ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 2 ਜੁਲਾਈ
ਆਮਦਨ ਕਰ ਵਿਭਾਗ ਚੰਡੀਗੜ੍ਹ ਵੱਲੋਂ ਲੋਕਾਂ ਨੂੰ ਟੈਕਸ ਬਾਰੇ ਜਾਗਰੂਕ ਕਰਨ ਲਈ ਸੈਕਟਰ-43 ਵਿਖੇ ਸਥਿਤ ਜੁਡੀਸ਼ੀਅਲ ਕੰਪਲੈਕਸ ਵਿੱਚ ਤਿੰਨ ਰੋਜ਼ਾ ਟੈਕਸਪੇਅਰ ਹੱਬ ਦੀ ਸ਼ੁਰੂਆਤ ਕੀਤੀ ਗਈ ਹੈ। ਇਸ ਸਮਾਗਮ ਦੀ ਸ਼ੁਰੂਆਤ ਹਾਕੀ ਖਿਡਾਰੀ ਤੇ ਓਲੰਪੀਅਨ ਮਨਪ੍ਰੀਤ ਸਿੰਘ, ਆਮਦਨ ਕਰ ਵਿਭਾਗ ਨਵੀਂ ਦਿੱਲੀ ਦੀ ਪ੍ਰਿੰਸੀਪਲ ਡਾਇਰੈਕਟਰ ਜਯੋਤੀ ਕੁਮਾਰੀ ਅਤੇ ਆਮਦਨ ਕਰ ਵਿਭਾਗ ਚੰਡੀਗੜ੍ਹ ਪ੍ਰਿੰਸੀਪਲ ਚੀਫ਼ ਕਮਿਸ਼ਨਰ ਅਮਰਪਾਲੀ ਦਾਸ ਨੇ ਕੀਤੀ। ਮਨਪ੍ਰੀਤ ਸਿੰਘ ਨੇ ਆਮਦਨ ਕਰ ਵਿਭਾਗ ਦੀ ਪਹਿਲਕਦਮੀ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਟੈਕਸ ਦੇਣ ਵਾਲਿਆਂ ਦੇ ਯੋਗਦਾਨ ਨਾਲ ਖੇਡਾਂ, ਸਿੱਖਿਆ, ਸਿਹਤ ਸੰਭਾਲ ਅਤੇ ਬੁਨਿਆਦੀ ਢਾਂਚੇ ਵਰਗੀਆਂ ਮੁੱਖ ਜਨਤਕ ਸੇਵਾਵਾਂ ਨੂੰ ਸਹਿਯੋਗ ਮਿਲਦਾ ਹੈ। ਉਨ੍ਹਾਂ ਟੈਕਸ ਭਰਨ ਵਾਲਿਆਂ ਨੂੰ ਇਮਾਨਦਾਰੀ ਨਾਲ ਆਮਦਨ ਕਰ ਦਾ ਭੁਗਤਾਨ ਕਰਨ ਦੀ ਅਪੀਲ ਕੀਤੀ।
ਅਮਰਪਾਲੀ ਦਾਸ ਨੇ ਕਿਹਾ ਕਿ ਤਿੰਨ ਰੋਜ਼ਾ ਸਮਾਗਮ ਵਿੱਚ ਟੈਕਸਪੇਅਰਸ ਨੂੰ ਟੈਕਸ ਦਾ ਭੁਗਤਾਨ ਕਰਨ ਵਾਲੇ ਸਿੱਖਿਅਤ ਕੀਤਾ ਜਾਵੇਗਾ ਤਾਂ ਜੋ ਵੱਧ ਤੋਂ ਵੱਧ ਲੋਕ ਆਮਦਨ ਕਰ ਦਾ ਭੁਗਤਾਨ ਕਰਨ। ਇਹ ਟੈਕਸਪੇਅਰ ਹੱਬ 2 ਤੋਂ 4 ਜੁਲਾਈ ਤੱਕ ਚੱਲੇਗਾ। ਇਸ ਵਿੱਚ ਆਮਦਨ ਕਰ ਵਿਭਾਗ ਵੱਲੋਂ ਲੋਕਾਂ ਨੂੰ ਦਿੱਤੀਆਂ ਜਾਣ ਵਾਲੀਆਂ ਸੇਵਾਵਾਂ ਅਤੇ ਸਵੈ-ਇੱਛਾ ਨਾਲ ਟੈਕਸ ਦਾ ਭੁਗਤਾਨ ਕਰਨ ਬਾਰੇ ਜਾਗਰੂਕ ਕੀਤਾ ਜਾਵੇਗਾ। ਅੱਜ ਉਦਘਾਟਨ ਸਮਾਰੋਹ ਵਿੱਚ ਟੈਕਸਪੇਅਰ ਸਹੂਲਤਾਂ ਅਤੇ ਜਾਗਰੂਕਤਾ ਪਹਿਲਕਦਮੀਆਂ ਨੂੰ ਉਜਾਗਰ ਕਰਨ ਬਾਰੇ ਬਰਾਊਜ਼ਰ ਜਾਰੀ ਕੀਤਾ ਗਿਆ। ਇਸ ਤੋਂ ਇਲਾਵਾ ਉੱਤਰ ਪੱਛਮੀ ਖੇਤਰ ਦੇ ਟੈਕਸਦਾਤਿਆਂ ਨੂੰ ਸਨਮਾਨਿਤ ਕੀਤਾ ਗਿਆ।