ਇਨਰਵ੍ਹੀਲ ਕਲੱਬ ਵੱਲੋਂ ਹੋਣਹਾਰ ਵਿਦਿਆਰਥਣਾਂ ਦਾ ਸਨਮਾਨ
ਰੂਪਨਗਰ (ਜਗਮੋਹਨ ਸਿੰਘ): ਇਨਰਵ੍ਹੀਲ ਕਲੱਬ ਰੂਪਨਗਰ ਵੱਲੋਂ ਅੱਜ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਰੂਪਨਗਰ ਦੀਆਂ ਦਸਵੀਂ, ਗਿਆਰ੍ਹਵੀਂ ਤੇ ਬਾਰ੍ਹਵੀਂ ਜਮਾਤਾਂ ਦੀਆਂ ਅੱਵਲ ਰਹਿਣ ਵਾਲੀਆਂ ਵਿਦਿਆਰਥਣਾਂ ਨੂੰ ਸਨਮਾਨਿਆ ਗਿਆ। ਕਲੱਬ ਦੀ ਪ੍ਰਧਾਨ ਗੁਰਪ੍ਰੀਤ ਕੌਰ ਅਤੇ ਸਕੱਤਰ ਕੁਸਮ ਸ਼ਰਮਾ ਦੀ ਅਗਵਾਈ ਅਧੀਨ ਮੈਂਬਰਾਂ ਨੇ ਵਿਦਿਆਰਥਣਾਂ ਨੂੰ ਸਟੇਸ਼ਨਰੀ ਅਤੇ ਫੀਸਾਂ ਦੇ ਰੂਪ ਵਿੱਚ ਆਰਥਿਕ ਸਹਾਇਤਾ ਦਿੱਤੀ। ਸਮਾਰੋਹ ਦੌਰਾਨ ਮੁੱਖ ਮਹਿਮਾਨ ਬ੍ਰਿਜ ਪਰਮਾਰ ਪੀਡੀਸੀ ਨੇ ਲੜਕੀਆਂ ਨੂੰ ਹਰ ਖੇਤਰ ਵਿੱਚ ਵੱਧ ਚੜ੍ਹ ਕੇ ਕੰਮ ਕਰਨ ਲਈ ਪ੍ਰੇਰਿਤ ਕੀਤਾ। ਇਸ ਮੌਕੇ ਪ੍ਰਿੰਸੀਪਲ ਸੰਦੀਪ ਕੌਰ, ਲੈਕਚਰਾਰ ਹਰਪ੍ਰੀਤ ਕੌਰ, ਲੈਕਚਰਾਰ ਜਤਿੰਦਰ ਕੌਰ ਨੇ ਕਲੱਬ ਦੇ ਭਲਾਈ ਕਾਰਜਾਂ ਦੀ ਸ਼ਲਾਘਾ ਕੀਤੀ। ਇਸ ਸਮੇਂ ਕਲੱਬ ਦੀ ਖ਼ਜਾਨਚੀ ਆਸਿਮਾ ਅਗਰਵਾਲ, ਐਡੀਟਰ ਪਰਮਿੰਦਰ ਕੌਰ, ਪ੍ਰਾਜੈਕਟ ਕੁਆਰਡੀਨੇਟਰ ਕੁਲਵਿੰਦਰ ਕੌਰ ਤੇ ਸੁਮਨ ਤਿਆਗੀ ਵੀ ਹਾਜ਼ਰ ਸਨ।
ਸੁਖਦੇਵ ਸਿੰਘ ਸੁੱਖਾ ਦੇ ਘਰ ਪੁੱਜੇ ਰਾਜੇਵਾਲ
ਮੁੱਲਾਂਪੁਰ ਗਰੀਬਦਾਸ: ਪਿੰਡ ਕੰਸਾਲਾ ਵਿੱਚ ਪਿਛਲੇ ਦਿਨੀਂ ਕਰੰਟ ਲੱਗਣ ਕਾਰਨ 22 ਸਾਲਾ ਨੌਜਵਾਨ ਹਰਕੀਰਤ ਸਿੰਘ ਦੀ ਮੌਤ ਹੋ ਗਈ ਸੀ। ਨੌਜਵਾਨ ਦੇ ਪਿਤਾ ਲੋਕ ਹਿੱਤ ਮਿਸ਼ਨ ਦੇ ਪ੍ਰਧਾਨ ਅਤੇ ਕਿਸਾਨ ਆਗੂ ਜਥੇਦਾਰ ਸੁਖਦੇਵ ਸਿੰਘ ਸੁੱਖਾ ਗਿੱਲ ਨਾਲ ਅੱਜ ਕਿਸਾਨ ਆਗੂ ਬਲਵੀਰ ਸਿੰਘ ਰਾਜੇਵਾਲ ਨੇ ਦੁੱਖ ਸਾਂਝਾ ਕੀਤਾ। ਉਨ੍ਹਾਂ ਕਿਹਾ ਕਿ ਨੌਜਵਾਨ ਬੱਚਿਆਂ ਦਾ ਵਿਛੋੜਾ ਝੱਲਣਾ ਔਖਾ ਹੈ। ਉਨ੍ਹਾਂ ਅਰਦਾਸ ਕੀਤੀ ਕਿ ਪਰਮਾਤਮਾ ਪੀੜਤ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ। -ਪੱਤਰ ਪ੍ਰੇਰਕ