ਆਤਿਸ਼ ਗੁਪਤਾ
ਚੰਡੀਗੜ੍ਹ, 29 ਜੂਨ
ਸਿਟੀ ਬਿਊਟੀਫੁਲ ਚੰਡੀਗੜ੍ਹ ਵਿੱਚ ਪਿਛਲੇ ਕਈ ਦਿਨਾਂ ਤੋਂ ਰੁਕ-ਰੁਕ ਕੇ ਪੈ ਰਿਹਾ ਮੀਂਹ ਲੰਘੀ ਰਾਤ ਵੀ ਜਾਰੀ ਰਿਹਾ ਹੈ। ਮੀਂਹ ਨੇ ਸਾਰਾ ਸ਼ਹਿਰ ਜਲ-ਥਲ ਕਰ ਦਿੱਤਾ ਹੈ। ਇਸ ਕਰ ਕੇ ਰਾਹਗੀਰਾਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ ਹੈ। ਉੱਥੇ ਹੀ ਲੋਕਾਂ ਨੂੰ ਅਤਿ ਦੀ ਗਰਮੀ ਤੋਂ ਰਾਹਤ ਦਿਵਾ ਦਿੱਤੀ ਹੈ। ਅੱਜ ਸ਼ਹਿਰ ਦਾ ਤਾਪਮਾਨ ਆਮ ਨਾਲੋਂ 6.1 ਡਿਗਰੀ ਸੈਲਸੀਅਸ ਤੱਕ ਘੱਟ ਦਰਜ ਕੀਤਾ ਹੈ। ਮੌਸਮ ਵਿਭਾਗ ਅਨੁਸਾਰ 24 ਘੰਟਿਆਂ ਦੌਰਾਨ ਸ਼ਹਿਰ ਵਿੱਚ 119 ਐੱਮਐੱਮ ਮੀਂਹ ਪਿਆ ਹੈ ਜਦੋਂਕਿ ਸ਼ਹਿਰ ਦਾ ਵੱਧ ਤੋਂ ਵੱਧ ਤਾਪਮਾਨ 30.2 ਡਿਗਰੀ ਸੈਲਸੀਅਸ ਅਤੇ ਘੱਟ ਤੋਂ ਘੱਟ ਤਾਪਮਾਨ 23.6 ਡਿਗਰੀ ਸੈਲਸੀਅਸ ਦਰਜ ਕੀਤਾ ਹੈ। ਮੌਸਮ ਵਿਭਾਗ ਨੇ ਸ਼ਹਿਰ ਵਿੱਚ 30 ਜੂਨ ਨੂੰ ਭਾਰੀ ਅਤੇ 1 ਤੋਂ 3 ਜੁਲਾਈ ਤੱਕ ਹਲਕਾ ਮੀਂਹ ਪੈਣ ਦੀ ਪੇਸ਼ੀਨਗੋਈ ਕੀਤੀ ਹੈ।
ਜਾਣਕਾਰੀ ਅਨੁਸਾਰ ਲੰਘੀ ਰਾਤ 8 ਵਜੇ ਦੇ ਕਰੀਬ ਸ਼ੁਰੂ ਹੋਇਆ ਮੀਂਹ ਸਾਰੀ ਰਾਤ ਰੁਕ-ਰਕ ਕੇ ਪੈਂਦਾ ਰਿਹਾ ਹੈ। ਮੀਂਹ ਕਰ ਕੇ ਸ਼ਹਿਰ ਦੀਆਂ ਮੁੱਖ ਸੜਕਾਂ ਪਾਣੀ ਵਿੱਚ ਡੁੱਬ ਗਈਆਂ। ਮੀਂਹ ਕਰ ਕੇ ਸੈਕਟਰ-22 ਤੇ 23 ਦੀ ਸੜਕ ’ਤੇ ਇਕ ਦਰੱਖ਼ਤ ਵੀ ਡਿੱਗ ਗਿਆ ਸੀ। ਇਸ ਕਾਰਨ ਸਰਕਾਰੀ ਕੁਆਰਟਰ ਦੀ ਕੰਧ ਅਤੇ ਅੰਦਰ ਬਣੇ ਬਾਥਰੂਮ ਵੀ ਨੁਕਸਾਨੇ ਗਏ। ਦਰੱਖ਼ਤ ਡਿੱਗਣ ਕਰ ਕੇ ਜਾਨੀ ਨੁਕਸਾਨ ਹੋਣ ਤੋਂ ਬਚਾਅ ਰਿਹਾ, ਪਰ ਘਰ ਦਾ ਨੁਕਸਾਨ ਹੋ ਗਿਆ ਹੈ। ਸੈਕਟਰ-26 ਤੋਂ ਬਾਪੂ ਧਾਮ ਕਲੋਨੀ ਵੱਲ ਜਾਣ ਵਾਲੀ ਸੜਕ ’ਤੇ ਟੋਆ ਪੈ ਗਿਆ ਜਿਸ ਵਿੱਚ ਇਕ ਕਾਰ ਧਸ ਗਈ। ਇਸ ਤੋਂ ਇਲਾਵਾ ਸ਼ਹਿਰ ਦੀਆਂ ਕਈ ਮੁੱਖ ਸੜਕਾਂ ਦੇ ਕੰਢੇ ਅਤੇ ਸਾਈਕਲ ਟਰੈਕ ’ਤੇ ਵੀ ਟੋਏ ਪੈ ਗਏ।
ਦੂਜੇ ਪਾਸੇ, ਮੀਂਹ ਕਰ ਕੇ ਸ਼ਹਿਰ ਦੀਆਂ ਮੁੱਖ ਸੜਕਾਂ ਪਾਣੀ ਵਿੱਚ ਡੁੱਬ ਗਈਆਂ ਹਨ। ਇਸ ਦੌਰਾਨ ਚੰਡੀਗੜ੍ਹ ਹਾਊਸਿੰਗ ਬੋਰਡ ਚੌਕ ਸੈਕਟਰ-26 ਵਿੱਚ ਸੇਂਟ ਕਬੀਰ ਲਾਈਟ ਪੁਆਇੰਟ ’ਤੇ ਪਾਣੀ ਖੜ੍ਹਾ ਹੋ ਗਿਆ। ਇਸ ਤੋਂ ਇਲਾਵਾ ਸਨਅਤੀ ਏਰੀਆ ਰੇਲਵੇ ਅੰਡਰ ਬ੍ਰਿਜ, ਸੈੱਕਟਰ-11 ਤੇ 15 ਵਾਲੇ ਅੰਡਰਪਾਸ ਵਿੱਚ ਵੀ ਪਾਣੀ ਖੜ੍ਹਾ ਹੋ ਗਿਆ। ਇਸ ਕਰ ਕੇ ਕਈ ਵਾਹਨ ਅੰਡਰ ਬ੍ਰਿਜ ਵਿੱਚ ਬੰਦ ਹੋ ਗਏ। ਸ਼ਹਿਰ ਦੀਆਂ ਸੜਕਾਂ ’ਤੇ ਪਾਣੀ ਖੜ੍ਹਾ ਹੋਣ ਕਰ ਕੇ ਲੋਕਾਂ ਨੂੰ ਵਾਹਨ ਚਲਾਉਣ ਵਿੱਚ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ। ਮੀਂਹ ਕਰ ਕੇ ਹੱਲੋਮਜਾਰ ਵਿੱਚ ਸ਼ਥਿਤ ਘਰਾਂ ਵਿੱਚ ਪਾਣੀ ਦਾਖ਼ਲ ਹੋ ਗਿਆ ਹੈ। ਇਸ ਤੋਂ ਇਲਾਵਾ ਸ਼ਹਿਰ ਦੀਆਂ ਕਲੋਨੀਆਂ ਤੇ ਪਿੰਡਾਂ ਵਿੱਚ ਵੀ ਪਾਣੀ ਖੜ੍ਹਾ ਭਰ ਗਿਆ। ਮੀਂਹ ਕਰ ਕੇ ਪੰਜਾਬ ਯੂਨੀਵਰਸਿਟੀ ਵਿੱਚ ਵੀ ਸੜਕਾਂ ’ਤੇ ਪਾਣੀ ਭਰ ਗਿਆ ਹੈ।
ਨਿਗਮ ਵੱਲੋਂ ਸੜਕਾਂ ਪੁੱਟਣ ’ਤੇ ਪਾਬੰਦੀ ਦੇ ਹੁਕਮ
