ਕੌਂਸਲ ਦੇ ਫੰਡ ਨਾਲ ਹੋਵੇਗਾ ਸ਼ਹਿਰ ਦਾ ਵਿਕਾਸ: ਜੀਤੀ ਪਡਿਆਲਾ
ਮਿਹਰ ਸਿੰਘ
ਕੁਰਾਲੀ, 8 ਜੁਲਾਈ
ਨਗਰ ਕੌਂਸਲ ਕੁਰਾਲੀ ਦੇ ਪ੍ਰਧਾਨ ਰਣਜੀਤ ਸਿੰਘ ਜੀਤੀ ਪਡਿਆਲਾ ਨੇ ਕੌਂਸਲਰਾਂ ਦੀ ਹਾਜ਼ਰੀ ਵਿੱਚ ਮੀਡੀਆ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਸ਼ਹਿਰ ਦੇ ਹਰ ਕੋਨੇ ਦੇ ਸਰਬਪੱਖੀ ਵਿਕਾਸ ਲਈ 15.5 ਕਰੋੜ ਦੇ ਟੈਂਡਰ ਪਾਸ ਕਰਵਾ ਲਏ ਗਏ ਹਨ ਅਤੇ ਇਨ੍ਹਾਂ ਟੈਂਡਰਾਂ ਦਾ ਕੰਮ ਛੇਤੀ ਹੀ ਸ਼ੁਰੂ ਹੋ ਜਾਵੇਗਾ। ਉਨ੍ਹਾਂ ਕਿਹਾ ਕਿ ਇਹ ਸਾਰੇ ਵਿਕਾਸ ਦੇ ਕੰਮ ਕੌਂਸਲ ਦੇ ਫੰਡਾਂ ਨਾਲ ਹੋ ਰਹੇ ਹਨ।
ਪ੍ਰਧਾਨ ਜੀਤੀ ਪਡਿਆਲਾ ਨੇ ਦੱਸਿਆ ਕਿ ਪਿਛਲੀ ਮੀਟਿੰਗ ਦੌਰਾਨ ਕੌਂਸਲ ਵੱਲੋਂ ਕਰੋੜਾਂ ਰੁਪਏ ਦੇ ਵਿਕਾਸ ਕਾਰਜਾਂ ਦੇ ਮਤਿਆਂ ਨੂੰ ਪ੍ਰਵਾਨਗੀ ਦਿੱਤੀ ਗਈ ਸੀ। ਉਨ੍ਹਾਂ ਕਿਹਾ ਕਿ ਸ਼ਹਿਰ ਦੀਆਂ ਲੋੜਾਂ ਤੇ ਲੋਕਾਂ ਦੀਆਂ ਮੰਗਾਂ ਤੋਂ ਇਲਾਵਾ ਵਿਕਾਸ ਦੇ ਕੰਮਾਂ ਨੂੰ ਮੁੱਖ ਰੱਖਦਿਆਂ ਹੀ ਮਤੇ ਪਾਸ ਕੀਤੇ ਗਏ ਸਨ। ਸ੍ਰੀ ਪਡਿਆਲਾ ਨੇ ਕਿਹਾ ਕਿ ਸਰਕਾਰ ਵੱਲੋਂ ਸ਼ਹਿਰ ਲਈ ਇੱਕ ਵੀ ਪੈਸਾ ਜਾਰੀ ਨਹੀਂ ਕੀਤਾ ਗਿਆ।
ਇਸ ਮੌਕੇ ਉਨ੍ਹਾਂ ਨਾਲ ਕੌਂਸਲਰ ਜਸਵਿੰਦਰ ਸਿੰਘ ਗੋਲਡੀ, ਰਮਾਕਾਂਤ ਕਾਲੀਆ, ਲਖਵੀਰ ਰਾਣਾ ਲੱਕੀ, ਜੀਤਾ, ਹੈਪੀ ਧੀਮਾਨ, ਦਿਨੇਸ਼ ਗੌਤਮ, ਦੀਪਕ ਗੌਤਮ ਜੱਗੀ, ਸੰਜੂ ਰਾਣਾ ਅਤੇ ਪਰਮਜੀਤ ਸਿੰਘ ਪੰਮੀ ਵੀ ਹਾਜ਼ਰ ਸਨ।