ਕਰਮਜੀਤ ਸਿੰਘ ਚਿੱਲਾ
ਪੰਜਾਬ ਸਕੂਲ ਸਿੱਖਿਆ ਬੋਰਡ ਵਿਖੇ ‘‘ਅਗਲੀ ਪੀੜ੍ਹੀ ਲਈ ਸਿੱਖਿਆ ਢਾਂਚੇ ਸਬੰਧੀ ਮੁੜ ਵਿਚਾਰਾਂ” ਵਿਸ਼ੇ ਉੱਤੇ ਕੌਮੀ ਸੰਮੇਲਨ ਨੂੰ ਸੰਬੋਧਨ ਕਰਦਿਆਂ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਚੇਅਰਮੈਨ ਡਾ. ਅਮਰਪਾਲ ਸਿੰਘ ਨੇ ਐਲਾਨ ਕੀਤਾ ਕਿ ਬੋਰਡ ਦੀ ਪ੍ਰੀਖਿਆ ਪ੍ਰਣਾਲੀ ਵਿਚ ਵੱਡਾ ਬਦਲਾਅ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਹੁਣ ਇਮਤਿਹਾਨਾਂ ਵਿੱਚ ਵਿਦਿਆਰਥੀਆਂ ਦੀ ਯਾਦ ਸ਼ਕਤੀ ਦੇ ਨਾਲ-ਨਾਲ, ਉਹਨਾਂ ਦੀ ਸੋਚਣ ਦੀ ਯੋਗਤਾ, ਸਮੱਸਿਆ ਹੱਲ ਕਰਨ ਦੀ ਸਮਰੱਥਾ ਅਤੇ ਖੋਜਕਾਰੀ ਨੂੰ ਅਹਿਮੀਅਤ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕੇਂਦਰੀ ਸਿੱਖਿਆ ਮੰਤਰਾਲੇ ਦੇ ਪ੍ਰੋਗਰਾਮ ‘ਪਰਖ’ ਦੇ (ਐਨਸੀਈਆਰਟੀ ਦੇ ਰਾਸ਼ਟਰੀ ਮੁਲਾਂਕਣ ਕੇਂਦਰ) ਨਾਲ ਮਿਲ ਕੇ ਕੌਮੀ ਪ੍ਰਸ਼ਨ ਬੈਂਕ ਵਿੱਚ ਪੰਜਾਬ ਵੱਲੋਂ ਵੀ ਉੱਚ-ਮਿਆਰੀ ਅਤੇ ਕਾਬਲੀਅਤ-ਆਧਾਰਤ ਪ੍ਰਸ਼ਨ ਸ਼ਾਮਲ ਕੀਤੇ ਜਾਣਗੇ। ਉਨ੍ਹਾਂ ਕਿਹਾ ਇਹ ਨੈਸ਼ਨਲ ਪ੍ਰਸ਼ਨ ਬੈਂਕ ਨੀਟ, ਸੀਯੂਈਟੀ, ਜੇਈਈ ਅਤੇ ਮੁਕਾਬਲਿਆਂ ਦੀਆਂ ਹੋਰ ਪ੍ਰੀਖਿਆਵਾਂ ਲਈ ਸਵਾਲ ਉਪਲਬਧ ਕਰਵਾਏਗਾ ਜਿਸ ਨਾਲ ਪੰਜਾਬ ਦੇ ਵਿਦਿਆਰਥੀਆਂ ਦੀ ਤਿਆਰੀ ਹੋਰ ਸਿੱਟਾਮੁਖੀ ਹੋ ਸਕੇਗੀ।
