ਨਾਬਾਲਗ ਲੜਕੀ ਦਾ ਜਬਰੀ ਵਿਆਹ ਰੁਕਵਾਇਆ
ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 4 ਜੁਲਾਈ
ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਮੰਤਰੀ ਡਾ. ਬਲਜੀਤ ਕੌਰ ਦੇ ਦਖ਼ਲ ਮਗਰੋਂ ਸ਼ਹੀਦ ਭਗਤ ਸਿੰਘ ਨਗਰ ਦੀ ਨਾਬਾਲਗ ਲੜਕੀ ਦਾ ਵਿਆਹ ਰੁਕਵਾਇਆ ਗਿਆ, ਜਿਸ ਦੀ ਉਮਰ 15 ਸਾਲ ਹੈ। ਮੰਤਰੀ ਨੇ ਦੱਸਿਆ ਕਿ ਇਹ ਮਾਮਲਾ ਕੁਝ ਮਹੀਨੇ ਪਹਿਲਾਂ ਸਾਹਮਣੇ ਆਇਆ ਸੀ, ਜਦੋਂ ਇੱਕ ਨਾਬਾਲਗ ਲੜਕੀ ਨੇ 112 ਹੈਲਪਲਾਈਨ ਨੰਬਰ ’ਤੇ ਕਾਲ ਕਰਕੇ ਆਪਣੇ ਬਚਾਅ ਦੀ ਅਪੀਲ ਕੀਤੀ। ਇਸ ਉਪਰੰਤ ਡੀ.ਐੱਸ.ਪੀ (ਬੱਚਿਆਂ ਅਤੇ ਔਰਤਾਂ ਵਿਰੁੱਧ ਅਪਰਾਧ) ਨੇ ਤੁਰੰਤ ਕਾਰਵਾਈ ਕਰਦਿਆਂ ਇਹ ਮਾਮਲਾ ਜ਼ਿਲ੍ਹਾ ਬਾਲ ਸੁਰੱਖਿਆ ਯੂਨਿਟ ਦੇ ਧਿਆਨ ਵਿੱਚ ਲਿਆਂਦਾ। ਉਨ੍ਹਾਂ ਦੱਸਿਆ ਕਿ ਕਿ ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ, ਬਾਲ ਵਿਕਾਸ ਪ੍ਰਾਜੈਕਟ ਅਫ਼ਸਰ, ਸਬ ਡਵੀਜ਼ਨਲ ਮੈਜਿਸਟ੍ਰੇਟ ਅਤੇ ਐੱਸ.ਐੱਚ.ਓ. ਦੀ ਸਾਂਝੀ ਟੀਮ ਨੇ ਤੁਰੰਤ ਵਿਆਹ ਵਾਲੇ ਸਥਾਨ ’ਤੇ ਪਹੁੰਚ ਕੇ ਲੜਕੀ ਨੂੰ ਬਚਾਇਆ। ਪਿੰਡ ਦੇ ਸਰਪੰਚ ਦੀ ਮੌਜੂਦਗੀ ਵਿੱਚ ਦੋਵੇਂ ਪਰਿਵਾਰਾਂ ਵੱਲੋਂ ਵਿਆਹ ਨੂੰ ਰੱਦ ਕਰਨ ਦੀ ਸਹਿਮਤੀ ਦਿੱਤੀ ਗਈ। ਲੜਕੀ ਨੂੰ ਤੁਰੰਤ ਬਾਲ ਘਰ ਜਲੰਧਰ ਭੇਜਣ ਦੇ ਹੁਕਮ ਦਿੱਤੇ ਗਏ। ਬਾਅਦ ਵਿੱਚ ਲੜਕੀ ਦੀ ਪਰਿਵਾਰ ਵਿੱਚ ਵਾਪਸੀ ਕੀਤੀ ਗਈ ਪਰ ਉਸ ਦੀ ਰੁਚੀ ਰਸਮੀ ਪੜ੍ਹਾਈ ਵਿੱਚ ਨਾ ਹੋਣ ਕਾਰਨ ਉਸ ਨੂੰ ਕਿੱਤਾਮੁਖੀ ਸਿਖਲਾਈ ਲਈ ਦਾਖਲ ਕਰਵਾਇਆ ਗਿਆ ਹੈ।