ਚੰਡੀਗੜ੍ਹ: ਦੋ ਦਿਨਾਂ ਵਿੱਚ ਦਸਤਕ ਦੇਵੇਗੀ ਮੌਨਸੂਨ
ਆਤਿਸ਼ ਗੁਪਤਾ
ਚੰਡੀਗੜ੍ਹ, 22 ਜੂਨ
ਪੰਜਾਬ ਤੇ ਹਰਿਆਣਾ ਦੀ ਰਾਜਧਾਨੀ ਚੰਡੀਗੜ੍ਹ ਵਿੱਚ ਪਿਛਲੇ ਦੋ-ਤਿੰਨ ਦਿਨਾਂ ਤੋਂ ਹੋ ਰਹੀ ਟੁੱਟਵੀਂ ਕਿਣ-ਮਿਣ ਤੋਂ ਬਾਅਦ ਅਗਲੇ ਦੋ-ਤਿੰਨ ਦਿਨਾਂ ਵਿੱਚ ਮੌਨਸੂਨ ਦਸਤਕ ਦੇ ਦੇਵੇਗੀ। ਇਸ ਵਾਰ ਚੰਡੀਗੜ੍ਹ ਵਿੱਚ ਮੌਨਸੂਨ ਆਪਣੇ ਤੈਅ ਸਮੇਂ ’ਤੇ ਦਸਤਕ ਦੇਵੇਗੀ। ਮੌਨਸੂਨ ਦੀ ਆਮਦ ਤੋਂ ਪਹਿਲਾਂ ਅੱਜ ਐਤਵਾਰ ਨੂੰ ਸ਼ਹਿਰ ਵਿੱਚ ਮੌਸਮ ਖੁਸ਼ਗਵਾਰ ਰਿਹਾ। ਇਸ ਕਰ ਕੇ ਸ਼ਹਿਰ ਦਾ ਤਾਪਮਾਨ ਵੀ ਆਮ ਨਾਲੋਂ 3.5 ਡਿਗਰੀ ਸੈਲਸੀਅਸ ਘੱਟ ਦਰਜ ਕੀਤਾ ਗਿਆ ਹੈ। ਉੱਧਰ, ਮੌਸਮ ਦੇ ਖੁਸ਼ਗਵਾਰ ਹੋਣ ਕਰ ਕੇ ਅੱਜ ਸਿਟੀ ਬਿਊਟੀਫੁੱਲ ਵਿੱਚ ਸੁਖਨਾ ਝੀਲ, ਰੌਕ ਗਾਰਡਨ, ਰੋਜ਼ ਗਾਰਡਨ ਸਣੇ ਹੋਰਨਾਂ ਥਾਵਾਂ ’ਤੇ ਸਾਰਾ ਦਿਨ ਸੈਲਾਨੀਆਂ ਦੀ ਭੀੜ ਲੱਗੀ ਰਹੀ ਹੈ।
ਚੰਡੀਗੜ੍ਹ ਵਿੱਚ ਅੱਜ ਸਵੇਰ ਤੋਂ ਬੱਦਲਵਾਈ ਹੁੰਦੀ ਰਹੀ ਹੈ, ਦੁਪਹਿਰ ਸਮੇਂ ਹਲਕੀ ਦੀ ਧੁੱਪ ਨਿਕਲੀ ਸੀ। ਇਸ ਦੌਰਾਨ ਕਈ ਵਾਰ ਸ਼ਹਿਰ ਵਿੱਚ ਹੁੰਮਸ ਭਰਿਆ ਮੌਸਮ ਬਣ ਗਿਆ ਸੀ ਪਰ ਬਾਅਦ ਦੁਪਹਿਰ ਤੇਜ਼ ਹਵਾਵਾਂ ਚੱਲਣ ਕਰ ਕੇ ਲੋਕਾਂ ਨੇ ਸੁੱਖ ਦਾ ਸਾਹ ਲਿਆ ਹੈ। ਅੱਜ ਚੰਡੀਗੜ੍ਹ ਦਾ ਵੱਧ ਤੋਂ ਵੱਧ ਤਾਪਮਾਨ 34 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਹੈ ਜੋ ਆਮ ਨਾਲੋਂ 3.5 ਡਿਗਰੀ ਸੈਲਸੀਅਸ ਘੱਟ ਰਿਹਾ ਹੈ। ਘੱਟ ਤੋਂ ਘੱਟ ਤਾਪਮਾਨ 27.9 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਹੈ। ਇਸੇ ਤਰ੍ਹਾਂ ਮੁਹਾਲੀ ਵਿੱਚ ਵੱਧ ਤੋਂ ਵੱਧ ਤਾਪਮਾਨ 33.3 ਡਿਗਰੀ ਸੈਲਸੀਅਸ ਅਤੇ ਪੰਚਕੂਲਾ ਵਿੱਚ 32.7 ਡਿਗਰੀ ਸੈਲਸੀਅਸ ਦਰਜ ਕੀਤਾ ਹੈ।
ਮੌਸਮ ਵਿਗਿਆਨੀਆਂ ਨੇ ਕਿਹਾ ਕਿ ਚੰਡੀਗੜ੍ਹ ਵਿੱਚ ਅਗਲਾ ਪੂਰਾ ਹਫ਼ਤਾ ਰੁਕ-ਰੁਕ ਕੇ ਜ਼ੋਰਦਾਰ ਮੀਂਹ ਪਵੇਗਾ। ਇਸ ਲਈ ਮੌਸਮ ਵਿਗਿਆਨੀਆਂ ਨੇ 23, 24, 25, 27 ਤੇ 27 ਜੂਨ ਨੂੰ ਤੇਜ਼ ਮੀਂਹ ਤੇ ਤੇਜ਼ ਹਵਾਵਾਂ ਚੱਲਣ ਦੀ ਪੇਸ਼ੀਨਗੋਈ ਕੀਤੀ।
ਚੰਡੀਗੜ੍ਹ ਵਿੱਚ ਆਮ ਨਾਲੋਂ 67.7 ਐੱਮਐੱਮ ਘੱਟ ਮੀਂਹ ਪਿਆ
ਸ਼ਹਿਰ ਵਿੱਚ ਇਸ ਸਾਲ ਜੂਨ ਮਹੀਨੇ ਵਿੱਚ ਆਮ ਨਾਲੋਂ 67.7 ਐੱਮਐੱਮ ਘੱਟ ਮੀਂਹ ਪਿਆ ਹੈ। ਮੌਸਮ ਵਿਗਿਆਨੀਆਂ ਅਨੁਸਾਰ ਚੰਡੀਗੜ੍ਹ ਵਿੱਚ ਇਸ ਵਰ੍ਹੇ ਪਹਿਲੀ ਜੂਨ ਤੋਂ ਹੁਣ ਤੱਕ 31.4 ਐੱਮਐੱਮ ਮੀਂਹ ਪਿਆ ਹੈ ਜਦੋਂਕਿ ਆਮ ਤੌਰ ’ਤੇ 90 ਐੱਮਐੱਮ ਦੇ ਕਰੀਬ ਮੀਂਹ ਪੈਂਦਾ ਹੈ।