ਚੇਅਰਮੈਨ ਨੇ ਕਿਹਾ ਕਿ ਪੰਜਾਬ ਦੇ ਵਿਦਿਆਰਥੀਆਂ ਨੂੰ ਸਿਰਫ਼ ਸ਼੍ਰੇਣੀਆਂ ਪਾਸ ਕਰਵਾਉਣ ਲਈ ਨਹੀਂ, ਸਗੋਂ ਉਨ੍ਹਾਂ ਨੂੰ ਰਾਸ਼ਟਰੀ ਪੱਧਰ ’ਤੇ ਮੁਕਾਬਲਿਆਂ ਲਈ ਵੀ ਤਿਆਰ ਕੀਤਾ ਜਾਣ ਦਾ ਅਮਲ ਆਰੰਭਿਆ ਜਾ ਰਿਹਾ ਹੈ।
ਪੰਜਾਬ ਦੇ ਵਿਦਿਆਰਥੀਆਂ ਨੂੰ ਵੀ ਮੌਕਾ ਦਿੱਤਾ ਜਾਵੇਗਾ ਕਿ ਉਹ ਆਪਣੀ ਸੋਚ ਅਤੇ ਸਮਝ ਦੇ ਆਧਾਰ ’ਤੇ ਪ੍ਰਸ਼ਨ ਬਣਾਉਣ ਅਤੇ ਮੁਕਾਬਲੇ ਵਿੱਚ ਭਾਗ ਲੈਣ। ਇਨ੍ਹਾਂ ਵਿੱਚੋਂ ਚੁਣੇ ਹੋਏ ਪ੍ਰਸ਼ਨ ਰਾਸ਼ਟਰੀ ਪ੍ਰਸ਼ਨ ਬੈਂਕ ਵਿੱਚ ਸ਼ਾਮਲ ਕੀਤੇ ਜਾਣਗੇ, ਜਿਸ ਲਈ ਬੋਰਡ ਵੱਲੋਂ ਸੂਬੀ ਪੱਧਰੀ ਮੁਹਿੰਮ ਸ਼ੁਰੂ ਕੀਤੀ ਜਾ ਰਹੀ ਹੈ। ਸਰਵੋਤਮ ਅਤੇ ਵਿਦਿਆਰਥੀ-ਭਵਿੱਖ ਪੱਖੀ ਪ੍ਰਸ਼ਨ ਬਣਾਉਣ ਵਾਲੇ ਅਧਿਆਪਕਾਂ ਨੂੰ ਇਨਾਮ ਦਿੱਤੇ ਜਾਣਗੇ।
ਸੀਸੀਟੀਵੀ ਕੈਮਰਿਆਂ ਦੀ ਨਿਗਰਾਨੀ ਹੇਠ ਹੋਣਗੀਆਂ ਬੋਰਡ ਪ੍ਰੀਖ਼ਿਆ
ਪੰਜਾਬ ਬੋਰਡ ਦੀਆਂ ਪ੍ਰੀਖ਼ਿਆਵਾਂ ਹੁਣ ਸੀਸੀਟੀਵੀ ਕੈਮਰਿਆਂ ਦੀ ਨਿਗਰਾਨੀ ਹੇਠ ਹੋਣਗੀਆਂ। ਜ਼ਿਲ੍ਹਾ ਪੱਧਰੀ ਕੰਟਰੋਲ ਰੂਮਾਂ ਰਾਹੀਂ ਇਮਤਿਹਾਨਾਂ ਦੀ ਸੁਰੱਖਿਆ ਅਤੇ ਪਾਰਦਰਸ਼ਤਾ ਨੂੰ ਯਕੀਨੀ ਬਣਾਇਆ ਜਾਵੇਗਾ। ਓਐਮਆਰ ਸ਼ੀਟਾਂ ਰਾਹੀਂ ਨਿਰਪੱਖ ਅਤੇ ਅੰਕ ਆਧਾਰਿਤ ਮੁਲਾਂਕਣ ਕੀਤਾ ਜਾਵੇਗਾ ਤਾਂ ਜੋ ਕਿਸੇ ਵੀ ਵਿਦਿਆਰਥੀ ਦੀ ਮਿਹਨਤ ਵਿਅਰਥ ਨਾ ਜਾਵੇ।