‘ਆਪ’ ਨੇ ਨਸ਼ਿਆਂ ਵਿਰੁੱਧ ਮੁਹਿੰਮ ’ਤੇ 500 ਕਰੋੜ ਉਜਾੜੇ: ਪੁਰਖਾਲਵੀ
ਦਰਸ਼ਨ ਸਿੰਘ ਸੋਢੀ
ਐੱਸਏਐੱਸ ਨਗਰ (ਮੁਹਾਲੀ), 18 ਮਈ
ਸਮਾਜ ਸੇਵੀ ਜਥੇਬੰਦੀ ਦਲਿਤ ਚੇਤਨਾ ਮੰਚ ਪੰਜਾਬ ਦੇ ਸੂਬਾਈ ਪ੍ਰਧਾਨ ਸ਼ਮਸ਼ੇਰ ਪੁਰਖਾਲਵੀ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਦੀ ਆੜ ਵਿੱਚ ਮਿਹਨਤਕਸ਼ ਕਿਰਤੀਆਂ ਦੇ ਢਾਰਿਆਂ ਨੂੰ ਢਾਉਣ ਦੇ ਨਾਲ-ਨਾਲ ਚਲਾਈ ਜਾ ਰਹੀ ‘ਨਸ਼ਾ ਮੁਕਤੀ ਯਾਤਰਾ’ ਮਹਿਜ਼ ਇੱਕ ਡਰਾਮਾ ਹੈ। ਇਹ ਪੰਜਾਬੀਆਂ ਦੀ ਖੂਨ ਪਸੀਨੇ ਦੀ ਕਮਾਈ ਦੀ ਬਰਬਾਦੀ ਤੋਂ ਇਲਾਵਾ ਕੁੱਝ ਵੀ ਨਹੀਂ।
ਦਲਿਤ ਆਗੂ ਨੇ ਕਿਹਾ ਪਿੰਡਾਂ ਦੀਆਂ ਤਮਾਮ ਸ਼ਾਮਲਾਟ ਜ਼ਮੀਨਾਂ ’ਤੇ ਅਸਰ ਰਸੂਖ਼ ਰੱਖਣ ਵਾਲੇ ਸਰਮਾਏਦਾਰ ਘਰਾਣਿਆਂ ਨੇ ਕਬਜ਼ੇ ਕੀਤੇ ਹੋਏ ਹਨ ਜਿਨ੍ਹਾਂ ਵਿਰੁੱਧ ਸਰਕਾਰ ਕਾਰਵਾਈ ਨਹੀਂ ਕਰ ਰਹੀ।
ਦਲਿਤ ਆਗੂ ਸ਼੍ਰੀ ਪੁਰਖਾਲਵੀ ਨੇ ਦਾਅਵਾ ਕੀਤਾ ਕਿ ਸਰਕਾਰ ਦੀ ਨਸ਼ਾ ਮੁਕਤੀ ਯਾਤਰਾ ਮਹਿਜ਼ ਇੱਕ ਵਿਖਾਵਾ ਹੈ ਜਿਸ ਦੀ ਆੜ ਵਿੱਚ ਲੋਕਾਂ ਦੇ ਪੈਸੇ ਦੀ ਨਾਜਾਇਜ਼ ਬਰਬਾਦੀ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਨਸ਼ਿਆਂ ਵਿਰੁੱਧ ਛੇੜੀ ਗਈ ਮੁਹਿੰਮ ਉੱਤੇ ਮਹਿਜ਼ 75 ਦਿਨਾਂ ਵਿੱਚ ਹੀ 500 ਕਰੋੜ ਤੋਂ ਵਧੇਰੇ ਖ਼ਰਚਾ ਕੀਤਾ ਜਾ ਚੁੱਕਾ ਹੈ ਜਦੋਂਕਿ ਨਸ਼ਾ ਖ਼ਤਮ ਹੋਣ ਦੀ ਬਜਾਇ ਵਧਦਾ ਹੀ ਜਾ ਰਿਹਾ ਹੈ।
ਦਲਿਤ ਆਗੂ ਪੁਰਖਾਲਵੀ ਨੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਕਿ ਸੁਪਰੀਮ ਕੋਰਟ ਦੇ ਸੇਵਾਮੁਕਤ ਜੱਜਾਂ ਦਾ ਪੈਨਲ ਬਣਾ ਕੇ ਨਸ਼ਿਆਂ ਵਿਰੁੱਧ ਛੇੜੀ ਜੰਗ ਤੇ ਮਜੀਠਾ ਕਾਂਡ ਦੀ ਜਾਂਚ ਕਰਵਾਈ ਜਾਵੇ।