ਪੱਤਰ ਪ੍ਰੇਰਕ
ਬਨੂੜ, 31 ਅਗਸਤ
ਪੰਜਾਬ ਸਰਕਾਰ ਵੱਲੋਂ ਹਾਈ ਕੋਰਟ ਦੀ ਝਾੜ ਮਗਰੋਂ ਪੰਚਾਇਤਾਂ ਭੰਗ ਕਰਨ ਦੇ ਨੋਟੀਫ਼ਿਕੇਸ਼ਨ ਨੂੰ ਵਾਪਸ ਲੈਣ ਅਤੇ ਪੰਚਾਇਤਾਂ ਬਹਾਲ ਕਰਨ ਦੇ ਫ਼ੈਸਲੇ ਤੋਂ ਸਰਪੰਚ ਬਾਗੋ-ਬਾਗ ਹਨ। ਬਨੂੜ ਖੇਤਰ ਵਿੱਚ ਅੱਜ ਕਈ ਥਾਵਾਂ ਉੱਤੇ ਸਰਪੰਚਾਂ ਨੇ ਪੰਚਾਇਤਾਂ ਦੀ ਬਹਾਲੀ ਦੀ ਖੁਸ਼ੀ ਵਿੱਚ ਲੱਡੂ ਵੰਡੇ ਅਤੇ ਇਸ ਫ਼ੈਸਲੇ ਨੂੰ ਸੰਵਿਧਾਨਕ ਕਦਰਾਂ-ਕੀਮਤਾਂ ਦੀ ਜਿੱਤ ਦੱਸਿਆ।
ਇੱਥੇ ਹੋਈ ਸਰਪੰਚਾਂ ਦੀ ਮੀਟਿੰਗ ਵਿੱਚ ਜ਼ਿਲ੍ਹਾ ਪਰਿਸ਼ਦ ਮੈਂਬਰ ਖਜ਼ਾਨ ਸਿੰਘ ਹੁਲਕਾ, ਪੰਚਾਇਤ ਯੂਨੀਅਨ ਦੇ ਜ਼ਿਲ੍ਹਾ ਪਟਿਆਲਾ ਦੇ ਪ੍ਰਧਾਨ ਯਾਦਵਿੰਦਰ ਸਿੰਘ ਧਨੌਰੀ, ਰਾਜਪੁਰਾ ਬਲਾਕ ਦੇ ਪ੍ਰਧਾਨ ਕੁਲਵਿੰਦਰ ਸਿੰਘ ਕਲੌਲੀ, ਸਨੌਰ ਬਲਾਕ ਦੇ ਪ੍ਰਧਾਨ ਬੂਟਾ ਸਿੰਘ ਸੰਧੂ, ਸਮਾਣਾ ਬਲਾਕ ਦੇ ਪ੍ਰਧਾਨ ਅਮਰਿੰਦਰ ਸਿੰਘ ਢੋਟ, ਕੇਸਰ ਸਿੰਘ ਸਰਪੰਚ ਤਸੌਲੀ, ਗੁਰਦੀਪ ਸਿੰਘ ਸਰਪੰਚ ਕਰਾਲਾ, ਗੁਰਪ੍ਰੀਤ ਸਿੰਘ ਸਰਪੰਚ ਕਰਾਲੀ, ਜ਼ਿਲ੍ਹਾ ਮੁਹਾਲੀ ਦੇ ਮੀਤ ਪ੍ਰਧਾਨ ਰਾਜਿੰਦਰ ਸਿੰਘ ਰਾਜੂ ਮੁਠਿਆੜਾਂ, ਮਨਜੀਤ ਸਿੰਘ ਹੁਲਕਾ ਸ਼ੈਲੀ ਝਿਊਰਮਾਜਰਾ, ਨੈਬ ਸਿੰਘ ਮਨੌਲੀ ਸੂਰਤ ਆਦਿ ਸ਼ਾਮਲ ਸਨ। ਇਨ੍ਹਾਂ ਆਗੂਆਂ ਨੇ ਆਖਿਆ ਕਿ ਪੰਚਾਇਤਾਂ ਨੂੰ ਸਮੇਂ ਤੋਂ ਪਹਿਲਾਂ ਭੰਗ ਕਰ ਕੇ ਅਤੇ ਸਰਪੰਚਾਂ ਦੀਆਂ ਦੇਣਦਾਰੀਆਂ ਅਤੇ ਅਦਾਇਗੀਆਂ ਉੱਤੇ ਰੋਕ ਲਗਾ ਕੇ ਸਰਕਾਰ ਨੇ ਸੰਵਿਧਾਨ ਦੀਆਂ ਧੱਜੀਆਂ ਉਡਾਈਆਂ ਸਨ। ਉਨ੍ਹਾਂ ਕਿਹਾ ਕਿ ਹਾਈ ਕੋਰਟ ਦੇ ਡਰ ਕਾਰਨ ਸਰਕਾਰ ਵੱਲੋਂ ਲਿਆ ਯੂ-ਟਰਨ ਭਵਿੱਖ ਵਿੱਚ ਅਜਿਹੇ ਗੈਰਕਾਨੂੰਨੀ ਗਲਤ ਕਦਮ ਚੁੱਕਣ ਵਾਲੇ ਹੁਕਮਰਾਨਾਂ ਨੂੰ ਡਰਾਉਂਦਾ ਰਹੇਗਾ। ਉਨ੍ਹਾਂ ਅਦਾਲਤ ਦਾ ਧੰਨਵਾਦ ਕਰਦਿਆਂ ਕਿਹਾ ਕਿ ਆਪੋ-ਆਪਣੇ ਪਿੰਡਾਂ ਵਿੱਚ ਸਰਪੰਚ ਪੂਰੀ ਤਨਦੇਹੀ ਨਾਲ ਆਰੰਭੇ ਹੋਏ ਵਿਕਾਸ ਕੰਮਾਂ ਨੂੰ ਪੂਰਾ ਕਰਨਗੇ। ਇਸੇ ਦੌਰਾਨ ਸੀਪੀਐੱਮ ਦੇ ਜ਼ਿਲ੍ਹਾ ਸਕੱਤਰ ਗੁਰਦਰਸ਼ਨ ਸਿੰਘ ਖਾਸਪੁਰ, ਅਕਾਲੀ ਦਲ ਦੇ ਆਗੂ ਜਸਵਿੰਦਰ ਸਿੰਘ ਜੱਸੀ, ਕਾਂਗਰਸ ਦੇ ਸ਼ਹਿਰੀ ਪ੍ਰਧਾਨ ਕੁਲਵਿੰਦਰ ਸਿੰਘ ਭੋਲਾ ਖਲੌਰ ਨੇ ਵੀ ਪੰਚਾਇਤਾਂ ਦੀ ਬਹਾਲੀ ਦੇ ਫੈਸਲੇ ਦਾ ਸਵਾਗਤ ਕੀਤਾ।