ਜਥੇਦਾਰ ਗੰਡਾ ਸਿੰਘ ਦੀ ਯਾਦਗਾਰ ਲਈ ਫੰਡ ਦੀ ਮੰਗ
ਸਰਬਜੀਤ ਸਿੰਘ ਭੱਟੀ
ਲਾਲੜੂ, 8 ਜੁਲਾਈ
ਆਜ਼ਾਦੀ ਘੁਲਾਟੀਏ ਅਤੇ ਅਕਾਲੀ ਆਗੂ ਜਥੇਦਾਰ ਗੰਡਾ ਸਿੰਘ ਸਾਧਾਂਪੁਰ ਦੀ ਯਾਦਗਾਰ ਬਣਾਉਣ ਲਈ ਫੰਡ ਛੇਤੀ ਜਾਰੀ ਕਰਨ ਦੀ ਮੰਗ ਕੀਤੀ ਗਈ ਹੈ। ਇਸ ਸਬੰਧੀ ਗਰਾਮ ਪੰਚਾਇਤ ਅਤੇ ਪਿੰਡ ਸਾਂਧਾਪੁਰ ਦੇ ਆਗੂਆਂ ਵੱਲੋਂ ਮਤਾ ਪਾਇਆ ਗਿਆ ਹੈ। ਇਸ ਵਿੱਚ ਜਥੇਦਾਰ ਗੰਡਾ ਸਿੰਘ ਵੱਲੋਂ ਆਜ਼ਾਦੀ ਅਤੇ ਪੰਜਾਬੀ ਸੂਬੇ ਮੋਰਚੇ ਵਿੱਚ ਕੀਤੀ ਸ਼ਮੂਲੀਅਤ ਬਾਰੇ ਜਾਣਕਾਰੀ ਦਿੱਤੀ। ਬੁਧੀਜੀਵੀਆਂ ਮੁਤਾਬਕ ਗੰਡਾ ਸਿੰਘ ਦਾ ਕਹਿਣਾ ਸੀ ਕਿ ਅੰਗਰੇਜ਼ਾਂ ਤੋਂ ਪਹਿਲਾਂ ਪੰਜਾਬ ਆਪਣੇ ਆਪ ਵਿੱਚ ਇੱਕ ਦੇਸ਼ ਸੀ, ਪਰ ਬਾਅਦ ਵਿੱਚ ਅੰਗਰੇਜ਼ਾਂ ਤੇ ਸਮੇਂ ਦੀਆਂ ਸਰਕਾਰਾਂ ਨੇ ਇਸ ਦੇ ਟੋਟੇ ਕਰ ਦਿੱਤੇ। ਦੱਸਣਾ ਬਣਦਾ ਹੈ ਕਿ ਇਸ ਖੇਤਰ ਵਿੱਚ ਜਨਮੇ ਜਥੇਦਾਰ ਗੰਡਾ ਸਿੰਘ ਨੂੰ ਅਕਾਲੀ ਦਲ ਦੇ ਵੱਡੇ-ਵੱਡੇ ਆਗੂ ਪ੍ਰਕਾਸ਼ ਸਿੰਘ ਬਾਦਲ, ਜਥੇਦਾਰ ਗੁਰਚਰਨ ਸਿੰਘ ਟੋਹੜਾ ਤੇ ਕੈਪਟਨ ਕੰਵਲਜੀਤ ਸਿੰਘ ਆਜ਼ਾਦੀ ਘੁਲਾਟੀਆ ਬਾਬਾ ਕਹਿ ਕੇ ਬੁਲਾਉਂਦੇ ਸਨ। ਜਥੇਦਾਰ ਦੀ ਮਾਸਟਰ ਤਾਰਾ ਸਿੰਘ ਨਾਲ ਬੇਹੱਦ ਨੇੜਤਾ ਸੀ। ਜਥੇਦਾਰ ਸਾਹਿਬ ਪੰਜਾਬੀ ਸੂਬੇ ਦੀ ਚਾਹਤ ਨੂੰ ਆਪਣੇ ਦਿਲ ਵਿੱਚ ਲੈ ਕੇ 1983 ਨੂੰ ਇਸ ਦੁਨੀਆ ਨੂੰ ਅਲਵਿਦਾ ਆਖ ਗਏ ਸਨ। ਇਸ ਸਮੇਂ ਉਨ੍ਹਾਂ ਦਾ ਪੋਤਰਾ ਲੱਕੀ ਸਾਧਾਂਪੁਰ ਤੇ ਪਰਿਵਾਰ ਵੀ ਸਮਾਜ ਸੇਵਾ ਵਿਚ ਸਰਗਰਮ ਹੈ।