ਸੰਜੀਵ ਬੱਬੀ
ਚਮਕੌਰ ਸਾਹਿਬ, 11 ਜੁਲਾਈ
ਭਾਵੇਂ ਪੰਜਾਬ ਸਰਕਾਰ ਵੱਲੋਂ ਝੋਨੇ ਦੀ 5 ਜੂਨ ਤੋਂ ਮੋਟਰਾਂ ਦੀ ਸਪਲਾਈ ਅੱਠ ਘੰਟੇ ਕਰਨ ਦੇ ਦਾਅਵੇ ਕੀਤੇ ਜਾ ਰਹੇ ਹਨ ਪਰ ਬਲਾਕ ਚਮਕੌਰ ਸਾਹਿਬ ਦੇ ਪਿੰਡ ਭੈਰੋਮਾਜਰਾ, ਭੋਜੇਮਾਜਰਾ, ਖੇੜੀ ਸਲਾਬਤਪੁਰ ਅਤੇ ਮੌਜਲੀਪੁਰ ਵਿੱਚ ਝੋਨੇ ਦੇ ਸੀਜ਼ਨ ਤੋਂ ਹੀ ਲਗਭਗ 5 ਘੰਟੇ ਬਿਜਲੀ ਸਪਲਾਈ ਹੁੰਦੀ ਸੀ ਪਰ ਹੁਣ ਪਿਛਲੇ ਚਾਰ ਪੰਜ ਦਿਨਾਂ ਤੋਂ 2 ਤੋਂ 3 ਘੰਟੇ ਹੀ ਸਪਲਾਈ ਹੋ ਰਹੀ ਹੈ। ਇਹ ਪ੍ਰਗਟਾਵਾ ਪਿੰਡ ਭੈਰੋਮਾਜਰਾ ਦੇ ਸਰਪੰਚ ਰਜਿੰਦਰ ਸਿੰਘ ਰਾਜੂ, ਸਾਬਕਾ ਸਰਪੰਚ ਅਵਤਾਰ ਸਿੰਘ, ਪਰਮਜੀਤ ਸਿੰਘ ਭੈਰੋਮਾਜਰਾ ਅਤੇ ਸਰਬਜੀਤ ਸਿੰਘ ਆਦਿ ਪਿੰਡਾਂ ਦੇ ਇਕੱਠੇ ਹੋਏ ਕਿਸਾਨਾਂ ਨੇ ਬਿਜਲੀ ਦਫਤਰ ਬੇਲਾ ਵਿਖੇ ਐਸਡੀਓ ਸੁਖਵਿੰਦਰ ਸਿੰਘ ਨੂੰ ਮੰਗ ਪੱਤਰ ਦਿੰਦਿਆਂ ਕੀਤਾ। ਕਿਸਾਨ ਗੁਰਪ੍ਰੀਤ ਸਿੰਘ, ਗੁਰਚਰਨ ਸਿੰਘ, ਜਸਵੰਤ ਸਿੰਘ, ਹਰਦਿਆਲ ਸਿੰਘ, ਹਰਪ੍ਰੀਤ ਸਿੰਘ ਅਤੇ ਅਵਤਾਰ ਸਿੰਘ ਨੇ ਕਿਹਾ ਕਿ 11 ਕੇਵੀ ਬੇਲਾ ਫੀਡਰ ਅਤੇ 11 ਕੇਵੀ ਖੇੜੀ ਫੀਡਰਾਂ ਦੀ ਜਿਸ ਦਿਨ ਤੋਂ ਝੋਨੇ ਦੀ ਲੁਆਈ ਸ਼ੁਰੂ ਕੀਤੀ ਹੈ, ਉਸ ਦਿਨ ਤੋਂ ਹੀ ਬਿਜਲੀ ਸਪਲਾਈ ਖਰਾਬ ਚੱਲਣ ਕਾਰਨ ਕਿਸਾਨਾਂ ਵਿੱਚ ਹਾਹਾਕਾਰ ਮਚੀ ਪਈ ਹੈ, ਜਿਸ ’ਤੇ ਝੋਨੇ ਦਾ ਵੀ ਨੁਕਸਾਨ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਜੇਕਰ ਬਿਜਲੀ ਸਪਲਾਈ ਦੀ ਬਰੇਕ-ਡਾਊਨ ਹੁੰਦੀ ਹੈ ਤਾਂ ਬਾਅਦ ਵਿੱਚ ਵੀ ਕਿਸਾਨਾਂ ਨੂੰ ਕੋਈ ਵਾਧੂ ਸਪਲਾਈ ਨਹੀਂ ਦਿੱਤੀ ਜਾਂਦੀ। ਉਨ੍ਹਾਂ ਦੱਸਿਆ ਕਿ ਜਦੋਂ ਉਹ ਇਸ ਸਬੰਧੀ ਸਬੰਧਤ ਜੇਈ ਨਾਲ ਗੱਲ ਕਰਦੇ ਹਨ ਤਾਂ ਉਨ੍ਹਾਂ ਨੂੰ ਇਹ ਕਹਿ ਕੇ ਸਾਰ ਦਿੰਦੇ ਹਨ ਕਿ ਸਪਲਾਈ ਪੂਰੀ ਹੋ ਚੁੱਕੀ ਹੈ। ਕਿਸਾਨਾਂ ਨੇ ਸਰਕਾਰ ਅਤੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਉਨ੍ਹਾਂ ਦੇ ਪਿੰਡਾਂ ਦੀ ਬਿਜਲੀ ਸਪਲਾਈ ਨੂੰ ਲਗਾਤਾਰ ਅੱਠ ਘੰਟੇ ਕੀਤਾ ਜਾਵੇ।
ਲਾਈਨ ਜਲਦੀ ਠੀਕ ਕਰਵਾਈ ਜਾਵੇਗੀ: ਐੱਸਡੀਓ
ਐੱਸਡੀਓ ਸੁਖਵਿੰਦਰ ਸਿੰਘ ਨੇ ਕਿਹਾ ਕਿ ਜਿਸ ਦਿਨ ਲਾਈਨ ਵਿੱਚ ਨੁਕਸ ਪਿਆ ਉਸ ਦਿਨ 9 ਜੁਲਾਈ ਨੂੰ ਦੇਸ਼ਵਿਆਪੀ ਹੜਤਾਲ ਸੀ ਅਤੇ ਉਸ ਦਿਨ ਉਨ੍ਹਾਂ ਦੀ ਆਪਣੀ ਡਿਊਟੀ ਵੀ 24 ਘੰਟੇ ਗਰਿਡ ਵਿੱਚ ਲੱਗੀ ਹੋਈ ਸੀ। ਉਨ੍ਹਾਂ ਦੱਸਿਆ ਕਿ ਗਰਿੱਡ ਓਵਰਲੋਡ ਹੋਣ ਕਾਰਨ ਕੰਪੋਸੇਸ਼ਨ ਦੇਣ ਵਿੱਚ ਅਸਮਰੱਥ ਹੈ ਪਰ ਫਿਰ ਵੀ ਸਟਾਫ ਦੀ ਕਮੀ ਦੇ ਬਾਵਜੂਦ ਵੀ ਉਹ ਇਸ ਲਾਈਨ ਨੂੰ ਜਲਦੀ ਠੀਕ ਕਰਵਾ ਕੇ ਬਿਜਲੀ ਸਪਲਾਈ ਅੱਠ ਘੰਟੇ ਨਿਰਵਿਘਨ ਜਾਰੀ ਕਰਵਾ ਦੇਣਗੇ।