ਮੁਹਾਲੀ ’ਚ ਅੱਗ ਲੱਗਣ ਕਾਰਨ ਝੁਲਸੇ ਫੈਕਟਰੀ ਮਾਲਕ ਦੀ ਵੀ ਮੌਤ
ਖੇਤਰੀ ਪ੍ਰਤੀਨਿਧ
ਐੱਸਏਐੱਸ ਨਗਰ (ਮੁਹਾਲੀ), 2 ਜੁਲਾਈ
ਮੁਹਾਲੀ ਦੇ ਪਿੰਡ ਸ਼ਾਹੀਮਾਜਰਾ ਦੇ ਉਦਯੋਗਿਕ ਖੇਤਰ ਦੇ ਫੇਜ਼ ਪੰਜ ਵਿੱਚ ਲੰਘੇ ਸੋਮਵਾਰ ਲੋਹੇ ਦੀਆਂ ਡਾਈਆਂ ਬਣਾਉਣ ਵਾਲੀ ਫੈਕਟਰੀ ਨੂੰ ਲੱਗੀ ਅੱਗ ਦੌਰਾਨ ਝੁਲਸੇ ਫੈਕਟਰੀ ਮਾਲਕ ਬਰਿੰਦਰ ਕੁਮਾਰ ਦੀ ਵੀ ਬੀਤੀ ਰਾਤ ਪੀਜੀਆਈ ਚੰਡੀਗੜ੍ਹ ਵਿੱਚ ਮੌਤ ਹੋ ਗਈ। ਇਸ ਤੋਂ ਪਹਿਲਾਂ ਨੌਂ ਮਹੀਨਿਆਂ ਦੀ ਬੱਚੀ ਦਿਮਾਂਸੀ ਨੇ ਮੌਕੇ ’ਤੇ ਹੀ ਦਮ ਤੋੜ ਦਿੱਤਾ ਸੀ। ਉਸ ਦੀ 35 ਵਰ੍ਹਿਆਂ ਦੀ ਮਾਂ ਬਬੀਤਾ ਉਸੇ ਦਿਨ ਪੀਜੀਆਈ ਵਿੱਚ ਦਮ ਤੋੜ ਗਈ ਸੀ।
ਫੇਜ਼ ਥਾਣਾ ਇੱਕ ਦੇ ਏਐਸਆਈ ਅਤੇ ਮਾਮਲੇ ਦੇ ਜਾਂਚ ਅਧਿਕਾਰੀ ਜਗਤ ਪਾਲ ਨੇ ਦੱਸਿਆ ਕਿ ਰਾਤੀਂ ਦਸ ਵਜੇ ਫੈਕਟਰੀ ਮਾਲਕ ਬਰਿੰਦਰ ਕੁਮਾਰ (45) ਹਾਲ ਵਾਸੀ ਬਲੌਂਗੀ ਅਤੇ ਮੂਲ ਵਾਸੀ ਯੂਪੀ ਦੀ ਵੀ ਪੀਜੀਆਈ ਵਿਚ ਮੌਤ ਹੋ ਗਈ। ਉਨ੍ਹਾਂ ਦੱਸਿਆ ਕਿ ਫੈਕਟਰੀ ਮਾਲਕ ਵੀ ਅੱਗ ਨਾਲ ਬੁਰੀ ਤਰ੍ਹਾਂ ਝੁਲਸਿਆ ਹੋਇਆ ਸੀ। ਜਾਂਚ ਅਧਿਕਾਰੀ ਨੇ ਦੱਸਿਆ ਕਿ ਬਬੀਤਾ ਅਤੇ ਉਸ ਦੀ ਧੀ ਦਿਮਾਂਸੀ ਦਾ ਅੱਜ ਮੁਹਾਲੀ ਦੇ ਫੇਜ਼-6 ਦੇ ਸਰਕਾਰੀ ਹਸਪਤਾਲ ਤੋਂ ਪੋਸਟਮਾਰਟਮ ਕਰਾਉਣ ਉਪਰੰਤ ਦੋਵੇਂ ਲਾਸ਼ਾਂ ਵਾਰਿਸਾਂ ਦੇ ਹਵਾਲੇ ਕਰ ਦਿੱਤੀਆਂ ਗਈਆਂ ਹਨ।
ਉਨ੍ਹਾਂ ਦੱਸਿਆ ਕਿ ਫੈਕਟਰੀ ਮਾਲਕ ਬਰਿੰਦਰ ਕੁਮਾਰ ਦਾ ਪੀਜੀਆਈ ਵਿੱਚੋਂ ਪੋਸਟਮਾਰਟਮ ਕਰਵਾ ਕੇ ਲਾਸ਼ ਉਸ ਦੇ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਤਿੰਨਾਂ ਲਾਸ਼ਾਂ ਦੇ ਪੋਸਟਮਾਰਟਮ ਅੱਜ ਕਰਵਾਏ ਗਏ ਹਨ। ਇਸੇ ਦੌਰਾਨ ਮੁਹਾਲੀ ਦੀ ਡਿਪਟੀ ਕਮਿਸ਼ਨਰ ਕੋਮਲ ਮਿੱਤਲ ਵੱਲੋਂ ਫੈਕਟਰੀ ਨੂੰ ਲੱਗੀ ਅੱਗ ਦੇ ਮਾਮਲੇ ਵਿਚ ਐਸਡੀਐਮ ਨੂੰ ਮੁਢਲੀ ਜਾਂਚ ਕਰਨ ਲਈ ਕਿਹਾ ਗਿਆ ਹੈ।