ਚੰਡੀਗੜ੍ਹ ਪੰਜਾਬੀ ਮੰਚ ਵੱਲੋਂ ਪ੍ਰਸ਼ਾਸਨ ਖ਼ਿਲਾਫ਼ ਮਾਰਚ
ਕੁਲਦੀਪ ਸਿੰਘ
ਚੰਡੀਗੜ੍ਹ, 5 ਜੁਲਾਈ
ਚੰਡੀਗੜ੍ਹ ਵਿੱਚ ਪੰਜਾਬੀ ਭਾਸ਼ਾ ਨੂੰ ਪਹਿਲੀ ਅਤੇ ਪ੍ਰਸ਼ਾਸਕੀ ਭਾਸ਼ਾ ਦਾ ਦਰਜਾ ਦਿਵਾਉਣ ਲਈ ਕੀਤੇ ਜਾ ਰਹੇ ਲਗਾਤਾਰ ਸੰਘਰਸ਼ਾਂ ਦੀ ਲੜੀ ਵਜੋਂ ਅੱਜ ਮਾਤ ਭਾਸ਼ਾ ਦਿਵਸ ’ਤੇ ਰੋਸ ਮਾਰਚ ਕੱਢਿਆ ਗਿਆ। ਸੈਕਟਰ 34 ਦੇ ਗੁਰਦੁਆਰਾ ਸਾਹਿਬ ਤੋਂ ਮੰਚ ਦੇ ਪ੍ਰਧਾਨ ਸੁਖਜੀਤ ਸਿੰਘ ਸੁੱਖਾ, ਜਨਰਲ ਸਕੱਤਰ ਕਾਮਰੇਡ ਦੇਵੀ ਦਿਆਲ ਸ਼ਰਮਾ, ਸਕੱਤਰ ਗੁਰਪ੍ਰੀਤ ਸਿੰਘ ਸੋਮਲ ਦੀ ਅਗਵਾਈ ਹੇਠ ਕੱਢਿਆ ਗਿਆ ਇਹ ਰੋਸ ਮਾਰਚ ਵੱਖ ਖੇਤਰਾਂ ਵਿੱਚੋਂ ਦੀ ਹੁੰਦਾ ਹੋਇਆ ਸੈਕਟਰ-7 ਦੇ ਗੁਰਦੁਆਰਾ ਸਾਹਿਬ ਜਾ ਕੇ ਸਮਾਪਤ ਹੋਇਆ। ਰਸਤੇ ਵਿੱਚ 20 ਪੰਜਾਬੀ ਹਿਤੈਸ਼ੀ ਇਸ ਰੋਸ ਮਾਰਚ ਵਿੱਚ ਸ਼ਾਮਿਲ ਹੁੰਦੇ ਗਏ। ਪਿੰਡ ਬਹਿਲਾਣਾ, ਸਾਰੰਗਪੁਰ, ਧਨਾਸ, ਮਿਲਕ ਕਲੋਨੀ, ਬੁਟੇਰਲਾ, ਰਾਏਪੁਰ ਕਲਾਂ ਤੋਂ ਵੱਡੀ ਗਿਣਤੀ ਵਿੱਚ ਔਰਤਾਂ ਵੀ ਸ਼ਾਮਲ ਹੋਈਆਂ। ਰੋਸ ਮਾਰਚ ਵਿੱਚ ਸ਼ਾਮਿਲ ਪੰਜਾਬੀ ਹਿਤੈਸ਼ੀਆਂ ਨੇ ਕਾਲੀਆਂ ਝੰਡੀਆਂ ਦਿਖਾ ਕੇ ਚੰਡੀਗੜ੍ਹ ਪ੍ਰਸ਼ਾਸਨ ਖ਼ਿਲਾਫ਼ ਰੋਸ ਦਾ ਪ੍ਰਗਟਾਵਾ ਕੀਤਾ ਅਤੇ ਇਥੇ ਪੰਜਾਬੀ ਭਾਸ਼ਾ ਨੂੰ ਪਹਿਲੀ ਅਤੇ ਪ੍ਰਸ਼ਾਸਕੀ ਭਾਸ਼ਾ ਦਾ ਦਰਜਾ ਦਿਵਾਉਣ ਦੀ ਮੰਗ ਕੀਤੀ।
ਚੰਡੀਗੜ੍ਹ ਸਮੂਹ ਗੁਰਦੁਆਰਾ ਸੰਗਠਨ ਦੇ ਚੇਅਰਮੈਨ ਤਾਰਾ ਸਿੰਘ, ਪੇਂਡੂ ਸੰਘਰਸ਼ ਕਮੇਟੀ ਚੰਡੀਗੜ੍ਹ ਦੇ ਸਰਪ੍ਰਸਤ ਬਾਬਾ ਸਾਧੂ ਸਿੰਘ ਸਾਰੰਗਪੁਰ, ਬਾਬਾ ਗੁਰਦਿਆਲ ਸਿੰਘ ਖੁੱਡਾ ਅਲੀਸ਼ੇਰ, ਨਿਗਮ ਕੌਂਸਲਰ ਹਰਦੀਪ ਸਿੰਘ ਬੁਟੇਰਲਾ, ਕੌਂਸਲਰ ਸਤਿੰਦਰਪਾਲ ਸਿੰਘ ਸਿੱਧੂ, ਕੌਂਸਲਰ ਦਮਨਪ੍ਰੀਤ ਸਿੰਘ ਬਾਦਲ, ਜੀਤ ਸਿੰਘ ਬਹਿਲਾਣਾ, ਵਿਸ਼ਵ ਪੰਜਾਬੀ ਪ੍ਰਚਾਰ ਸਭਾ ਤੋਂ ਪ੍ਰਿੰਸੀਪਲ ਬਹਾਦਰ ਸਿੰਘ ਗੋਸਲ, ਪੰਜਾਬੀ ਲੇਖਕ ਸਭਾ ਦੇ ਪ੍ਰਧਾਨ ਦੀਪਕ ਸ਼ਰਮਾ ਚਨਾਰਥਲ, ਬਲਕਾਰ ਸਿੰਘ ਸਿੱਧੂ, ਤਰਕਸ਼ੀਲ ਸੁਸਾਇਟੀ ਤੋਂ ਜੋਗਾ ਸਿੰਘ, ਯੂਥ ਆਫ ਪੰਜਾਬ ਦੇ ਪ੍ਰਧਾਨ ਪਰਮਦੀਪ ਸਿੰਘ ਬੈਦਵਾਨ, ਕਿਸਾਨ ਆਗੂ ਜਸਵੰਤ ਪੂਨੀਆਂ, ਕਿਸਾਨ ਆਗੂ ਕ੍ਰਿਪਾਲ ਸਿੰਘ, ਕਾਮਰੇਡ ਪ੍ਰਲਾਦ ਸਿੰਘ ਆਦਿ ਨੇ ਚੰਡੀਗੜ੍ਹ ਵਿੱਚ ਪੰਜਾਬੀ ਭਾਸ਼ਾ ਨੂੰ ਪਹਿਲੀ ਅਤੇ ਪ੍ਸ਼ਾਸਕੀ ਭਾਸ਼ਾ ਦਾ ਦਰਜਾ ਦੇਣ ਦੀ ਮੰਗ ਕੀਤੀ।