ਚੰਡੀਗੜ੍ਹ ਪੰਜਾਬੀ ਮੰਚ ਵੱਲੋਂ ਰੋਸ ਮਾਰਚ ਸਬੰਧੀ ਲਾਮਬੰਦੀ
ਕੁਲਦੀਪ ਸਿੰਘ
ਚੰਡੀਗੜ੍ਹ, 22 ਜੂਨ
ਚੰਡੀਗੜ੍ਹ ਪੰਜਾਬੀ ਮੰਚ ਵੱਲੋਂ ਪੰਜ ਜੁਲਾਈ ਨੂੰ ਕੱਢੇ ਜਾ ਰਹੇ ਰੋਸ ਮਾਰਚ ਦੀਆਂ ਤਿਆਰੀਆਂ ਸਬੰਧੀ ਮੀਟਿੰਗਾਂ ਦੀ ਲੜੀ ਵਜੋਂ ਪਿੰਡ ਬਹਿਲਾਣਾ, ਖੁੱਡਾ ਲਾਹੌਰਾ, ਖੁੱਡਾ ਜੱਸੂ, ਮਲੋਆ ਅਤੇ ਬੁੜੈਲ ਵਿੱਚ ਲਾਮਬੰਦ ਕੀਤੀ ਗਈ। ਇਨ੍ਹਾਂ ਵਿੱਚ ਅਹੁਦੇਦਾਰਾਂ ਵੱਲੋਂ ਲੋਕਾਂ ਨੂੰ ਰੋਸ ਮਾਰਚ ਵਿੱਚ ਸ਼ਮੂਲੀਅਤ ਕਰਨ ਲਈ ਲਾਮਬੰਦ ਕੀਤਾ ਗਿਆ।
ਮੰਚ ਦੇ ਪ੍ਰਧਾਨ ਸੁਖਜੀਤ ਸਿੰਘ ਹੱਲੋਮਾਜਰਾ, ਜਨਰਲ ਸਕੱਤਰ ਕਾਮਰੇਡ ਦੇਵੀ ਦਿਆਲ ਸ਼ਰਮਾ, ਸਰਪ੍ਰਸਤ ਬਾਬਾ ਸਾਧੂ ਸਿੰਘ ਸਾਰੰਗਪੁਰ, ਬਾਬਾ ਗੁਰਦਿਆਲ ਸਿੰਘ ਖੁੱਡਾ ਅਲੀਸ਼ੇਰ, ਗੁਰਪ੍ਰੀਤ ਸਿੰਘ ਸੋਮਲ, ਜੋਗਾ ਸਿੰਘ, ਗੁਰਮੁਖ ਸਿੰਘ, ਹਰਭਜਨ ਸਿੰਘ, ਅਮਰਜੀਤ ਸਿੰਘ, ਪ੍ਰਿਤਪਾਲ ਸਿੰਘ, ਬਲਦੇਵ ਸਿੰਘ, ਸਵਰਨ ਸਿੰਘ ਆਦਿ ਨੇ ਕਿਹਾ ਕਿ ਯੂਟੀ ਚੰਡੀਗੜ੍ਹ ਪ੍ਰਸ਼ਾਸਨ ਇਸ ਖਿੱਤੇ ਦੀ ਮਾਂ-ਬੋਲੀ ਪੰਜਾਬੀ ਭਾਸ਼ਾ ਨੂੰ ਨਜ਼ਰਅੰਦਾਜ਼ ਕਰ ਚੁੱਕਾ ਹੈ। ਮੰਚ ਵੱਲੋਂ ਪਿਛਲੇ ਲੰਬੇ ਸਮੇਂ ਤੋਂ ਸੰਘਰਸ਼ ਕੀਤਾ ਜਾ ਰਿਹਾ ਹੈ ਕਿ ਇੱਥੋਂ ਦੀ ਪਹਿਲੀ ਅਤੇ ਪ੍ਰਸ਼ਾਸਕੀ ਭਾਸ਼ਾ ਪੰਜਾਬੀ ਹੋਣੀ ਚਾਹੀਦੀ ਹੈ ਪਰ ਸਮੇਂ-ਸਮੇਂ ’ਤੇ ਆਏ ਪ੍ਰਸ਼ਾਸਕ ਅਤੇ ਹੋਰ ਉੱਚ ਅਧਿਕਾਰੀ ਪੰਜਾਬੀ ਭਾਸ਼ਾ ਲਾਗੂ ਨਹੀਂ ਕਰ ਰਹੇ ਹਨ। ਮੰਚ ਵੱਲੋਂ ਆਪਣੇ ਸੰਘਰਸ਼ਾਂ ਦੀ ਲੜੀ ਤਹਿਤ ਹੁਣ 5 ਜੁਲਾਈ ਨੂੰ ਪ੍ਰਸ਼ਾਸਨ ਦੇ ਖਿਲਾਫ਼ ਰੋਸ ਮਾਰਚ ਰੱਖਿਆ ਗਿਆ ਹੈ।
ਉਨ੍ਹਾਂ ਦੱਸਿਆ ਕਿ 5 ਜੁਲਾਈ ਨੂੰ ਸੈਕਟਰ-34 ਦੇ ਗੁਰਦੁਆਰੇ ਤੋਂ ਸ਼ੁਰੂ ਹੋ ਕੇ ਇਹ ਮਾਰਚ ਵੱਖ-ਵੱਖ ਸੈਕਟਰਾਂ ਵਿੱਚੋਂ ਹੁੰਦਾ ਹੋਇਆ ਸੈਕਟਰ-7 ਦੇ ਗੁਰਦੁਆਰੇ ਵਿੱਚ ਜਾ ਕੇ ਸਮਾਪਤ ਹੋਵੇਗਾ।
ਪਿੰਡ ਬਹਿਲਾਣਾ ਵਿੱਚ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਦੀ ਅਗਵਾਈ ਹੇਠ ਹੋਈ ਮੀਟਿੰਗ ਵਿੱਚ ਵੱਡੀ ਗਿਣਤੀ ਔਰਤਾਂ ਨੇ ਸ਼ਮੂਲੀਅਤ ਕੀਤੀ। ਮਲਕੀਅਤ ਸਿੰਘ, ਸੁਸ਼ੀਲ ਕੌਰ, ਗੁਰਬਖਸ਼ ਸਿੰਘ ਨੰਬਰਦਾਰ ਆਦਿ ਨੇ ਅਹੁਦੇਦਾਰਾਂ ਨੂੰ ਭਰੋਸਾ ਦਿੱਤਾ ਕਿ ਪੰਜ ਜੁਲਾਈ ਨੂੰ ਪਿੰਡ ਵਾਸੀ ਵਾਹਨਾਂ ਸਣੇ ਮਾਰਚ ਵਿੱਚ ਸ਼ਾਮਲ ਹੋਣਗੇ।