ਐਮਰਜੈਂਸੀ ਦੇ 50 ਸਾਲ ਪੂਰੇ ਹੋਣ ’ਤੇ ਪੀਯੂ ’ਚ ਸਨਮਾਨ ਸਮਾਰੋਹ
ਕੁਲਦੀਪ ਸਿੰਘ
ਚੰਡੀਗੜ੍ਹ, 25 ਜੂਨ
ਮੁਲਕ ਵਿੱਚ ਸੰਨ 1975 ਵਿੱਚ ਲਗਾਈ ਗਈ ਐਮਰਜੈਂਸੀ ਦੀ 50ਵੀਂ ਵਰ੍ਹੇਗੰਢ ਦੇ ਮੌਕੇ ’ਤੇ ਪੰਜਾਬ ਯੂਨੀਵਰਸਿਟੀ ਨੇ ਏਬੀਵੀਪੀ ਚੰਡੀਗੜ੍ਹ ਦੇ ਸਹਿਯੋਗ ਨਾਲ ਅੱਜ ਉਨ੍ਹਾਂ ਵਿਅਕਤੀਆਂ ਦੇ ਸਨਮਾਨ ਲਈ ਸਮਾਰੋਹ ਕੀਤਾ ਜੋ ਉਸ ਸਮੇਂ ਐਮਰਜੈਂਸੀ ਦੇ ਵਿਰੋਧ ’ਚ ਡਟੇ ਸਨ। ’ਵਰਸਿਟੀ ਦੇ ਜੀਵ ਵਿਗਿਆਨ ਵਿਭਾਗ ਦੇ ਮੁੱਖ ਆਡੀਟੋਰੀਅਮ ਵਿੱਚ ਕਰਵਾਏ ਸਮਾਗਮ ਵਿੱਚ ਮਹਿਮਾਨਾਂ ਅਤੇ ਭਾਈਚਾਰੇ ਦੇ ਮੈਂਬਰਾਂ ਨੇ ਲੋਕਤੰਤਰੀ ਕਦਰਾਂ-ਕੀਮਤਾਂ ਨੂੰ ਕਾਇਮ ਰੱਖਣ ਲਈ ਕੀਤੀਆਂ ਕੁਰਬਾਨੀਆਂ ਨੂੰ ਯਾਦ ਕੀਤਾ। ਸੰਨ 1975 ਦੀ ਐਮਰਜੈਂਸੀ ਦੇ ਨਾਇਕਾਂ ਨੇ ਇਸ ਸਮੇਂ ਦੌਰਾਨ ਆਪਣੇ ਅਨੁਭਵ ਸਾਂਝੇ ਕੀਤੇ।
ਇਹ ਸਮਾਰੋਹ ਦੁਪਹਿਰ ਤਿੰਨ ਵਜੇ ਸ਼ੁਰੂ ਹੋਇਆ ਅਤੇ ਇਸ ਵਿੱਚ ਵੱਡੀ ਗਿਣਤੀ ਵਿੱਚ ਲੋਕਾਂ ਨੇ ਸ਼ਿਰਕਤ ਕੀਤੀ। ਇਸ ਮੌਕੇ ਮੁੱਖ ਮਹਿਮਾਨ ਭਾਰਤ ਦੇ ਵਧੀਕ ਸਾਲਿਸਟਰ ਜਨਰਲ ਅਤੇ ਲੋਕ ਸਭਾ (ਚੰਡੀਗੜ੍ਹ) ਦੇ ਸਾਬਕਾ ਸੰਸਦ ਮੈਂਬਰ ਐਡਵੋਕੇਟ ਸੱਤਿਆਪਾਲ ਜੈਨ ਸਨ। ਉਨ੍ਹਾਂ ਨੇ ਐਮਰਜੈਂਸੀ ਦੌਰਾਨ ਹੋਏ ਭਿਆਨਕ ਤਸ਼ੱਦਦ ਅਤੇ ਐਮਰਜੈਂਸੀ ਕਿਵੇਂ ਸ਼ੁਰੂ ਹੋਈ ਬਾਰੇ ਗੱਲ ਕੀਤੀ। ਉਨ੍ਹਾਂ ਨੇ ਲੋਕਤੰਤਰ ਦੀ ਬਹਾਲੀ ਲਈ ਲੜਨ ਵਾਲਿਆਂ ਦੀ ਹਿੰਮਤ ਦੀ ਸ਼ਲਾਘਾ ਕੀਤੀ।
