ਕਰਨਾਟਕ ਦੇ ਵਫ਼ਦ ਵੱਲੋਂ ਨਿਗਮ ਦੀਆਂ ਪ੍ਰਾਜੈਕਟ ਸਾਈਟਾਂ ਦਾ ਦੌਰਾ
ਪੱਤਰ ਪ੍ਰੇਰਕ
ਚੰਡੀਗੜ੍ਹ, 21 ਮਈ
ਕਰਨਾਟਕ ਤੋਂ ਆਏ ਵਫ਼ਦ ਨੇ ਅੱਜ ਸਥਾਨਕ ਨਗਰ ਨਿਗਮ ਦੇ ਸਭ ਤੋਂ ਵਧੀਆ ਅਭਿਆਸਾਂ ਦਾ ਅਧਿਐਨ ਕਰਨ ਲਈ ਚੰਡੀਗੜ੍ਹ ਵਿੱਚ ਇੱਕ ਰੋਜ਼ਾ ਦੌਰਾ ਕੀਤਾ। ਇਸ ਵਫ਼ਦ ਵਿੱਚ 16 ਕੌਂਸਲਰ ਅਤੇ ਦੋ ਅਧਿਕਾਰੀ ਸ਼ਾਮਲ ਸਨ।
ਮੇਅਰ ਹਰਪ੍ਰੀਤ ਕੌਰ ਬਬਲਾ ਅਤੇ ਕਮਿਸ਼ਨਰ ਅਮਿਤ ਕੁਮਾਰ ਨੇ ਨਿਗਮ ਦਫ਼ਤਰ ਵਿੱਚ ਵਫ਼ਦ ਦਾ ਸਵਾਗਤ ਕੀਤਾ ਅਤੇ ਉਸ ਤੋਂ ਬਾਅਦ ਨਗਰ ਨਿਗਮ ਚੰਡੀਗੜ੍ਹ ਦੇ ਪ੍ਰਾਜੈਕਟਾਂ ਅਤੇ ਸਭ ਤੋਂ ਵਧੀਆ ਅਭਿਆਸਾਂ ਅਤੇ ਕਾਰਜਾਂ ਬਾਰੇ ਸੰਖੇਪ ਜਾਣ-ਪਛਾਣ ਕਰਵਾਈ। ਵਫ਼ਦ ਦਾ ਇਹ ਦੌਰਾ ਸੈਕਟਰ-17 ਦੇ ਨਗਰ ਨਿਗਮ ਦਫ਼ਤਰ ਵਿੱਚ ਨਿਗਮ ਦੇ ਸਭ ਤੋਂ ਵਧੀਆ ਅਭਿਆਸਾਂ ਬਾਰੇ ਪੇਸ਼ਕਾਰੀ ਨਾਲ ਸ਼ੁਰੂ ਹੋਇਆ।
ਵਫ਼ਦ ਦੇ ਮੈਂਬਰਾਂ ਨੂੰ ਠੋਸ ਰਹਿੰਦ-ਖੂੰਹਦ ਪ੍ਰਬੰਧਨ ਪ੍ਰਣਾਲੀ, ਰਹਿੰਦ-ਖੂੰਹਦ ਵੱਖ ਕਰਨ ਦੀ ਪ੍ਰਣਾਲੀ, ਸੜਕਾਂ ਦੀ ਦੇਖਭਾਲ, ਪਾਣੀ ਸਪਲਾਈ ਪ੍ਰਣਾਲੀ, ਬਾਗ਼ਾਂ ਅਤੇ ਹਰੀਆਂ ਪੱਟੀਆਂ ਦੀ ਦੇਖਭਾਲ, ਸਟ੍ਰੀਟ ਲਾਈਟਾਂ, ਟਰਸ਼ਰੀ ਟ੍ਰੀਟਡ ਪਾਣੀ ਦੀ ਸਪਲਾਈ, ਹੜ੍ਹ ਦਾ ਪਾਣੀ ਪ੍ਰਬੰਧਨ, ਸੀਵਰੇਜ ਟ੍ਰੀਟਮੈਂਟ ਪਲਾਂਟ, ਕੂੜੇ ਦਾ ਪ੍ਰਾਸੈਸਿੰਗ ਪਲਾਂਟ, ਬਾਗ਼ਬਾਨੀ ਰਹਿੰਦ-ਖੂੰਹਦ ਪ੍ਰਾਸੈਸਿੰਗ ਪਲਾਂਟ, ਪ੍ਰਾਪਰਟੀ ਟੈਕਸ, ਗਊਸ਼ਾਲਾਵਾਂ ਦਾ ਪ੍ਰਬੰਧਨ, ਵਿਕਰੇਤਾ ਪੁਨਰਵਾਸ ਪ੍ਰਣਾਲੀ ਅਤੇ ਨਿਗਮ ਦੇ ਹੋਰ ਪ੍ਰਾਜੈਕਟਾਂ ਬਾਰੇ ਸੰਖੇਪ ਪੇਸ਼ਕਾਰੀ ਦਿੱਤੀ ਗਈ। ਬਾਅਦ ਵਿੱਚ ਵਫ਼ਦ ਦੇ ਮੈਂਬਰਾਂ ਨੂੰ ਨਿਗਮ ਦੇ ਪ੍ਰਾਜੈਕਟਾਂ ਦੇ ਸਾਈਟ ਦੌਰੇ ਲਈ ਵੀ ਲਿਜਾਇਆ ਗਿਆ। ਵਫ਼ਦ ਨੇ ਸ਼ਹਿਰ ਦੇ ਸੰਚਾਲਨ ਅਤੇ ਰੱਖ-ਰਖਾਅ ਅਤੇ ਸ਼ਹਿਰ ਵਿੱਚ ਪਾਣੀ ਸਪਲਾਈ ਪ੍ਰਣਾਲੀ ਅਤੇ ਠੋਸ ਪ੍ਰਬੰਧਨ ਪ੍ਰਣਾਲੀ ਦੀ ਸ਼ਲਾਘਾ ਕੀਤੀ।