ਚੰਡੀਗੜ੍ਹ (ਕੁਲਦੀਪ ਸਿੰਘ): ਨਗਰ ਨਿਗਮ ਚੰਡੀਗੜ੍ਹ ਨੇ ਮੌਨਸੂਨ ਦੌਰਾਨ ਸੜਕ ਪੁੱਟਣ ’ਤੇ ਪਾਬੰਦੀ ਦੇ ਹੁਕਮ ਜਾਰੀ ਕੀਤੇ ਹਨ। ਮੀਂਹ ਦੇ ਦਿਨਾਂ ਵਿੱਚ ਕਿਸੇ ਵੀ ਪ੍ਰਾਈਵੇਟ ਕੰਪਨੀ, ਸਰਕਾਰੀ ਵਿਭਾਗ ਆਦਿ ਵੱਲੋਂ ਕੋਈ ਪਾਈਪਲਾਈਨ ਜਾਂ ਕੇਬਲ ਆਦਿ ਵਿਛਾਉਣ ਲਈ ਸੜਕਾਂ ਵਿੱਚ ਕੱਟ ਨਹੀਂ ਲਗਾਏ ਜਾ ਸਕਣਗੇ। ਨਿਗਮ ਕਮਿਸ਼ਨਰ ਅਮਿਤ ਕੁਮਾਰ ਵੱਲੋਂ ਜਾਰੀ ਇਹ ਹੁਕਮ ਪਹਿਲੀ ਜੁਲਾਈ ਤੋਂ 30 ਸਤੰਬਰ ਤੱਕ ਲਾਗੂ ਰਹਿਣਗੇ। ਇਸ ਦੌਰਾਨ ਐਮਰਜੈਂਸੀ ਕੰਮਾਂ ਨੂੰ ਛੱਡ ਕੇ ਚੰਡੀਗੜ੍ਹ ਭਰ ਵਿੱਚ ਕੋਈ ਵੀ ਸੜਕ ਪੁੱਟਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਪਹਿਲਾਂ ਚੱਲਦੇ ਕੰਮ ਇੱਕ ਹਫ਼ਤੇ ਦੇ ਅੰਦਰ ਬੰਦ ਕਰਨ ਦੇ ਹੁਕਮ ਦਿੱਤੇ ਗਏ ਹਨ। ਪ੍ਰਭਾਵਿਤ ਸੜਕਾਂ ਨੂੰ ਸਹੀ ਢੰਗ ਨਾਲ ਤਿਆਰ ਤੇ ਪੱਧਰਾ ਕਰਨ ਦੇ ਹੁਕਮ ਦਿੱਤੇ ਗਏ ਹਨ। ਨਿਗਮ ਨੇ ਸਾਰੇ ਸਬੰਧਤ ਵਿਭਾਗਾਂ, ਠੇਕੇਦਾਰਾਂ ਆਦਿ ਨੂੰ ਨਿਰਦੇਸ਼ਾਂ ਦੀ ਪਾਲਣਾ ਕਰਨ ਦੀ ਅਪੀਲ ਕੀਤੀ ਹੈ।
ਪ੍ਰਸ਼ਾਸਨ ਦੇ ਦਾਅਵਿਆਂ ਦੀ ਖੁੱਲ੍ਹੀ ਪੋਲ
ਯੂਟੀ ਪ੍ਰਸ਼ਾਸਨ ਵੱਲੋਂ ਮੌਨਸੂਨ ਦੀ ਆਮਦ ਤੋਂ ਪਹਿਲਾਂ ਸ਼ਹਿਰ ਦੀਆਂ ਰੋਡ ਗਲੀਆਂ ਖੋਲ੍ਹਣ ਅਤੇ ਹੋਰ ਮੁੱਢਲੇ ਪ੍ਰਬੰਧ ਕਰਨ ਦੇ ਵੱਡੇ-ਵੱਡੇ ਦਾਅਵੇ ਕੀਤੇ ਜਾ ਰਹੇ ਸਨ ਪਰ ਅੱਜ ਭਰਵੇਂ ਮੀਂਹ ਨੇ ਪ੍ਰਸ਼ਾਸਨ ਦੇ ਦਾਅਵਿਆਂ ਦੀ ਪੋਲ ਖੋਲ੍ਹ ਦਿੱਤੀ ਹੈ। ਸ਼ਹਿਰ ਦੀਆਂ ਰੋਡ ਗਲੀਆਂ ਦੀ ਸਫ਼ਾਈ ਨਾ ਹੋਣ ਕਰ ਕੇ ਸੜਕਾਂ ’ਤੇ ਪਾਣੀ ਭਰ ਗਿਆ। ਇਸ ਦੇ ਨਾਲ ਹੀ ਵੱਖ-ਵੱਖ ਮਾਰਕੀਟਾਂ ਦੀ ਪਾਰਕਿੰਗਾਂ ਵਿੱਚ ਵੀ ਗੰਦਗੀ ਦੇ ਢੇਰ ਲੱਗੇ ਹੋਏ ਸਨ।