ਕਰਮਜੀਤ ਸਿੰਘ ਚਿੱਲਾ
ਬਨੂੜ, 2 ਜੁਲਾਈ
ਪੁਲੀਸ ਵੱਲੋਂ ਅਕਾਲੀ ਕਾਰਕੁਨਾਂ ਨੂੰ ਮੁਹਾਲੀ ਵਿੱਚ ਰੱਖੇ ਇਕੱਠ ਵਿਚ ਸ਼ਾਮਲ ਹੋਣ ਤੋਂ ਰੋਕਣ ਲਈ ਬਨੂੜ-ਜ਼ੀਰਕਪੁਰ ਕੌਮੀ ਮਾਰਗ ’ਤੇ ਅਜ਼ੀਜ਼ਪੁਰ ਟੌਲ ਪਲਾਜ਼ਾ ਅਤੇ ਬਨੂੜ-ਲਾਂਡਰਾਂ ਮਾਰਗ ’ਤੇ ਫੌਜੀ ਕਲੋਨੀ ਨੇੜੇ ਨਾਕਾਬੰਦੀ ਕੀਤੀ ਗਈ। ਦੋਵੇਂ ਨਾਕਿਆਂ ਉੱਤੇ ਵੱਡੀ ਗਿਣਤੀ ਵਿਚ ਸੁਰੱਖਿਆ ਕਰਮੀ ਤਾਇਨਾਤ ਸਨ। ਉਹ ਆਉਂਦੇ-ਜਾਂਦੇ ਰਾਹਗੀਰਾਂ ਦੀ ਤਲਾਸ਼ੀ ਲੈ ਰਹੇ ਸਨ। ਦੋਵੇਂ ਨਾਕਿਆਂ ਉੱਤੇ ਪੁਲੀਸ ਵੱਲੋਂ ਮਿੱਟੀ ਨਾਲ ਭਰੇ ਟਿੱਪਰ ਖੜ੍ਹਾਏ ਹੋਏ ਸਨ। ਅਜ਼ੀਜ਼ਪੁਰ ਟੌਲ ਪਲਾਜ਼ਾ ਤੇ ਡੀਐਸਪੀ ਰਾਜਪੁਰਾ ਮਨਜੀਤ ਸਿੰਘ, ਇੰਸਪੈਕਟਰ ਗੁਰਸੇਵਕ ਸਿੰਘ ਅਤੇ ਇੰਸਪੈਕਟਰ ਕਿਰਪਾਲ ਸਿੰਘ ਮੋਹੀ ਦੀ ਅਗਵਾਈ ਹੇਠ ਪੁਲੀਸ ਕਈ ਘੰਟੇ ਤਾਇਨਾਤ ਰਹੀ।
ਇਸੇ ਦੌਰਾਨ ਰਾਜਪੁਰਾ ਹਲਕੇ ਦੇ ਅਕਾਲੀ ਦਲ ਦੇ ਇੰਚਾਰਜ ਅਤੇ ਸ਼੍ਰੋਮਣੀ ਕਮੇਟੀ ਦੀ ਕਾਰਜਕਾਰਨੀ ਦੇ ਮੈਂਬਰ ਜਥੇਦਾਰ ਸੁਰਜੀਤ ਸਿੰਘ ਗੜ੍ਹੀ ਨੂੰ ਮੁਹਾਲੀ ਜਾਣ ਤੋਂ ਰੋਕਣ ਲਈ ਅੱਜ ਸਵੇਰੇ ਉਨ੍ਹਾਂ ਦੇ ਨਜ਼ਦੀਕੀ ਪਿੰਡ ਫ਼ਤਹਿਪੁਰ ਗੜ੍ਹੀ ਵਿਖੇ ਘਰ ਦੇ ਅੰਦਰ ਹੀ ਨਜ਼ਰਬੰਦ ਕਰ ਦਿੱਤਾ ਗਿਆ। ਜਥੇਦਾਰ ਗੜ੍ਹੀ ਨੇ ਦੱਸਿਆ ਕਿ ਉਹ ਹਾਲੇ ਮੁਹਾਲੀ ਜਾਣ ਦੀ ਤਿਆਰੀ ਹੀ ਕਰ ਸਨ ਕਿ ਸਵੇਰੇ ਸਾਢੇ ਸੱਤ ਵਜੇ ਦੇ ਕਰੀਬ ਡੀਐਸਪੀ ਪਟਿਆਲਾ ਰਾਜੇਸ਼ ਮਲਹੋਤਰਾ ਅਤੇ ਥਾਣਾ ਬਨੂੜ ਦੇ ਮੁਖੀ ਇੰਸਪੈਕਟਰ ਅਰਸ਼ਦੀਪ ਸ਼ਰਮਾ ਦੀ ਅਗਵਾਈ ਹੇਠ ਅੱਧਾ ਦਰਜਨ ਦੇ ਕਰੀਬ ਕਰਮਚਾਰੀ ਉਸ ਦੇ ਘਰ ਪਹੁੰਚ ਗਏ। ਉਨ੍ਹਾਂ ਦੱਸਿਆ ਕਿ ਉਸ ਨੂੰ ਘਰੋਂ ਬਾਹਰ ਨਹੀਂ ਜਾਣ ਦਿੱਤਾ ਗਿਆ। ਹਾਲਾਂਕਿ, ਉਨ੍ਹਾਂ ਨੇ ਪਟਿਆਲਾ ਵਿਖੇ ਕਰਾਏ ਜਾ ਰਹੇ ਗੁਰਮਿਤ ਸਮਾਗਮ ਦੇ ਪ੍ਰਬੰਧਾਂ ਦੀ ਨਿਗਰਾਨੀ ਲਈ ਪਟਿਆਲੇ ਜਾਣਾ ਸੀ।
