ਯੂਟੀ ਦੇ ਸਰਕਾਰੀ ਤੇ ਨਿੱਜੀ ਕਾਲਜਾਂ ’ਚ ਦਾਖ਼ਲੇ ਸ਼ੁਰੂ
ਸੁਖਵਿੰਦਰ ਪਾਲ ਸੋਢੀ
ਚੰਡੀਗੜ੍ਹ, 13 ਜੂਨ
ਯੂਟੀ ਦੇ ਸਰਕਾਰੀ ਤੇ ਨਿੱਜੀ ਕਾਲਜਾਂ ਵਿਚ ਦਾਖ਼ਲੇ ਸ਼ੁਰੂ ਹੋ ਗਏ ਹਨ। ਇਸ ਵੇਲੇ ਸ਼ਹਿਰ ਦੇ ਕਾਲਜਾਂ ਵਿਚ 21,500 ਸੀਟਾਂ ’ਤੇ ਦਾਖ਼ਲੇ ਹੋਣਗੇ ਤੇ ਵਿਦਿਆਰਥੀ ਸਾਰੇ ਕੇਂਦਰੀਕ੍ਰਿਤ (ਸੈਂਟਰਲਾਈਜ਼) ਕੋਰਸਾਂ (ਬੀਬੀਏ, ਬੀਸੀਏ, ਬੀ.ਕਾਮ) ਲਈ ਦਾਖ਼ਲਾ ਫਾਰਮ ਹੁਣ ਤੋਂ 28 ਜੂਨ ਤੱਕ ਅਤੇ ਸਾਰੇ ਗੈਰ-ਕੇਂਦਰੀਕ੍ਰਿਤ (ਨਾਨ-ਸੈਂਟਰਲਾਈਜ਼) ਕੋਰਸਾਂ ਅਤੇ ਪੀਜੀ ਕੋਰਸਾਂ ਲਈ ਦਾਖ਼ਲਾ ਫਾਰਮ 4 ਜੁਲਾਈ ਤੱਕ ਜਮ੍ਹਾਂ ਕਰਵਾ ਸਕਦੇ ਹਨ। ਇਸ ਵਾਰ ਕਮੇਟੀ ਦੀ ਸਿਫਾਰਸ਼ ’ਤੇ ਚਾਰ ਸਾਲਾ ਆਨਰਜ਼ ਤੇ ਆਨਰਜ਼ ਖੋਜ ਨਾਲ ਵੱਖ-ਵੱਖ ਮੁੱਖ ਵਿਸ਼ੇ ਚੁਣਨ ਦੀ ਸਹੂਲਤ ਦਿੱਤੀ ਗਈ ਹੈ। ਬੀਐੱਸਸੀ ਲਈ ਸਿਰਫ਼ ਇਕ ਕਾਊਂਸਲਿੰਗ ਹੋਵੇਗੀ ਤੇ ਬੀਏ ਵਿਚ ਦਾਖ਼ਲੇ ਕਾਲਜ ਆਪਣੇ ਪੱਧਰ ’ਤੇ ਕਰਨਗੇ। ਇਨ੍ਹਾਂ ਦਾਖ਼ਲਿਆਂ ਸਬੰਧੀ ਪ੍ਰਾਸਪੈਕਟਸ ਅੱਜ ਉੱਚ ਸਿੱਖਿਆ ਡਾਇਰੈਕਟੋਰੇਟ ਵੱਲੋਂ ਮੁੱਖ ਸਕੱਤਰ ਰਾਜੀਵ ਵਰਮਾ, ਸਿੱਖਿਆ ਸਕੱਤਰ ਪ੍ਰੇਰਨਾ ਪੁਰੀ, ਡਾਇਰੈਕਟਰ ਹਾਇਰ ਐਜੂਕੇਸ਼ਨ ਰੁਬਿੰਦਰਜੀਤ ਸਿੰਘ ਬਰਾੜ ਨੇ ਜਾਰੀ ਕੀਤਾ। ਸ੍ਰੀ ਬਰਾੜ ਨੇ ਦੱਸਿਆ ਕਿ ਇਸ ਵਾਰ ਬੀਬੀਏ ਦੀਆਂ 240, ਬੀਸੀਏ ਦੀਆਂ 320, ਬੀ ਕਾਮ ਦੀਆਂ 700, ਬੀਏ ਦੀਆਂ 3000 ਤੇ ਬੀਐੱਸਸੀ ਦੀਆਂ 640 ਸੀਟਾਂ ਲਈ ਦਾਖ਼ਲੇ ਹੋਣਗੇ। ਉਨ੍ਹਾਂ ਦੱਸਿਆ ਕਿ ਸਰਕਾਰੀ ਕਾਲਜਾਂ ਵਿੱਚ ਅੰਡਰਗ੍ਰੈਜੂਏਟ ਕੋਰਸਾਂ ਦੀਆਂ ਸੀਟਾਂ ਵਿੱਚ ਕੋਈ ਬਦਲਾਅ ਨਹੀਂ ਕੀਤਾ ਗਿਆ। ਇਹ ਪ੍ਰਾਸਪੈਕਟਸ ਪੋਸਟ ਗਰੈਜੂਏਟ ਸਰਕਾਰੀ ਕਾਲਜ ਸੈਕਟਰ-11 ਵੱਲੋਂ ਪ੍ਰਿੰਸੀਪਲ ਰਮਾ ਅਰੋੜਾ ਦੀ ਅਗਵਾਈ ਹੇਠ ਤਿਆਰ ਕੀਤਾ ਗਿਆ ਹੈ। ਕਾਲਜਾਂ ਵਿਚ ਕੋਰਸਾਂ ਸਬੰਧੀ ਵਿਦਿਆਰਥੀ ਈ-ਮੇਲ dhechdhelpline@gmail.com ਅਤੇ 9888989927 (ਪ੍ਰੋਫੈਸਰ ਐੱਮਐੱਲ ਸ਼ਰਮਾ) ਨਾਲ ਸੰਪਰਕ ਕਰ ਸਕਦੇ ਹਨ। ਜ਼ਿਕਰਯੋਗ ਹੈ ਕਿ ਇਹ ਪ੍ਰਾਸਪੈਕਟਸ ਦੋ ਜੂਨ ਨੂੰ ਜਾਰੀ ਕੀਤਾ ਜਾਣਾ ਸੀ ਤੇ ਇਸ ਸਬੰਧੀ 30 ਮਈ ਨੂੰ ਯੂਨੀਵਰਸਿਟੀ ’ਚ ਮੀਟਿੰਗ ਵੀ ਹੋਈ ਸੀ ਪਰ ਯੂਨੀਵਰਸਿਟੀ ਵੱਲੋਂ ਕਈ ਕੋਰਸਾਂ ਨੂੰ ਮਨਜ਼ੂਰੀ ਨਹੀਂ ਦਿੱਤੀ ਗਈ ਸੀ ਜਿਸ ਕਾਰਨ ਦਾਖ਼ਲਿਆਂ ਦਾ ਅਮਲ ਕੁਝ ਦਿਨ ਰੋਕਣ ਦਾ ਫ਼ੈਸਲਾ ਲਿਆ ਗਿਆ ਸੀ।
ਵਿਦਿਆਰਥੀ 3 ਜੁਲਾਈ ਤੱਕ ਦੇ ਸਕਦੇ ਨੇ ਇਤਰਾਜ਼
ਡਾਇਰੈਕਟਰ ਨੇ ਦੱਸਿਆ ਕਿ ਕੇਂਦਰੀਕ੍ਰਿਤ ਕੋਰਸਾਂ ਲਈ ਵਿਦਿਆਰਥੀਆਂ ਦੀ ਸੂਚੀ ਪਹਿਲੀ ਜੁਲਾਈ ਨੂੰ ਜਾਰੀ ਕੀਤੀ ਜਾਵੇਗੀ ਤੇ ਜੇ ਇਸ ਸੂਚੀ ਵਿਚ ਖ਼ਾਮੀਆਂ ਰਹਿੰਦੀਆਂ ਹਨ ਤਾਂ ਵਿਦਿਆਰਥੀ ਇਸ ਸਬੰਧੀ ਸਪਿੱਕ ਨੂੰ 3 ਜੁਲਾਈ ਸ਼ਾਮ ਪੰਜ ਵਜੇ ਤਕ ਇਤਰਾਜ਼ ਦੇ ਸਕਦੇ ਹਨ। ਪ੍ਰੋਵਿਜ਼ਨਲ ਲਿਸਟ 7 ਜੁਲਾਈ ਨੂੰ ਸ਼ਾਮ ਵੇਲੇ ਜਾਰੀ ਕੀਤੀ ਜਾਵੇਗੀ ਤੇ ਵਿਦਿਆਰਥੀਆਂ ਨੂੰ ਕਾਲਜ 9 ਜੁਲਾਈ ਨੂੰ ਅਲਾਟ ਕਰ ਦਿੱਤੇ ਜਾਣਗੇ। ਜਨਰਲ ਵਰਗ ਵਿਚ ਯੂਟੀ ਪੂਲ ਤੇ ਜਨਰਲ ਪੂਲ ਲਈ ਪਹਿਲਾ ਆਨਲਾਈਨ ਦਾਖ਼ਲਾ ਸ਼ਡਿਊਲ 11 ਜੁਲਾਈ ਨੂੰ ਹੋਵੇਗਾ ਜਦਕਿ ਰਾਖਵੇਂ ਵਰਗ ਲਈ ਸਾਰੀਆਂ ਵਾਧੂ ਸੀਟਾਂ ’ਤੇ ਕਾਊਂਸਲਿੰਗ 12 ਜੁਲਾਈ ਨੂੰ ਹੋਵੇਗੀ। ਦੂਜੀ ਕਾਊਂਸਲਿੰਗ ਸਿਰਫ਼ ਬੀਬੀਏ, ਬੀਸੀਏ ਤੇ ਬੀਕਾਮ ਲਈ ਹੋਵੇਗੀ। ਗੈਰ-ਕੇਂਦਰੀਕ੍ਰਿਤ ਕੋਰਸਾਂ ਲਈ ਆਰਜ਼ੀ ਮੈਰਿਟ ਸੂਚੀ 12 ਜੁਲਾਈ ਨੂੰ ਜਾਰੀ ਹੋਵੇਗੀ ਤੇ ਦਾਖ਼ਲੇ 14 ਜੁਲਾਈ ਨੂੰ ਸ਼ੁਰੂ ਹੋਣਗੇ।