਹੈ। ਬੈਂਕ ਦੇ ਚੇਅਰਮੈਨ ਸਤਿੰਦਰਪਾਲ ਸਿੰਘ ਸਿੱਧੂ ਨੇ ਕਿਹਾ ਕਿ ਬੈਂਕ ਵਿੱਚ ਰੈਗੂਲਰ, ਠੇਕਾ ਅਧਾਰਿਤ, ਪਾਰਟ-ਟਾਈਮ ਤੇ ਆਊਟਸੋਰਸ ਦੀਆਂ ਅਸਾਮੀਆਂ ’ਤੇ ਕੀਤੀ ਜਾਣ ਵਾਲੀ ਭਰਤੀ ਵਿੱਚੋਂ 85 ਫ਼ੀਸਦ ਕੋਟਾ ਚੰਡੀਗੜ੍ਹ ਦੇ ਸਥਾਨਕ ਲੋਕਾਂ ਨੂੰ ਦਿੱਤਾ ਜਾਵੇਗਾ, ਜਦੋਂ ਕਿ ਬਾਕੀ 15 ਫ਼ੀਸਦ ਕੋਟੇ ਵਿੱਚ ਦੇਸ਼ ਦੇ ਹੋਰਨਾਂ ਸੂਬਿਆਂ ਦੇ ਨੌਜਵਾਨਾਂ ਨੂੰ ਤਰਜੀਹ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਚੰਡੀਗੜ੍ਹੀਆਂ ਨੂੰ ਨੌਕਰੀ ਵਿੱਚ ਦਿੱਤੇ ਜਾਣ ਵਾਲੇ 85 ਫ਼ੀਸਦ ਕੋਟੇ ਵਿੱਚੋਂ 15 ਫ਼ੀਸਦ ਕੋਟਾ ਚੰਡੀਗੜ੍ਹ ਦੇ ਪਿੰਡਾਂ ਦੇ ਜੱਦੀ-ਪੁਸ਼ਤੀ ਲੋਕਾਂ ਨੂੰ ਦਿੱਤਾ ਜਾਵੇਗਾ। ਸ੍ਰੀ ਸਿੱਧੂ ਨੇ ਕਿਹਾ ਕਿ ਪੰਜਾਬ, ਹਰਿਆਣਾ ਤੇ ਦੇਸ਼ ਦੇ ਹੋਰਨਾਂ ਸੂਬਿਆਂ ਵੱਲੋਂ ਸਰਕਾਰੀ ਅਦਾਰਿਆਂ ’ਚ ਕੀਤੀ ਜਾਣ ਵਾਲੀ ਰੈਗੂਲਰ, ਠੇਕਾ ਅਧਾਰਿਤ, ਪਾਰਟ-ਟਾਈਮ, ਆਊਟਸੋਰਸ ਭਰਤੀ ਵਿੱਚ ਆਪੋ-ਆਪਣੇ ਸੂਬਿਆਂ ਦੇ ਨੌਜਵਾਨਾਂ ਨੂੰ ਤਰਜੀਹ ਦਿੱਤੀ ਜਾਂਦੀ ਹੈ। ਇਸੇ ਨੂੰ ਵੇਖਦਿਆਂ ਦਿ ਚੰਡੀਗੜ੍ਹ ਸਟੇਟ ਕੋਆਪਰੇਟਿਵ ਬੈਂਕ ਲਿਮਟਿਡ, ਚੰਡੀਗੜ੍ਹ ਦੇ ਬੋਰਡ ਆਫ਼ ਡਾਇਰੈਕਟਰਜ਼ ਨੇ ਫ਼ੈਸਲਾ ਕੀਤਾ ਕਿ ਬੈਂਕ ਵਿੱਚ ਕੀਤੀ ਜਾਣ ਵਾਲੀ ਰੈਗੂਲਰ, ਠੇਕਾ ਆਧਾਰਿਤ, ਪਾਰਟ-ਟਾਈਮ ਤੇ ਆਊਟਸੋਰਸ ਭਰਤੀ ਵਿੱਚ 85 ਫ਼ੀਸਦ ਕੋਟਾ ਚੰਡੀਗੜ੍ਹ ਦੇ ਸਥਾਨਕ ਲੋਕਾਂ ਨੂੰ ਦਿੱਤਾ ਜਾਵੇਗਾ। ਬੋਰਡ ਆਫ਼ ਡਾਇਰੈਕਟਰਜ਼ ਦੀ ਮੀਟਿੰਗ ਵਿੱਚ ਬੈਂਕ ਦੀ ਲੋਨ ਪਾਲਸੀ ’ਤੇ ਮੋਹਰ ਲਗਾਈ ਅਤੇ ਚੰਡੀਗੜ੍ਹ ਦੇ ਸੈਕਟਰ-22 ਵਿੱਚ ਸਥਿਤ ਬੈਂਕ ਦੀ ਸ਼ਾਖਾ ਨੂੰ ਅਪਗ੍ਰੇਡ ਕਰਨ ਦੀ ਮਨਜ਼ੂਰੀ ਦੇ ਦਿੱਤੀ ਹੈ।