ਅਕਾਲੀ ਆਗੂਆਂ ਨੂੰ ਘਰਾਂ ਵਿੱਚ ਨਜ਼ਰਬੰਦ ਕਰਨ ਦੀ ਨਿਖੇਧੀ
ਨੂਰਪੁਰ ਬੇਦੀ (ਬਲਵਿੰਦਰ ਰੈਤ): ਸਾਬਕਾ ਮੰਤਰੀ ਤੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਦੀ ਮੁਹਾਲੀ ਵਿੱਚ ਪੇਸ਼ੀ ਮੌਕੇ ਸੀਨੀਅਰ ਅਕਾਲੀ ਆਗੂਆਂ ਨੂੰ ਘਰਾਂ ਵਿੱਚ ਹੀ ਨਜ਼ਰਬੰਦ ਕਰਨ ਦੀ ਕੌਮੀ ਮੋਰਚੇ ਨੇ ਨਿਖੇਧੀ ਕੀਤੀ ਹੈ। ਕੌਮੀ ਮੋਰਚੇ ਦੇ ਕਨਵੀਨਰ ਗੋਰਵ ਰਾਣਾ ਨੇ ਕਿਹਾ ਕਿ ਪੰਜਾਬ ਸੂਬੇ ਨੂੰ ਗੁਮਰਾਹ ਕਰਕੇ ਸੱਤਾ ਵਿੱਚ ਆਈ ਆਮ ਆਦਮੀ ਪਾਰਟੀ ਦੀ ਸਰਕਾਰ ਆਏ ਦਿਨ ਪੁਲੀਸ ਪ੍ਰਸ਼ਾਸਨ ਦੀ ਦੁਰਵਰਤੋਂ ਕਰਕੇ ਲੋਕਾਂ ਦੀ ਬੋਲਣ ਦੀ ਅਜ਼ਾਦੀ ਖੋਹ ਰਹੀ ਹੈ। ਉਨ੍ਹਾਂ ਦੋਸ਼ ਲਾਇਆ ਕਿ ਦੋ ਦਿਨ ਪਹਿਲਾ ਪਾਣੀਆਂ ਦੀ ਲੜਾਈ ਲੜ ਰਹੇ ਲੱਖਾ ਸਿਧਾਣਾ ਨੂੰ ਸਿਆਸੀ ਇਸ਼ਾਰੇ ਉੱਤੇ ਪੁਲੀਸ ਦੇ ਤਸ਼ੱਦਦ ਦਾ ਸ਼ਿਕਾਰ ਬਣਾਇਆ ਗਿਆ। ਅੱਜ ਅਕਾਲੀ ਨੇਤਾ ਬਿਕਰਮ ਸਿੰਘ ਮਜੀਠੀਆ ਦੀ ਮੁਹਾਲੀ ਪੇਸ਼ੀ ਮੌਕੇ ਇਥੋਂ ਦੇ ਅਕਾਲੀ ਆਗੂਆਂ ਨੂੰ ਘਰਾਂ ਵਿੱਚ ਪੁਲੀਸ ਨੇ ਨਜ਼ਰਬੰਦ ਕਰਕੇ ਰੱਖਿਆ। ਅਕਾਲੀ ਦਲ ਦੇ ਸਥਾਨਕ ਸੀਨੀਅਰ ਨੇਤਾ ਜਥੇਦਾਰ ਮੋਹਣ ਸਿੰਘ ਡੂਮੇਵਾਲ ਨੂੰ ਘਰ ਵਿੱਚ ਨਜ਼ਰਬੰਦ ਕੀਤਾ ਗਿਆ। ਜਥੇਦਾਰ ਡੂਮੇਵਾਲ ਨੇ ਕਿਹਾ ਕਿ ਸਰਕਾਰ ਦਾ ਧੱਕਾ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ‘ਆਪ’ ਨੂੰ ਇਸ ਦਾ ਖਮਿਆਜਾ ਭੁਗਤਣਾ ਪਵੇਗਾ।