ਕੀਮਾਵਾਸ ’ਚ ਚੋਅ ਕੰਢੇ 10 ਲੱਖ ਨਾਲ ਡੰਗਾ ਲਾਇਆ
ਪੱਤਰ ਪ੍ਰੇਰਕ
ਨੂਰਪੁਰ ਬੇਦੀ, 17 ਜੂਨ
ਵਿਧਾਇਕ ਦਿਨੇਸ਼ ਚੱਢਾ ਵੱਲੋਂ ਹਲਕੇ ਦੇ ਵੱਖ-ਵੱਖ ਪਿੰਡਾਂ ਵਿੱਚ ’ਚ ਮੌਨਸੂਨ ਦੇ ਸੀਜ਼ਨ ਨੂੰ ਦੇਖਦਿਆਂ ਲੋੜੀਂਦੇ ਪ੍ਰਬੰਧ ਕੀਤੇ ਜਾ ਰਹੇ ਹਨ। ਇਸੇ ਤਹਿਤ ਬਰਸਾਤੀ ਮੌਸਮ ਤੋਂ ਪਹਿਲਾਂ ਖੱਡਾਂ ਅਤੇ ਚੋਈਆਂ ਦੇ ਕੰਢਿਆਂ ’ਤੇ ਡੰਗੇ ਲਗਾਉਣ ਦਾ ਕੰਮ ਜਾਰੀ ਹੈ। ਪਿੰਡ ਕੀਮਾਵਾਸ ਵਿੱਚ ਕਰੀਬ ਦਸ ਲੱਖ ਰੁਪਏ ਦੀ ਲਾਗਤ ਨਾਲ ਕ੍ਰੀਏਟ ਵਾਇਰ ਦੀ ਸਹਾਇਤਾ ਨਾਲ ਬਰਸਾਤੀ ਪਾਣੀ ਦੀ ਰੋਕਥਾਮ ਲਈ 120 ਫੁੱਟ ਲੰਬਾ ਡੰਗਾ ਲਗਾਇਆ ਗਿਆ ਹੈ।
ਡਰੇਨੇਜ਼ ਵਿਭਾਗ ਦੇ ਐੱਸਡੀਓ ਗੁਰਜੀਤ ਸਿੰਘ ਨੇ ਦੱਸਿਆ ਕਿ ਇਹ ਕਾਰਜ ਵਿਧਾਇਕ ਚੱਢਾ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਹੋਇਆ ਹੈ। ਉਨ੍ਹਾਂ ਕਿਹਾ ਕਿ ਇਲਾਕੇ ਦੇ ਹੋਰ ਪਿੰਡਾਂ ਵਿੱਚ ਵੀ ਹੜ੍ਹ ਤੋਂ ਬਚਾਅ ਲਈ ਲੋੜੀਂਦੇ ਪ੍ਰਬੰਧ ਕੀਤੇ ਜਾ ਰਹੇ ਹਨ। ਇਸ ਕਾਰਜ ਲਈ ਪਿੰਡ ਵਾਸੀਆਂ ਨੇ ਵਿਧਾਇਕ ਚੱਢਾ ਦਾ ਧੰਨਵਾਦ ਕਰਦਿਆਂ ਕਿਹਾ ਕਿ ਪਹਿਲਾਂ ਇੱਥੇ ਡੰਗਾ ਨਾ ਹੋਣ ਕਰ ਕੇ ਬਰਸਾਤੀ ਪਾਣੀ ਘਰਾਂ ਵਿੱਚ ਦਾਖ਼ਲ ਹੋ ਜਾਂਦਾ ਸੀ। ਜਿਸ ਕਾਰਨ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਸੀ। ਉਨ੍ਹਾਂ ਕਿਹਾ ਕਿ ਵਿਧਾਇਕ ਦੇ ਯਤਨਾਂ ਨਾਲ ਲੋਕਾਂ ਨੂੰ ਹੜ੍ਹ ਦੇ ਨੁਕਸਾਨ ਤੋਂ ਰਾਹਤ ਮਿਲੇਗੀ।