ਕਰਮਜੀਤ ਸਿੰਘ ਚਿੱਲਾ
ਐਸ.ਏ.ਐਸ.ਨਗਰ (ਮੁਹਾਲੀ), 22 ਮਈ
ਬਹੁਜਨ ਸਮਾਜ ਪਾਰਟੀ ਵੱਲੋਂ ਮਜੀਠਾ ਵਿਖੇ ਗੈਰਕਾਨੂੰਨੀ ਸ਼ਰਾਬ ਕਾਂਡ ਦੇ ਵਿਰੋਧ ਵਿਚ ਅੱਜ ਇੱਥੋਂ ਦੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਬਾਹਰਵਾਰ ਜ਼ਿਲ੍ਹਾ ਪੱਧਰੀ ਧਰਨਾ ਦਿੱਤਾ ਗਿਆ। ਧਰਨਾਕਾਰੀਆਂ ਨੇ ਇਸ ਮੌਕੇ ਪੰਜਾਬ ਸਰਕਾਰ ਵਿਰੁੱਧ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਪਾਰਟੀ ਵੱਲੋਂ ਇਹ ਪ੍ਰਦਰਸ਼ਨ ਬਸਪਾ ਵੱਲੋਂ ਅੱਜ ਪੰਜਾਬ ਬਚਾਓ ਮੁਹਿੰਮ ਅਧੀਨ ਦਿੱਤੇ ਗਏ ਜ਼ਿਲ੍ਹਾ ਪੱਧਰੀ ਧਰਨਿਆਂ ਦੀ ਲੜੀ ਤਹਿਤ ਕੀਤਾ ਗਿਆ। ਪਾਰਟੀ ਦੇ ਸੂਬਾ ਜਨਰਲ ਸਕੱਤਰ ਜਗਜੀਤ ਸਿੰਘ ਛੜਬੜ੍ਹ, ਜ਼ਿਲ੍ਹਾ ਪ੍ਰਧਾਨ ਹਰਕਾ ਦਾਸ ਧਾਲੀਵਾਲ, ਹਰਭਜਨ ਸਿੰਘ ਬਜਹੇੜੀ, ਗੁਰਪ੍ਰੀਤ ਸਿੰਘ, ਬਖਸ਼ੀਸ਼ ਸਿੰਘ ਬੰਗੜ, ਜਸਪਾਲ ਸਿੰਘ ਸੈਦਪੁਰ, ਹਰਿੰਦਰ ਸਿੰਘ ਦੁਰਾਲੀ, ਸੁੱਚਾ ਸਿੰਘ ਸਨੇਟਾ ਆਦਿ ਨੇ ਪੰਜਾਬ ਸਰਕਾਰ ਉਤੇ ਤਿੱਖੇ ਹਮਲੇ ਕਰਦਿਆਂ ਕਿਹਾ ਕਿ ਯੁੱਧ ਨਸ਼ਿਆਂ ਵਿਰੁੱਧ ਦਾ ਢੰਡੋਰਾ ਪਿੱਟਣ ਵਾਲੀ ਆਮ ਆਦਮੀ ਪਾਰਟੀ ਦੀ ਤਿੰਨ ਸਾਲ ਦੀ ਸਰਕਾਰ ਦੇ ਦੌਰਾਨ ਗੈਰਕਾਨੂੰਨੀ ਸ਼ਰਾਬ ਨਾਲ ਨਿਰਦੋਸ਼ ਲੋਕਾਂ ਦੀ ਜਾਨ ਜਾਣ ਦੇ ਤਿੰਨ ਕਾਂਡ ਵਾਪਰ ਚੁੱਕੇ ਹਨ।
ਉਨ੍ਹਾਂ ਕਿਹਾ ਕਿ ਗੈਰਕਾਨੂੰਨੀ ਸ਼ਰਾਬ ਦਾ ਧੰਦਾ ਕਰਨ ਵਾਲਿਆਂ ਵਿਰੁੱਧ ਸਰਕਾਰ ਕੋਈ ਕਾਰਵਾਈ ਨਹੀਂ ਕਰ ਰਹੀ, ਜਿਸ ਕਾਰਨ ਅਜਿਹੇ ਦੁਖਾਂਤ ਵਾਰ-ਵਾਰ ਵਾਪਰ ਰਹੇ ਹਨ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਨਸ਼ੇ ਨੂੰ ਰੋਕਣ ਲਈ ਪੂਰੀ ਤਰਾਂ ਸੁਹਿਰਦ ਹੈ ਤਾਂ ਫੇਰ ਅਜਿਹੇ ਕਾਂਡ ਵਾਰ-ਵਾਰ ਕਿਉਂ ਵਾਪਰ ਰਹੇ ਹਨ। ਉਨ੍ਹਾਂ ਮੰਗ ਕੀਤੀ ਕਿ ਨਸ਼ਾ ਖੋਰਾਂ ਵਿਰੁੱਧ ਕਤਲ ਦੀਆਂ ਧਾਰਾਵਾਂ ਤਹਿਤ ਐਫ਼ਆਈਆਰ ਦਰਜ ਕੀਤੀ ਜਾਵੇ ਅਤੇ ਉਨ੍ਹਾਂ ਨੂੰ ਤੁਰੰਤ ਗ੍ਰਿਫ਼ਤਾਰ ਕੀਤਾ ਜਾਵੇ। ਉਨ੍ਹਾਂ ਮਰਨ ਵਾਲਿਆਂ ਨੂੰ ਇੱਕ ਇੱਕ ਕਰੋੜ ਦੀ ਰਾਸ਼ੀ ਅਤੇ ਸਰਕਾਰੀ ਨੌਕਰੀ ਦੀ ਵੀ ਮੰਗ ਕੀਤੀ। ਇਸ ਮੌਕੇ ਉਨ੍ਹਾਂ ਐਸਡੀਐਮ ਮੁਹਾਲੀ ਨੂੰ ਮੰਗ ਪੱਤਰ ਵੀ ਸੌਂਪਿਆ।