ਏਬੀਵੀਪੀ ਦੇ ਸਾਬਕਾ ਕੌਮੀ ਪ੍ਰਧਾਨ ਪ੍ਰੋਫੈਸਰ ਡਾ. ਨਾਗੇਸ਼ ਠਾਕੁਰ ਨੇ ਕਿਹਾ ਕਿ ਲੋਕਤੰਤਰ ਭਾਰਤ ਦੀ ਇੱਕ ਸਦੀਵੀਂ ਪ੍ਰੰਪਰਾ ਰਹੀ ਹੈ। ਉਨ੍ਹਾਂ ਨੇ ਐਮਰਜੈਂਸੀ ਦਾ ਵਿਰੋਧ ਕਰਨ ਅਤੇ ਸੰਵਿਧਾਨਕ ਆਜ਼ਾਦੀ ਨੂੰ ਬਣਾਈ ਰੱਖਣ ਵਿੱਚ ਵਿਦਿਆਰਥੀਆਂ ਅਤੇ ਨੌਜਵਾਨਾਂ ਵੱਲੋਂ ਨਿਭਾਈ ਮਹੱਤਵਪੂਰਨ ਭੂਮਿਕਾ ’ਤੇ ਜ਼ੋਰ ਦਿੱਤਾ ਅਤੇ ਕਿਹਾ ਕਿ ਐਮਰਜੈਂਸੀ ਤੋਂ ਬਾਅਦ ਸਰਕਾਰ ਵਿਰੁੱਧ ਥੋੜ੍ਹਾ ਜਿਹਾ ਵੀ ਬੋਲਣ ਵਾਲਿਆਂ ਨੂੰ ਭਿਆਨਕ ਤਸ਼ੱਦਦ ਦਾ ਸ਼ਿਕਾਰ ਹੋਣਾ ਪਿਆ।
ਸਮਾਗਮ ਵਿੱਚ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ ਸਮਾਜ ਸੇਵਕ ਦੇਸ਼ਰਾਜ ਟੰਡਨ ਨੇ ਐਮਰਜੈਂਸੀ ਦੌਰਾਨ ਹੋਏ ਸੰਘਰਸ਼ਾਂ ਅਤੇ ਇਸ ਦਾ ਵਿਰੋਧ ਕਰਨ ਵਾਲਿਆਂ ਦੀ ਅਟੱਲ ਭਾਵਨਾ ਬਾਰੇ ਵਿਚਾਰ ਸਾਂਝੇ ਕੀਤੇ। ਉਨ੍ਹਾਂ ਇਹ ਵੀ ਦੱਸਿਆ ਕਿ ਏਬੀਵੀਪੀ ਵਰਕਰਾਂ ਨੇ ਐਮਰਜੈਂਸੀ ਦੌਰਾਨ ਵੀ ਕੰਮ ਕੀਤਾ।
ਇਸ ਸਮਾਗਮ ਵਿੱਚ ਬੁਲਾਰਿਆਂ ਨੇ ਭਾਰਤੀ ਇਤਿਹਾਸ ਦੇ ਉਸ ਕਾਲ਼ੇ ਅਧਿਆਇ ਨੂੰ ਯਾਦ ਰੱਖਣ ਦੀ ਮਹੱਤਤਾ ’ਤੇ ਜ਼ੋਰ ਦਿੱਤਾ ਤਾਂ ਜੋ ਲੋਕਤੰਤਰੀ ਸਿਧਾਂਤਾਂ ‘ਤੇ ਅਜਿਹਾ ਹਮਲਾ ਕਦੇ ਨਾ ਦੁਹਰਾਇਆ ਜਾਵੇ। ਇਸ ਸਮਾਰੋਹ ਵਿੱਚ 250 ਲੋਕਾਂ ਨੇ ਸ਼ਿਰਕਤ ਕੀਤੀ।